ਸਿੰਧੀਆ ਦੇ ਭਾਜਪਾ ''ਚ ਸ਼ਾਮਲ ਹੋਣ ਤੋਂ ਬਾਅਦ 25 ਵਿਧਾਇਕਾਂ ਨੇ ਕਾਂਗਰਸ ਛੱਡਿਆ
Thursday, Aug 20, 2020 - 03:20 AM (IST)

ਛਿੰਦਵਾੜਾ - ਮੱਧ ਪ੍ਰਦੇਸ਼ 'ਚ ਜੋਤੀਰਾਦਿਤਿਆ ਸਿੰਧੀਆ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਤੋਂ ਮੱਧ ਪ੍ਰਦੇਸ਼ ਦੇ 230 ਮੈਂਬਰੀ ਸਦਨ 'ਚ 25 ਵਿਧਾਇਕਾਂ ਨੇ ਪਿਛਲੇ ਕੁੱਝ ਮਹੀਨਿਆਂ 'ਚ ਕਾਂਗਰਸ ਅਤੇ ਉਸ ਦੀ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਇਸ ਨੂੰ ਲੈ ਕੇ ਪਾਰਟੀ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਲੋਕ ਪਾਰਟੀ ਨੂੰ ਧੋਖਾ ਦੇਣ ਵਾਲਿਆਂ ਨੂੰ ਸਬਕ ਸਿਖਾਉਣਗੇ। ਦੱਸ ਦਈਏ ਕਿ ਸੂਬੇ 'ਚ ਛੇਤੀ ਹੀ ਉਪ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਪਾਰਟੀ ਕੀ ਰਣਨੀਤੀ ਬਣਾ ਰਹੀ ਹੈ?ਇਹ ਸਵਾਲ ਪੁੱਛੇ ਜਾਣ 'ਤੇ ਦਿਗਵਿਜੇ ਨੇ ਇਹ ਜਵਾਬ ਦਿੱਤਾ।
ਦਿਗਵਿਜੇ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਲੋਕ ਪਾਰਟੀ ਨੂੰ ਧੋਖਾ ਦੇਣ ਵਾਲਿਆਂ ਨੂੰ ਸਬਕ ਸਿਖਾਉਣਗੇ। ਹਾਲਾਂਕਿ, ਉਨ੍ਹਾਂ ਨੇ ਇਸ ਦੌਰਾਨ ਕਿਸੇ ਦਾ ਨਾਮ ਨਹੀਂ ਲਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਮੱਧ ਪ੍ਰਦੇਸ਼ ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ 'ਤੇ ਪੂਰਾ ਭਰੋਸਾ ਹੈ ਅਤੇ ਪਾਰਟੀ ਲਈ ਉਨ੍ਹਾਂ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਾਰਟੀ ਛੱਡ ਕੇ ਜਾਣ ਵਾਲੇ ਨੇਤਾਵਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਪਾਰਟੀ ਤੋਂ ਵੱਧ ਕੇ ਉਨ੍ਹਾਂ ਲਈ ਕੁੱਝ ਨਹੀਂ ਹੈ। ਆਪਣਾ ਹੋਵੇ ਜਾਂ ਦੂਜੇ ਦਾ, ਭਾਵੇ ਪੁੱਤਰ ਜੈਵਰਧਨ ਸਿੰਘ ਹੋਵੇ ਜਾਂ ਭਰਾ ਲਕਸ਼ਮਣ ਸਿੰਘ ਕਾਂਗਰਸ ਛੱਡ ਕੇ ਭਾਜਪਾ ਜਾਂ ਕਿਸੇ ਹੋਰ ਪਾਰਟੀ 'ਚ ਜਾਣ ਵਾਲੇ ਨੂੰ ਚੋਣ ਹਰਾਉਣ ਲਈ ਉਹ ਪੂਰੀ ਤਾਕਤ ਨਾਲ ਕੰਮ ਕਰਨਗੇ। ਦਿਗਵਿਜੇ ਨੇ ਕਿਹਾ ਸੀ ਕਿ ਉਨ੍ਹਾਂ ਦੇ ਭਰਾ ਲਕਸ਼ਮਣ ਸਿੰਘ ਨੇ ਵੀ ਇਕ ਵਾਰ ਕਾਂਗਰਸ ਛੱਡੀ ਸੀ ਅਤੇ ਭਾਜਪਾ 'ਚ ਚਲੇ ਗਏ ਸਨ। ਉਦੋਂ ਉਨ੍ਹਾਂ ਨੇ ਉਨ੍ਹਾਂ ਖਿਲਾਫ ਵੀ ਕੰਮ ਕੀਤਾ ਸੀ।