ਅਮਰਨਾਥ ਯਾਤਰਾ ਹੋਵੇਗੀ ਹੋਰ ਵੀ ਆਸਾਨ, J&K 'ਚ 18 ਨਵੇਂ ਰੋਪਵੇਅ ਦਾ ਹੋਵੇਗਾ ਨਿਰਮਾਣ
Monday, May 08, 2023 - 01:43 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਆਉਣ ਵਾਲੇ ਸੈਲਾਨੀਆਂ ਦੀ ਰਾਹ ਹੋਰ ਵੀ ਆਸਾਨ ਹੋਣ ਵਾਲੀ ਹੈ। ਦਰਅਸਲ ਸਰਕਾਰ 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 18 ਨਵੇਂ ਰੋਪਵੇਅ ਦੇ ਨਿਰਮਾਣ ਕਰਨ ਜਾ ਰਹੀ ਹੈ। ਇਸ ਲਈ ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ (NHLML) ਨਾਲ ਸਰਕਾਰ ਨੇ ਸਮਝੌਤਾ ਕੀਤਾ ਹੈ। ਆਰਥਿਕ ਸਰਵੇਖਣ ਰਿਪੋਰਟ ਦੇ ਅਨੁਸਾਰ ਭਾਰਤ ਸਰਕਾਰ ਨੇ ਪਹਾੜੀ ਸੂਬਿਆਂ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਯਾਤਰੀਆਂ ਲਈ ਸੰਪਰਕ ਅਤੇ ਸਹੂਲਤ 'ਚ ਸੁਧਾਰ ਕਰਨ ਲਈ ਰਾਸ਼ਟਰੀ ਰੋਪਵੇਅ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।
18 ਰੋਪਵੇਅ ਪ੍ਰਾ ਜੈਕਟਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਸੌਂਪਿਆ ਗਿਆ ਹੈ। ਤਿੰਨ ਰੋਪਵੇਅ 'ਤੇ ਕੰਮ ਅਗਲੇ ਸਾਲ ਪੂਰਾ ਹੋ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚ ਮਾਤਾ ਵੈਸ਼ਨੋ ਦੇਵੀ ਫੇਜ਼-2, ਸ਼ਿਵਖੋਰੀ ਸ਼ਰਾਈਨ ਅਤੇ ਸ਼੍ਰੀਨਗਰ ਵਿਚ ਸ਼ੰਕਰਾਚਾਰੀਆ ਪਹਾੜੀ ਰੋਪਵੇਅ ਸ਼ਾਮਲ ਹਨ। ਇਸ ਤੋਂ ਇਲਾਵਾ ਅਮਰਨਾਥ ਯਾਤਰਾ ਹੁਣ ਹੋਰ ਵੀ ਆਸਾਨ ਹੋਵੇਗੀ, ਕਿਉਂਕਿ ਬਾਲਟਾਲ ਤੋਂ ਅਮਰਨਾਥ ਗੁਫ਼ਾ ਲਈ ਪ੍ਰਸਤਾਵਿਤ 9 ਕਿਲੋਮੀਟਰ ਦਾ ਰੋਪਵੇਅ ਹੋਵੇਗਾ। ਇਸ ਨਾਲ 14 ਕਿਲੋਮੀਟਰ ਦੇ ਮਾਰਗ ਦੀ ਪੈਦਲ ਦੂਰੀ 10 ਘੰਟੇ ਤੋਂ ਘੱਟ ਕੇ ਮਹਿਜ 40 ਮਿੰਟ ਰਹਿ ਜਾਵੇਗੀ।
ਦਰਅਸਲ ਸਰਕਾਰ ਵਲੋਂ ਰੋਪਵੇਅ ਨਿਰਮਾਣ ਪਿੱਛੇ ਦਾ ਕਾਰਨ ਇਹ ਹੈ ਕਿ ਇਸ ਨਾਲ ਦਰੱਖ਼ਤਾਂ ਦੀ ਕਟਾਈ ਨਹੀਂ ਹੋਵੇਗੀ। ਸੜਕ ਬਣਾਉਣ ਲਈ ਜ਼ਮੀਨ ਐਕੁਵਾਇਰ ਵੀ ਨਹੀਂ ਕਰਨੀ ਪਵੇਗੀ। ਰੋਪਵੇਅ ਜੰਮੂ-ਕਸ਼ਮੀਰ ਵਰਗੇ ਪਹਾੜੀ ਸੂਬੇ ਵਿਚ ਵਾਤਾਵਰਣ ਦੇ ਹਿਸਾਬ ਨਾਲ ਅਨੁਕੂਲ ਜ਼ਰੀਆ ਹੈ। ਅਜੇ 5 ਰੋਪਵੇਅ ਸੰਚਾਲਿਤ ਹਨ। ਇਨ੍ਹਾਂ ਵਿਚ ਵੈਸ਼ਨੋ ਦੇਵੀ, ਜੰਮੂ ਸ਼ਹਿਰ, ਪਟਨੀਟੌਪ, ਗੁਲਮਰਗ ਅਤੇ ਸ਼੍ਰੀਨਗਰ ਸ਼ਹਿਰ ਸ਼ਾਮਲ ਹਨ।