ਓਮਾਨ ਤੱਟ 'ਤੇ ਤੇਲ ਟੈਂਕਰ 'ਤੇ ਅਮਰੀਕੀ ਹਮਲਾ: 3 ਭਾਰਤੀ ਲਾਪਤਾ, ਭਾਰਤ ਨੇ ਅਮਰੀਕੀ ਰਾਜਦੂਤ ਨੂੰ ਕੀਤਾ ਤਲਬ

Thursday, Jun 11, 2026 - 12:35 AM (IST)

ਓਮਾਨ ਤੱਟ 'ਤੇ ਤੇਲ ਟੈਂਕਰ 'ਤੇ ਅਮਰੀਕੀ ਹਮਲਾ: 3 ਭਾਰਤੀ ਲਾਪਤਾ, ਭਾਰਤ ਨੇ ਅਮਰੀਕੀ ਰਾਜਦੂਤ ਨੂੰ ਕੀਤਾ ਤਲਬ

ਨਵੀਂ ਦਿੱਲੀ : ਓਮਾਨ ਦੇ ਤੱਟ ਨੇੜੇ ਇੱਕ ਵਪਾਰਕ ਤੇਲ ਟੈਂਕਰ 'ਤੇ ਹਮਲਾ ਹੋਇਆ ਹੈ। ਇਸ ਜਹਾਜ਼ 'ਤੇ ਕੁੱਲ 28 ਲੋਕ ਸਵਾਰ ਸਨ। ਜਿਨ੍ਹਾਂ ਵਿਚੋਂ 24 ਭਾਰਤੀ ਸਨ। ਦੁੱਖ ਦੀ ਗੱਲ ਇਹ ਹੈ ਕਿ ਇਸ ਹਮਲੇ ਤੋਂ ਬਾਅਦ 3 ਭਾਰਤੀ ਲਾਪਤਾ ਦੱਸੇ ਜਾ ਰਹੇ ਹਨ। ਜਦਕਿ 21 ਭਾਰਤੀਆਂ ਨੂੰ ਸਫਲਤਾਪੂਰਵਕ ਬਚਾਅ ਲਿਆ ਗਿਆ ਹੈ। ਇਹ ਘਟਨਾ 10 ਜੂਨ ਦੀ ਹੈ। ਭਾਰਤ ਨੇ ਇਸ ਹਮਲੇ ਦੀ ਕੜੀ ਨਿੰਦਾ ਕੀਤੀ ਹੈ।

ਜਿਸ ਜਹਾਜ਼ 'ਤੇ ਹਮਲਾ ਹੋਇਆ ਉਸ ਦਾ ਨਾਂ 'ਸੈਟੇਬੇਲੋ' (Settebello)  ਹੈ, ਜੋ ਪਲਾਊ (Palau) ਦੇਸ਼ ਵਿੱਚ ਰਜਿਸਟਰਡ ਸੀ, ਓਮਾਨ ਦੇ ਸੋਹਰ ਬੰਦਰਗਾਹ ਤੋਂ ਲਗਭਗ 20 ਨੌਟੀਕਲ ਮੀਲ ਦੂਰ ਸੀ। ਓਮਾਨ ਦੀ ਜਲ ਸੈਨਾ ਵੱਲੋਂ ਚਲਾਏ ਗਏ ਬਚਾਅ ਕਾਰਜ ਦੌਰਾਨ 21 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 3 ਭਾਰਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਅਮਰੀਕਾ) ਨਾਗਰਾਜ ਨਾਇਡੂ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਭਾਰਤ ਨੇ ਸਮੁੰਦਰ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਮੰਤਰਾਲੇ ਨੇ ਕਿਹਾ ਕਿ ਖੇਤਰ ਵਿੱਚ ਚੱਲ ਰਹੇ ਭੂ-ਰਾਜਨੀਤਿਕ ਤਣਾਅ ਕਾਰਨ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਚਿੰਤਾਜਨਕ ਹੈ ਅਤੇ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

ਇਸ ਦੌਰਾਨ ਭਾਰਤ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਅਮਰੀਕੀ ਚਾਰਜ ਡੀ ਅਫੇਅਰਜ਼ ਨੂੰ ਤਲਬ ਕੀਤਾ ਅਤੇ ਇਸ ਮਾਮਲੇ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ (ਅਮਰੀਕਾ) ਨਾਗਰਾਜ ਨਾਇਡੂ ਨੇ ਟੈਂਕਰ 'ਸੇਟੇਬੇਲੋ' 'ਤੇ ਹਮਲੇ ਤੋਂ ਬਾਅਦ ਅਮਰੀਕੀ ਚਾਰਜ ਡੀ ਅਫੇਅਰਜ਼ ਜੇਸਨ ਮੀਕਸ ਨੂੰ ਤਲਬ ਕੀਤਾ। ਭਾਰਤ ਨੇ ਜਹਾਜ਼ 'ਤੇ ਹਮਲੇ ਦੀ ਨਿੰਦਾ ਕੀਤੀ ਅਤੇ ਸਮੁੰਦਰ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ। ਅਮਰੀਕੀ ਕੇਂਦਰੀ ਕਮਾਂਡ ਨੇ ਹਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪੱਛਮੀ ਏਸ਼ੀਆ ਵਿੱਚ ਅਸਥਿਰ ਸੁਰੱਖਿਆ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ, ਭਾਰਤ ਨੇ ਇਸ ਸਮੁੰਦਰੀ ਹਮਲੇ ਨੂੰ ਸਿੱਧੇ ਤੌਰ 'ਤੇ ਖੇਤਰ ਵਿੱਚ ਮੌਜੂਦ ਵਿਆਪਕ ਭੂ-ਰਾਜਨੀਤਿਕ ਤਣਾਅ ਨਾਲ ਜੋੜਿਆ ਹੈ।


author

Inder Prajapati

Content Editor

Related News