ਬੰਦ ਕੀਤੇ ਗਏ 190 ਸਕੂਲ, ਸਰਕਾਰ ਦਾ ਵੱਡਾ ਫ਼ੈਸਲਾ

Friday, Jan 10, 2025 - 04:16 PM (IST)

ਬੰਦ ਕੀਤੇ ਗਏ 190 ਸਕੂਲ, ਸਰਕਾਰ ਦਾ ਵੱਡਾ ਫ਼ੈਸਲਾ

ਬੀਕਾਨੇਰ- ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਵੱਡਾ ਕਦਮ ਚੁੱਕਦੇ ਹੋਏ 190 ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਵਿਚੋਂ 169 ਸਕੂਲ ਅਜਿਹੇ ਸਨ, ਜਿੱਥੇ ਇਕ ਵੀ ਬੱਚਾ ਨਹੀਂ ਪੜ੍ਹ ਰਿਹਾ ਸੀ। ਜ਼ਿਆਦਾਤਰ ਸਕੂਲ ਪੂਰੀ ਤਰ੍ਹਾਂ ਖਾਲੀ ਸਨ, ਜਦਕਿ ਕੁਝ ਸਕੂਲਾਂ ਵਿਚ ਨਾ-ਮਾਤਰ ਬੱਚੇ ਪੜ੍ਹ ਰਹੇ ਸਨ। ਇਹ ਫੈਸਲਾ ਰਾਜਸਥਾਨ ਦੀ ਭਜਨ ਲਾਲ ਸਰਕਾਰ ਵਲੋਂ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਕੁਝ ਸਕੂਲਾਂ ਵਿਚ ਤਾਂ ਸਕੂਲ ਟੀਚਰ ਅਤੇ ਕਰਮੀ ਬਿਨਾਂ ਕੰਮ ਦੇ ਤਨਖ਼ਾਹ ਲੈ ਰਹੇ ਸਨ। ਇਸ 'ਤੇ ਪ੍ਰਦੇਸ਼ ਦੀ ਭਜਨ ਲਾਲ ਸਰਕਾਰ ਨੇ ਐਕਸ਼ਨ ਲਿਆ ਹੈ। 

ਇਹ ਵੀ ਪੜ੍ਹੋ- ਵੱਡਾ ਹਾਦਸਾ; ਸਟੀਲ ਪਲਾਂਟ ਦੀ ਚਿਮਨੀ ਡਿੱਗਣ ਕਾਰਨ 9 ਮਰੇ, ਕਈ ਮਜ਼ਦੂਰ ਦੱਬੇ

21 ਸਕੂਲਾਂ ਨੂੰ ਕੀਤਾ ਗਿਆ ਮਰਜ 

ਪ੍ਰਦੇਸ਼ ਦੇ ਜ਼ੀਰੋ ਦਾਖ਼ਲੇ ਵਾਲੇ 169 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਦਕਿ 21 ਸਕੂਲਾਂ ਨੂੰ ਮਰਜ (ਰਲੇਵਾਂ) ਕਰਨ ਦਾ ਫ਼ੈਸਲਾ ਲਿਆ ਗਿਆ। ਜ਼ੀਰੋ ਦਾਖ਼ਲੇ ਵਾਲੇ ਸਕੂਲਾਂ ਵਿਚ ਕਰਮੀਆਂ ਨੂੰ ਬਿਨਾਂ ਕਿਸੇ ਕੰਮ ਦੇ ਹਰ ਮਹੀਨੇ ਤਨਖ਼ਾਹ ਵੀ ਮਿਲ ਰਹੀ ਸੀ। ਅਜਿਹੇ 'ਚ ਰਾਜਸਥਾਨ ਦੇ ਬੀਕਾਨੇਰ ਸਥਿਤ ਪ੍ਰਾਇਮਰੀ ਐਜੂਕੇਸ਼ਨ ਡਾਇਰੈਕਟਰ ਨੇ ਅਜਿਹੇ 169 ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਰਾਜਸਥਾਨ ਦੇ ਪ੍ਰਾਇਮਰੀ ਸਿੱਖਿਆ ਡਾਇਰੈਕਟਰ, ਬੀਕਾਨੇਰ ਨੇ ਦੋ ਨੋਟਿਸਾਂ ਵਿਚ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ- 8 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਪੜ੍ਹੋ IMD ਦੀ ਤਾਜ਼ਾ ਅਪਡੇਟ

ਕਈ ਸਕੂਲਾਂ 'ਚ ਦਾਖਲਾ ਸੀ ਜ਼ੀਰੋ 

ਰਲੇਵੇਂ ਵਾਲੇ ਸਕੂਲਾਂ ਵਿਚ 169 ਪ੍ਰਾਇਮਰੀ ਅਤੇ ਹਾਇਰ ਪ੍ਰਾਇਮਰੀ ਸਕੂਲ ਅਜਿਹੇ ਹਨ ਜਿਥੇ ਇਕ ਵੀ ਬੱਚਾ ਦਾਖ਼ਲ ਨਹੀਂ ਹੋਇਆ। ਜਿਸ ਕਾਰਨ ਆਰ.ਟੀ.ਈ ਦੇ ਮਾਪਦੰਡਾਂ ਅਨੁਸਾਰ ਅਧਿਆਪਕਾਂ ਦੀਆਂ ਅਸਾਮੀਆਂ ਮਨਜ਼ੂਰ ਹੋਣ ਦੇ ਬਾਵਜੂਦ ਅਧਿਆਪਕ ਉਪਲਬਧ ਨਹੀਂ ਹੋਏ ਸਨ ਅਤੇ ਸਿੱਖਿਆ ਦਾ ਮਿਆਰ ਪ੍ਰਭਾਵਿਤ ਹੋ ਰਿਹਾ ਸੀ। ਇਸ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਜ਼ੀਰੋ ਦਾਖਲੇ ਵਾਲੇ ਸਰਕਾਰੀ ਪ੍ਰਾਇਮਰੀ/ਅੱਪਰ ਪ੍ਰਾਇਮਰੀ ਸਕੂਲ ਨੂੰ ਪਿੰਡ ਦੇ ਨੇੜੇ ਇਕ ਹੋਰ ਪ੍ਰਾਇਮਰੀ/ਅੱਪਰ ਪ੍ਰਾਇਮਰੀ ਸਕੂਲ ਵਿਚ ਮਿਲਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਸੇ ਕੈਂਪਸ 'ਚ ਚੱਲ ਰਹੇ 21 ਸਕੂਲਾਂ ਦਾ ਵੀ ਰਲੇਵਾਂ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਬੰਦ ਕੀਤੇ ਜਾਂ ਮਰਜ ਕੀਤੇ ਗਏ ਸਕੂਲਾਂ ਵਿਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਗ੍ਰਹਿ ਜ਼ਿਲ੍ਹੇ ਜੋਧਪੁਰ ਦੇ ਸਕੂਲ ਵੀ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News