ਭਾਰਤੀ ਮਛੇਰਿਆਂ ’ਤੇ ਸ਼੍ਰੀਲੰਕਾਈ ਨਾਗਰਿਕਾਂ ਵੱਲੋਂ ਹਮਲਾ, 20 ਜ਼ਖਮੀ
Saturday, May 03, 2025 - 08:55 PM (IST)

ਨਾਗਪੱਟੀਨਮ, (ਯੂ. ਐੱਨ. ਆਈ.)- ਤਾਮਿਲਨਾਡੂ ਦੇ ਨਾਗਪੱਟੀਨਮ ਜ਼ਿਲੇ ਦੇ ਸਮੁੰਦਰ ਵਿਚ ਮਛੇਰਿਆਂ ਨੂੰ ਲੈ ਕੇ ਜਾ ਰਹੀ ਉਨ੍ਹਾਂ ਦੀ ਕਿਸ਼ਤੀ ’ਤੇ ਅਣਪਛਾਤੇ ਸ਼੍ਰੀਲੰਕਾਈ ਨਾਗਰਿਕਾਂ ਨੇ ਕਥਿਤ ਤੌਰ ’ਤੇ ਹਮਲਾ ਕੀਤਾ ਅਤੇ ਲੁੱਟ-ਖੋਹ ਕੀਤੀ, ਜਿਸ ਕਾਰਨ 20 ਮਛੇਰੇ ਜ਼ਖਮੀ ਹੋ ਗਏ।
ਮਛੇਰਿਆਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਨਾਗਪੱਟੀਨਮ ਵਿਚ ਕੋਡਿਆਕਰਾਈ ਤੱਟ ਤੋਂ ਕੁਝ ਸਮੁੰਦਰੀ ਮੀਲ ਦੱਖਣ-ਪੂਰਬ ਵਿਚ ਮੱਛੀਆਂ ਫੜ ਰਹੇ ਸਨ, ਤਾਂ ਕੁਝ ਤਾਮਿਲ ਭਾਸ਼ੀ ਹਮਲਾਵਰ ਮੋਟਰਾਈਜ਼ਡ ਕਿਸ਼ਤੀਆਂ ਵਿਚ ਸਵਾਰ ਹੋ ਕੇ ਭਾਰਤੀ ਮਛੇਰਿਆਂ ਦੀਆਂ ਕਿਸ਼ਤੀਆਂ ਕੋਲ ਪਹੁੰਚੇ।
ਹਮਲਾਵਰ ਭਾਰਤੀ ਮਛੇਰਿਆਂ ਦੀਆਂ ਕਿਸ਼ਤੀਆਂ ’ਤੇ ਚੜ੍ਹ ਗਏ ਅਤੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ, ਪੱਥਰਾਂ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੱਛੀਆਂ ਫੜਨ ਦੇ ਜਾਲ, ਜੀ. ਪੀ. ਐੱਸ., ਗੈਜੇਟ, ਮੋਬਾਈਲ ਫੋਨ, ਬੈਟਰੀ, ਫੜੀਆਂ ਮੱਛੀਆਂ ਅਤੇ ਹੋਰ ਸਾਮਾਨ ਲੁੱਟ ਲਿਆ ਅਤੇ ਫਰਾਰ ਹੋ ਗਏ।