2024 : ਕਾਂਗਰਸ ਨਾਲ ਸੀਟਾਂ ਦੀ ਵੰਡ ਦੀ ਚਾਹਵਾਨ ਨਜ਼ਰ ਆ ਰਹੀ ‘ਆਪ’

Wednesday, Apr 19, 2023 - 02:10 PM (IST)

2024 : ਕਾਂਗਰਸ ਨਾਲ ਸੀਟਾਂ ਦੀ ਵੰਡ ਦੀ ਚਾਹਵਾਨ ਨਜ਼ਰ ਆ ਰਹੀ ‘ਆਪ’

ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੇ ਸੰਕੇਤ ਦਿੱਤਾ ਹੈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਸੀਟਾਂ ਦੀ ਐਡਜਸਟਮੈਂਟ ਕਰਨ ਦੇ ਵਿਰੁੱਧ ਨਹੀਂ ਹੈ। ਕਾਂਗਰਸ ਨਾਲ ਕੋਈ ਵੀ ਸਬੰਧ ਨਾ ਰੱਖਣ ਦੇ ਆਪਣੇ ਪੁਰਾਣੇ ਸਟੈਂਡ ਤੋਂ ਹਟਦਿਆਂ ‘ਆਪ’ ਦੀ ਲੀਡਰਸ਼ਿਪ ਵਿਰੋਧੀ ਏਕਤਾ ਦੇ ਵੱਡੇ ਹਿੱਤ ਵਿੱਚ ਕੰਮ ਕਰਨ ਦੀ ਚਾਹਵਾਨ ਜਾਪਦੀ ਹੈ। ਜੇ ਦੋਹਾਂ ਪਾਰਟੀਆਂ ਦੇ ਸੂਤਰਾਂ ਦੀ ਮੰਨੀਏ ਤਾਂ ‘ਆਪ’ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ’ਚੋਂ 3 ਦੀ ਕੁਰਬਾਨੀ ਦੇ ਸਕਦੀ ਹੈ। ਨਾਲ ਸ਼ਰਤ ਇਹ ਵੀ ਹੈ ਕਿ ਕਾਂਗਰਸ ਪੰਜਾਬ ਅਤੇ ਹੋਰ ਸੂਬਿਆਂ ਦੀ ਸਿਆਸੀ ਸੱਚਾਈ ਨੂੰ ਸਵੀਕਾਰ ਕਰੇ।

ਪੰਜਾਬ ਦਾ ਮਸਲਾ ਔਖਾ ਹੈ, ਜਿੱਥੇ 2019 ਵਿਚ ਕਾਂਗਰਸ ਨੇ 8 ਲੋਕ ਸਭਾ ਸੀਟਾਂ ਜਿੱਤੀਆਂ ਸਨ ਪਰ ‘ਆਪ’ ਇਕ ਹੀ ਜਿੱਤ ਸਕੀ ਸੀ । ਬਾਕੀ ਦੀਆਂ 4 ਸੀਟਾਂ ਭਾਜਪਾ-ਅਕਾਲੀ ਦਲ ਦੇ ਹਿੱਸੇ ਆਈਆਂ ਸਨ। ਅਸਲ ਝਟਕਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੱਗਾ ਜਦੋਂ ‘ਆਪ’ ਨੇ ਕਾਂਗਰਸ ਅਤੇ ਅਕਾਲੀ ਦਲ (ਬਾਦਲ) ਨੂੰ ਹਰਾਇਆ। ‘ਆਪ’ ਹੁਣ ਪੰਜਾਬ ਦੀਆਂ ਜ਼ਿਆਦਾ ਲੋਕ ਸਭਾ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ। ਇਸ ਮੁੱਦੇ ਨੂੰ ਸੁਲਝਾਉਣ ’ਚ ਸਮਾਂ ਲੱਗ ਸਕਦਾ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ 2024 ਦੀਆਂ ਲੋਕ ਸਭਾ ਚੋਣਾਂ ਲਈ ਇੱਕੋ ਜਿਹੀ ਸੋਚ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਉਨ੍ਹਾਂ ਖੁੱਲ੍ਹ ਕੇ ਕਿਹਾ ਹੈ ਕਿ ਤੁਹਾਡੀ ਆਪਣੀ ਸੋਚ ਹੈ ਅਤੇ ਸਾਡੀ ਆਪਣੀ ਹੈ। ਅਸੀਂ ਇਕ ਘੱਟੋ-ਘੱਟ ਪ੍ਰੋਗਰਾਮ ਬਣਾਉਣ ਅਤੇ ਉਸ ’ਤੇ ਸਹਿਮਤ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਅਸੀਂ ਭਾਜਪਾ ਨੂੰ ਹਰਾ ਸਕੀਏ। ਕਾਂਗਰਸ ਨੇ ਜਿਸ ਤਰ੍ਹਾਂ ਅਜੇ ਮਾਕਨ ਨੂੰ ਤਾੜਨਾ ਕੀਤੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਪਾਰਟੀ ‘ਆਪ’ ਨਾਲ ਗੱਲਬਾਤ ਨੂੰ ਲੈ ਕੇ ਗੰਭੀਰ ਹੈ।

ਜਲੰਧਰ ਲੋਕ ਸਭਾ ਦੀ ਉਪ ਚੋਣ ਦੇ ਨਤੀਜਿਆਂ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ‘ਆਪ’ ਦਾ ਸਟੈਂਡ ਸਪੱਸ਼ਟ ਹੈ ਕਿ ਉਹ ਉਨ੍ਹਾਂ ਸੂਬਿਆਂ ’ਚ ਸੀਮਤ ਗਿਣਤੀ ’ਚ ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ, ਜਿੱਥੇ ਉਸ ਦਾ ਜਨ-ਆਧਾਰ ਹੈ। ‘ਆਪ’ ਨੇ 2014 ’ਚ 434 ਲੋਕ ਸਭਾ ਸੀਟਾਂ ’ਤੇ ਚੋਣ ਲੜੀ ਸੀ ਪਰ 2019 ’ਚ ਉਸ ਨੇ ਸੀਮਤ ਸੀਟਾਂ ’ਤੇ ਚੋਣ ਲੜੀ ਸੀ।


author

Rakesh

Content Editor

Related News