167 ਦਵਾਈਆਂ ਗੁਣਵੱਤਾ ਦੇ ਮਿਆਰ ’ਤੇ ਫੇਲ, 7 ਨਕਲੀ ਵਜੋਂ ਪਛਾਣੀਆਂ ਗਈਆਂ

Thursday, Jan 22, 2026 - 12:23 AM (IST)

167 ਦਵਾਈਆਂ ਗੁਣਵੱਤਾ ਦੇ ਮਿਆਰ ’ਤੇ ਫੇਲ, 7 ਨਕਲੀ ਵਜੋਂ ਪਛਾਣੀਆਂ ਗਈਆਂ

ਨਵੀਂ ਦਿੱਲੀ- ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐਸ. ਸੀ. ਓ.) ਜੋ ਦੇਸ਼ ’ਚ ਗੁਣਵੱਤਾ ਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ 'ਤੇ ਦਵਾਈਆਂ ਦੀ ਨਿਗਰਾਨੀ ਕਰਦੀ ਹੈ, ਨੇ ਦਸੰਬਰ 2025 ਦੌਰਾਨ ਅਹਿਮ ਕਾਰਵਾਈ ਕੀਤੀ।

ਇਸ ਮਹੀਨੇ ਕੇਂਦਰੀ ਤੇ ਰਾਜ ਡਰੱਗ ਟੈਸਟਿੰਗ ਲੈਬਾਰਟਰੀਆਂ ਨੇ ਕੁੱਲ 167 ਦਵਾਈਆਂ ਦੇ ਨਮੂਨਿਆਂ ਨੂੰ ‘ਮਿਆਰੀ ਗੁਣਵੱਤਾ ਦੇ ਨਹੀਂ’ ਐਲਾਨਿਅਾ ਜਦੋਂ ਕਿ 7 ਦਵਾਈਆਂ ਨਕਲੀ ਪਾਈਆਂ ਗਈਆਂ। ਰੈਗੂਲੇਟਰੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਗੁਣਵੱਤਾ ਦੇ ਮਿਆਰਾਂ ’ਤੇ ਖਰੀਆਂ ਨਾ ਉਤਰਨ ਵਾਲੀਆਂ ਦਵਾਈਆਂ ਸਰਕਾਰੀ ਲੈਬਾਰਟਰੀਆਂ ਵੱਲੋਂ ਟੈਸਟ ਕੀਤੇ ਗਏ ਖਾਸ ਬੈਚ ਤੱਕ ਸੀਮਿਤ ਹਨ।

ਇਸ ਦਾ ਮਤਲਬ ਇਹ ਨਹੀਂ ਕਿ ਬਾਜ਼ਾਰ ’ਚ ਉਪਲਬਧ ਉਸੇ ਦਵਾਈ ਦੇ ਹੋਰ ਬੈਚ ਜਾਂ ਉਤਪਾਦ ਅਸੁਰੱਖਿਅਤ ਹਨ। ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਇਸ ਤੋਂ ਇਲਾਵਾ ਦਸੰਬਰ 2025 ਦੌਰਾਨ 7 ਦਵਾਈਆਂ ਦੇ ਨਮੂਨਿਆਂ ਨੂੰ ਨਕਲੀ ਵਜੋਂ ਪਛਾਣਿਆ ਗਿਆ ਸੀ। ਇਨ੍ਹਾਂ ’ਚ ਉੱਤਰੀ ਜ਼ੋਨ ਗਾਜ਼ੀਆਬਾਦ ਤੋਂ 4, ਐਫ. ਡੀ. ਏ. ਅਹਿਮਦਾਬਾਦ , ਬਿਹਾਰ ਤੇ ਮਹਾਰਾਸ਼ਟਰ ਤੋਂ ਇਕ-ਇਕ ਸ਼ਾਮਲ ਹੈ। ਇਹ ਦਵਾਈਆਂ ਗੈਰ ਅਧਿਕਾਰਤ ਨਿਰਮਾਤਾਵਾਂ ਵੱਲੋਂ ਦੂਜੀਆਂ ਕੰਪਨੀਆਂ ਦੇ ਬ੍ਰਾਂਡ ਨਾਵਾਂ ਦੀ ਦੁਰਵਰਤੋਂ ਕਰ ਕੇ ਤਿਆਰ ਕੀਤੀਆਂ ਗਈਆਂ ਸਨ।


author

Rakesh

Content Editor

Related News