ਪ੍ਰਧਾਨ ਮੰਤਰੀ ਸ਼੍ਰੀ ਸਕੀਮ ਲਈ ਚੁਣੇ ਗਏ ਹਿਮਾਚਲ ਦੇ ਇੰਨੇ ਸਕੂਲ, ਬਣਨਗੇ ਮਿਸਾਲ
Thursday, Aug 01, 2024 - 07:50 PM (IST)
ਹਿਮਾਚਲ- ਪ੍ਰਧਾਨ ਮੰਤਰੀ ਸਕੂਲ ਫਾਰ ਰਾਈਜ਼ਿੰਗ ਇੰਡੀਆ (ਪੀ.ਐੱਮ. ਸ਼੍ਰੀ) ਸਕੀਮ ਤਹਿਤ ਹਿਮਾਚਲ ਪ੍ਰਦੇਸ਼ ਵਿਚ 180 ਸਕੂਲਾਂ ਦੀ ਚੋਣ ਕੀਤੀ ਗਈ ਹੈ। ਕੇਂਦਰੀ ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਇਹ ਜਾਣਕਾਰੀ ਸੰਸਦ ਵਿਚ ਰਾਜ ਸਭਾ ਮੈਂਬਰ ਇੰਦੂ ਬਾਲਾ ਗੋਸਵਾਮੀ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 56 ਪ੍ਰਾਇਮਰੀ ਸਕੂਲ, 5 ਸੈਕੰਡਰੀ ਸਕੂਲ ਅਤੇ 119 ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਦੀ ਚੋਣ ਕੇਂਦਰ ਸਰਕਾਰ/ਸੂਬਾ ਸਰਕਾਰ ਅਤੇ ਸਰਕਾਰੀ ਅਦਾਰਿਆਂ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚੋਂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿਚ ਅਤਿ-ਆਧੁਨਿਕ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ ਤਾਂ ਜੋ ਇਹ ਸਕੂਲ ਸੂਬੇ ਦੀਆਂ ਬਾਕੀ ਵਿੱਦਿਅਕ ਸੰਸਥਾਵਾਂ ਲਈ ਮਾਡਲ ਵਜੋਂ ਕੰਮ ਕਰ ਸਕਣ। ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਨੇ 7 ਸਤੰਬਰ 2022 ਨੂੰ ਇਨ੍ਹਾਂ ਸਕੂਲਾਂ ਦੀ ਸਥਾਪਨਾ ਲਈ ਪ੍ਰਵਾਨਗੀ ਦੇ ਦਿੱਤੀ। ਰਾਸ਼ਟਰੀ ਸਿੱਖਿਆ ਨੀਤੀ 2022 ਤਹਿਤ ਚਲਾਏ ਜਾ ਰਹੇ ਇਨ੍ਹਾਂ ਸਕੂਲਾਂ ਵਿਚ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿਚ ਅਜਿਹੇ 14,500 ਪ੍ਰਧਾਨ ਮੰਤਰੀ ਸ਼੍ਰੀ ਸਕੂਲ ਖੋਲ੍ਹੇ ਜਾਣਗੇ।