ਪਾਕਿਸਤਾਨੀ ਕੂੜ ਪ੍ਰਚਾਰ ਖ਼ਿਲਾਫ਼ ਭਾਰਤ ਦੀ ਵੱਡੀ ਕਾਰਵਾਈ, 20 ਯੂ-ਟਿਊਬ ਚੈਨਲਾਂ ਤੋਂ ਬਾਅਦ 2 ਵੈੱਬਸਾਈਟਾਂ ਬਲਾਕ
Wednesday, Dec 22, 2021 - 11:55 PM (IST)
ਨਵੀਂ ਦਿੱਲੀ - ਪਾਕਿਸਤਾਨ ਦੇ ਕੂੜ ਪ੍ਰਚਾਰ ਦੇ ਖਿਲਾਫ ਭਾਰਤ ਨੇ ਸਖਤ ਕਾਰਵਾਈ ਕੀਤੀ ਹੈ। ਭਾਰਤ ਦੇ ਖਿਲਾਫ ਕੂੜ ਪ੍ਰਚਾਰ ਅਤੇ ਫੇਕ ਨਿਊਜ਼ ਫੈਲਾਉਣ ਦੇ ਮਾਮਲੇ ’ਚ 20 ਪਾਕਿਸਤਾਨੀ ਯੂ-ਟਿਊਬ ਚੈਨਲਾਂ ਤੋਂ ਬਾਅਦ 2 ਵੈੱਬਸਾਈਟਸ ਨੂੰ ਬਲਾਕ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਖੁਫੀਆ ਏਜੰਸੀਆਂ ਦੇ ਤਾਲਮੇਲ ’ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਇੰਟਰਨੈੱਟ ’ਤੇ ਭਾਰਤ ਵਿਰੋਧੀ ਪ੍ਰਚਾਰ ਅਤੇ ਫਰਜ਼ੀ ਖਬਰਾਂ (ਫੇਕ ਨਿਊਜ਼) ਫੈਲਾਉਣ ਵਾਲੇ 20 ਯੂ-ਟਿਊਬ ਚੈਨਲਾਂ ਅਤੇ 2 ਵੈੱਬਸਾਈਟਾਂ ਨੂੰ ਬੈਨ ਕਰ ਦਿੱਤਾ। ਇਹ ਚੈਨਲ ਅਤੇ ਵੈੱਬਸਾਈਟ ਪਾਕਿਸਤਾਨ ਤੋਂ ਸੰਚਾਲਿਤ ਹੋ ਰਹੇ ਸਨ ਅਤੇ ਭਾਰਤ ਨਾਲ ਸਬੰਧਤ ਵੱਖ-ਵੱਖ ਸੰਵੇਦਨਸ਼ੀਲ ਵਿਸ਼ਿਆਂ ਬਾਰੇ ’ਚ ਫਰਜ਼ੀ ਖਬਰਾਂ ਫੈਲਾ ਰਹੇ ਸਨ।
ਭਾਰਤ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਅੱਗੇ ਕਿਹਾ ਗਿਆ ਕਿ ਇਨ੍ਹਾਂ ਯੂ-ਟਿਊਬ ਚੈਨਲਾਂ ਅਤੇ ਵੈੱਬਸਾਈਟਸ ਦੀ ਵਰਤੋਂ ਕਸ਼ਮੀਰ, ਭਾਰਤੀ ਫੌਜ, ਭਾਰਤ ’ਚ ਘੱਟ ਗਿਣਤੀ ਭਾਈਚਾਰਿਆਂ, ਰਾਮ ਮੰਦਰ, ਸੀ. ਡੀ. ਐੱਸ. ਜਨਰਲ ਬਿਪਿਨ ਰਾਵਤ ਆਦਿ ਵਰਗੇ ਵਿਸ਼ਿਆਂ ’ਤੇ ਦੁਰਭਾਵਨਾ ਨਾਲ ਭਰੇ ਕੰਟੈਂਟ ਪੋਸਟ ਕਰਨ ਲਈ ਕੀਤੀ ਗਈ ਸੀ।
ਇਨ੍ਹਾਂ ਯੂ-ਟਿਊਬ ਚੈਨਲਾਂ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ, ਨਾਗਰਿਕਤਾ ਕਾਨੂੰਨ ਦੇ ਖਿਲਾਫ ਵਿਰੋਧ ਵਰਗੇ ਮੁੱਦਿਆਂ ’ਤੇ ਵੀ ਕੰਟੈਂਟ ਪੋਸਟ ਕੀਤੇ ਸਨ। ਇਨ੍ਹਾਂ ਦੇ ਮਾਧਿਅਮ ਨਾਲ ਸਰਕਾਰ ਦੇ ਖਿਲਾਫ ਘੱਟ ਗਿਣਤੀ ਭਾਈਚਾਰਿਆਂ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਹੋ ਰਹੀ ਸੀ। ਇਹ ਵੀ ਸ਼ੱਕ ਸੀ ਕਿ ਇਨ੍ਹਾਂ ਚੈਨਲਾਂ ਦੀ ਵਰਤੋਂ 5 ਸੂਬਿਆਂ ’ਚ ਅਗਲੀਆਂ ਚੋਣਾਂ ਦੀ ਲੋਕਤੰਤਰਿਕ ਪਕਿਰਿਆ ਨੂੰ ਕਮਜ਼ੋਰ ਕਰਨ ਲਈ ਕੰਟੈਂਟ ਪੋਸਟ ਕਰਨ ਲਈ ਹੋ ਸਕਦੀ ਸੀ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਸ ਨੂੰ ਲੈ ਕੇ ਕਿਹਾ ਕਿ ਫੇਕ ਨਿਊਜ਼ ਦੇ ਜਰੀਏ ਦੇਸ਼ ’ਚ ਡਰ ਅਤੇ ਸ਼ਸ਼ੋਪੰਜ ਦੀ ਸਥਿਤੀ ਫੈਲਾਉਣ ਦੀ ਕੋਸ਼ਿਸ਼ ਕੁੱਝ ਪੋਰਟਲ ਅਤੇ ਵੈੱਬਸਾਈਟ ਦੇ ਜਰੀਏ ਕੀਤੀ ਜਾ ਰਹੀ ਸੀ, ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ। ‘ਨਿਊ ਪਾਕਿਸਤਾਨ’ ਗਰੁੱਪ ਦੇ ਜਰੀਏ ਚੱਲਣ ਵਾਲੇ ਲਗਭਗ 15 ਯੂ-ਟਿਊਬ ਚੈਨਲ, 5 ਹੋਰ ਯੂ-ਟਿਊਬ ਚੈਨਲ ਅਤੇ 2 ਵੈੱਬ ਪੋਰਟਲਾਂ ’ਤੇ ਕਾਰਵਾਈ ਕੀਤੀ ਗਈ ਹੈ, ਜੋ ਕਾਨੂੰਨ ਦੀ ਉਲੰਘਣਾ ਕਰ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।