ਰਾਜਸਥਾਨ ''ਚ ''ਨੀਟ'' ਦੀ ਤਿਆਰੀ ਕਰ ਰਹੇ 17 ਸਾਲਾ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਇਸ ਸਾਲ ਦਾ ਇਹ ਚੌਥਾ ਮਾਮਲਾ
Friday, Feb 24, 2023 - 05:29 PM (IST)

ਕੋਟਾ (ਭਾਸ਼ਾ)- ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) ਦੀ ਤਿਆਰੀ ਕਰ ਰਹੇ ਵਿਦਿਆਰਥੀ (17) ਨੇ ਇੱਥੇ ਆਪਣੇ ਹੋਸਟਲ ਦੇ ਕਮਰੇ 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹਾ ਵਾਸੀ ਅਭਿਸ਼ੇਕ ਯਾਦਵ ਵਜੋਂ ਹੋਈ ਹੈ। ਕੋਟਾ 'ਚ ਇਸ ਸਾਲ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਦਾ ਇਹ ਚੌਥਾ ਮਾਮਲਾ ਹੈ। ਪੁਲਸ ਨੇ ਕਿਹਾ ਕਿ ਅਭਿਸ਼ੇਕ ਇੱਥੇ ਪਿਛਲੇ 2 ਸਾਲਾਂ ਤੋਂ ਰਹਿ ਰਿਹਾ ਸੀ ਅਤੇ ਇਕ ਕੋਚਿੰਗ ਸੰਸਥਾ 'ਚ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ ਵਿਦਿਆਰਥੀ ਪਿਛਲੇ ਕੁਝ ਦਿਨਾਂ ਤੋਂ ਆਪਣੀਆਂ ਕੋਚਿੰਗ ਜਮਾਤਾਂ 'ਚ ਸ਼ਾਮਲ ਨਹੀਂ ਹੋ ਰਿਹਾ ਸੀ।
ਕੁਨਹਾਰੀ ਥਾਣੇ ਦੇ ਸਰਕਿਲ ਇੰਸਪੈਕਟਰ ਗੰਗਾ ਸਹਾਏ ਸ਼ਰਮਾ ਨੇ ਕਿਹਾ,''ਹੋਸਟਲ ਦੇ ਉਸ ਦੇ ਕਮਰੇ 'ਚੋਂ ਮਿਲੇ ਸੁਸਾਈਡ ਨੋਟ 'ਚ ਅਭਿਸ਼ੇਕ ਨੇ ਆਪਣੇ ਮਾਤਾ-ਪਿਤਾ ਤੋਂ ਮੁਆਫ਼ੀ ਮੰਗੀ ਕਿ ਉਹ ਪਰੇਸ਼ਾਨੀ 'ਚ ਸੀ ਅਤੇ ਪੜ੍ਹਾਈ ਦਾ ਦਬਾਅ ਸੀ।'' ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਅਤੇ ਆਈ.ਪੀ.ਸੀ. ਦੀ ਧਾਰਾ 174 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਵਿਦਿਆਰਥੀ ਦੇ ਪਿਤਾ ਨੇ ਪੜ੍ਹਾਈ ਦੇ ਵਧਦੇ ਦਬਾਅ ਲਈ ਕੋਚਿੰਗ ਸੰਸਥਾ ਨੂੰ ਜ਼ਿੰਮੇਵਾਰ ਠਹਿਰਾਇਆ। ਵਿਦਿਆਰਥੀ ਦੇ ਪਿਤਾ ਆਰਾਮ ਸਿੰਘ ਨੇ ਕਿਹਾ,''ਅਜਿਹੇ ਹਾਲਾਤ ਕਿਉਂ ਬਣ ਰਹੇ ਹਨ ਕਿ ਕੋਟਾ 'ਚ ਵਿਦਿਆਰਥੀ ਖ਼ੁਦਕੁਸ਼ੀ ਕਰ ਰਹੇ ਹਨ ਅਤੇ ਅਜਿਹੇ ਤੰਤਰ ਕਿਉਂ ਹਨ ਜੋ ਵਿਦਿਆਰਥੀਆਂ 'ਤੇ ਦਬਾਅ ਬਣਾਉਂਦਾ ਹੈ। ਸਰਕਾਰਾਂ ਨੂੰ ਉਪਾਅ ਕਰਨਾ ਚਾਹੀਦਾ।'' ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਘੱਟੋ-ਘੱਟ 15 ਵਿਦਿਆਰਥੀਆਂ ਨੇ ਪਿਛਲੇ ਸਾਲ 2022 'ਚ ਖ਼ੁਦਕੁਸ਼ੀ ਕੀਤੀ ਸੀ।