ਹੋਸਟਲ ''ਚ ਖਾਣਾ ਖਾਣ ਮਗਰੋਂ 19 ਕਾਲਜ ਵਿਦਿਆਰਥੀ ਪਏ ਬੀਮਾਰ
Monday, Apr 14, 2025 - 10:53 AM (IST)
 
            
            ਭੋਪਾਲ- ਮੱਧ ਪ੍ਰਦੇਸ਼ ਦੇ ਭੋਪਾਲ ਵਿਚ 19 ਕਾਲਜ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਾਲਜ ਦੇ ਹੋਸਟਲ ਵਿਚ ਇਕ ਪਾਰਟੀ ਦੌਰਾਨ ਪਰੋਸਿਆ ਗਿਆ ਖਾਣਾ ਖਾਣ ਮਗਰੋਂ ਦਸਤ ਅਤੇ ਉਲਟੀਆਂ ਲੱਗ ਗਈਆਂ। ਸ਼ਾਰਦਾ ਹਸਪਤਾਲ ਦੇ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਮੌਲਾਨਾ ਆਜ਼ਾਦ ਕੌਮੀ ਉਦਯੋਗਿਕ ਸੰਸਥਾ (MANIT) ਦੇ ਵਿਦਿਆਰਥੀਆਂ ਨੂੰ ਜਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਉਸ ਦੇ ਮਾਲਕ ਉਮੇਸ਼ ਸ਼ਾਰਦਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਉਲਟੀ, ਦਸਤ ਅਤੇ ਬੁਖਾਰ ਦੀ ਸ਼ਿਕਾਇਤ ਕੀਤੀ ਸੀ। 19 ਵਿਦਿਆਰਥੀਆਂ ਨੇ ਹੋਸਟਲ ਤੋਂ ਖਾਣਾ ਖਾਧਾ ਸੀ, ਜਿੱਥੇ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।
ਸਾਰਿਆਂ ਨੂੰ ਉਲਟੀ, ਦਸਤ ਅਤੇ ਬੁਖ਼ਾਰ ਵਰਗੀ ਸ਼ਿਕਾਇਤ ਸੀ। ਕਰੀਬ 19 ਬੱਚੇ ਆਏ ਹਨ ਅਤੇ ਸਾਰੇ ਇਕ ਹੀ ਬੀਮਾਰੀ ਤੋਂ ਪੀੜਤ ਹਨ। ਉਨ੍ਹਾਂ ਦੇ ਕਾਲਜ ਵਿਚ ਇਕ ਪਾਰਟੀ ਸੀ, ਜਿੱਥੋਂ ਉਨ੍ਹਾਂ ਨੇ ਜੋ ਖਾਣਾ ਖਾਧਾ ਸੀ, ਇਸ ਕਾਰਨ ਉਹ ਬੀਮਾਰ ਹੋ ਗਏ। ਵਿਦਿਆਰਥੀਆਂ ਮੁਤਾਬਕ ਉਸ ਹੋਸਟਲ 'ਚ ਲਗਭਗ 285 ਵਿਦਿਆਰਥੀ ਰਹਿੰਦੇ ਹਨ, ਜਿੱਥੇ ਇਹ ਘਟਨਾ ਵਾਪਰੀ ਸੀ। ਵਿਦਿਆਰਥੀ ਯੁਗ ਭਾਰਦਵਾਜ ਨੇ ਦੱਸਿਆ ਕਿ ਅਸੀਂ ਕੱਲ੍ਹ ਰਾਤ ਦਾਲ-ਚੌਲ ਖਾਧੇ ਸਨ। ਦਾਲ-ਚੌਲ ਅਤੇ ਆਲੂ ਦੀ ਸਬਜ਼ੀ ਤਿਆਰ ਕੀਤੀ ਗਈ ਸੀ। ਇਸ ਨੂੰ ਖਾਣ ਤੋਂ ਬਾਅਦ ਕੱਲ੍ਹ ਦੁਪਹਿਰ ਤੋਂ ਵਿਦਿਆਰਥੀਆਂ ਦੀ ਸਿਹਤ ਵਿਗੜਨ ਲੱਗੀ। ਮੈਨੂੰ ਵੀ ਪੇਟ ਵਿਚ ਤੇਜ਼ ਦਰਦ ਹੋਇਆ। ਕਈਆਂ ਨੂੰ ਬੁਖਾਰ ਅਤੇ ਉਲਟੀਆਂ ਹੋ ਰਹੀਆਂ ਸਨ।
ਭਾਰਦਵਾਜ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ। ਹੁਣ ਤੱਕ ਮੈਂ ਮਾੜੇ ਖਾਣੇ ਬਾਰੇ ਸ਼ਿਕਾਇਤ ਨਹੀਂ ਕੀਤੀ ਪਰ ਮੈਂ ਮੰਗ ਕਰਦਾ ਹਾਂ ਕਿ ਖਾਣੇ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਜਾਵੇ। ਖਾਣਾ ਬਣਾਉਣ ਲਈ ਜੋ ਸਫਾਈ ਦੀ ਪਾਲਣਾ ਕੀਤੀ ਜਾਂਦੀ ਹੈ, ਉਸ ਵਿਚ ਸੁਧਾਰ ਕੀਤਾ ਜਾਵੇ। ਬਹੁਤ ਸਾਰੇ ਬੱਚੇ ਹੋਸਟਲ ਵਿਚ ਰਹਿੰਦੇ ਹਨ। ਵਿਦਿਆਰਥੀਆਂ ਨੂੰ ਦਾਖਲ ਕੀਤਾ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            