ਦਿੱਲੀ ’ਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ 21 ਜਨਵਰੀ ਆਖਰੀ ਦਿਨ

Monday, Jan 20, 2020 - 08:13 PM (IST)

ਦਿੱਲੀ ’ਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ 21 ਜਨਵਰੀ ਆਖਰੀ ਦਿਨ

ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ਦੀਆਂ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ 21 ਜਨਵਰੀ ਦਾ ਇਕ ਦਿਨ ਹੀ ਬਾਕੀ ਰਹਿ ਗਿਆ ਹੈ ਪਰ ਭਾਜਪਾ ਅਤੇ ਨਾਲ ਹੀ ਕਾਂਗਰਸ ਨੇ ਸੋਮਵਾਰ ਰਾਤ ਦੇਰ ਗਏ ਤੱਕ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਸੀ। ਭਾਜਪਾ 57 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। 2 ਸੀਟਾਂ ਲਈ ਉਸ ਦਾ ਜਨਤਾ ਦਲ (ਯੂ) ਨਾਲ ਸਮਝੌਤਾ ਹੋਇਆ ਹੈ। ਬਾਕੀ ਦੇ 11 ਹਲਕਿਆਂ ਲਈ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਅਜੇ ਕਰਨਾ ਹੈ। ਭਾਜਪਾ ਨੇ ਨਵੀਂ ਦਿੱਲੀ ਸੀਟ ਤੋਂ ਆਪਣੇ ਉਮੀਦਵਾਰ ਬਾਰੇ ਫੈਸਲਾ ਅਜੇ ਕਰਨਾ ਹੈ। ਇਥੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਹਨ।

ਕਾਂਗਰਸ ਵਲੋਂ ਸ਼ੀਲਾ ਦੀਕਸ਼ਿਤ ਦੀ ਬੇਟੀ ਲਤਿਕਾ ਦੀਕਸ਼ਿਤ ਨੂੰ ਕੇਜਰੀਵਾਲ ਵਿਰੁੱਧ ਉਮੀਦਵਾਰ ਬਣਾਏ ਜਾਣ ਦੀ ਚਰਚਾ ਸੀ ਪਰ ਦੱਸਿਆ ਜਾਂਦਾ ਹੈ ਕਿ ਲਤਿਕਾ ਚੋਣ ਲੜਨ ਦੇ ਮੂਡ ਵਿਚ ਨਹੀਂ ਹੈ। ਭਾਜਪਾ ਵਲੋਂ ਕਪਿਲ ਮਿਸ਼ਰਾ ਦੇ ਨਾਂ ਦੀ ਚਰਚਾ ਸ਼ੁਰੂ ਹੋਈ ਸੀ ਪਰ ਹੁਣ ਮਿਸ਼ਰਾ ਨੂੰ ਪਾਰਟੀ ਨੇ ਮਾਡਲ ਟਾਊਨ ਤੋਂ ਟਿਕਟ ਦਿੱਤੀ ਹੈ। ਮਿਸ਼ਰਾ ਪਿਛਲੀ ਵਾਰ ‘ਆਪ’ ਦੀ ਟਿਕਟ ਤੋਂ ਕਰਾਵਲ ਨਗਰ ਤੋਂ ਜਿੱਤੇ ਸਨ। ਕੇਜਰੀਵਾਲ ਦੇ ਮੁਕਾਬਲੇ ’ਤੇ ਭਾਜਪਾ ਵਲੋਂ ਸ਼ਾਜ਼ੀਆ ਇਲਮੀ ਅਤੇ ਨੁਪੁਰ ਸ਼ਰਮਾ ਦੇ ਨਾਂ ਦੀ ਚਰਚਾ ਚੱਲ ਰਹੀ ਹੈ।

ਕੇਜਰੀਵਾਲ ਅੱਜ ਕਰਨਗੇ ਕਾਗਜ਼ ਦਾਖਲ
ਅਰਵਿੰਦ ਕੇਜਰੀਵਾਲ ਸੋਮਵਾਰ ਰੋਡ ਸ਼ੋਅ ਕਾਰਣ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕਰ ਰਹੇ ਸਨ। ਉਹ ਹੁਣ ਮੰਗਲਵਾਰ ਨੂੰ ਇਹ ਕਾਗਜ਼ ਦਾਖਲ ਕਰਨਗੇ। ਸੋਮਵਾਰ ਜਿਸ ਸਮੇਂ ਕੇਜਰੀਵਾਲ ਇਕ ਰੋਡ ਸ਼ੋਅ ਰਾਹੀਂ ਕਾਗਜ਼ ਦਾਖਲ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰੋਡ ਸ਼ੋਅ ਕਾਰਣ ਰਿਟਰਨਿੰਗ ਅਫਸਰ ਦੇ ਦਫਤਰ ਤੱਕ ਪਹੁੰਚਦਿਆਂ ਦੇਰੀ ਹੋ ਗਈ।


author

Inder Prajapati

Content Editor

Related News