ਬ੍ਰਿਕਸ ਸਿਖਰ ਸੰਮੇਲਨ : ਬਹੁਪੱਧਰੀ ਸੁਰੱਖਿਆ ਲਈ ਦਿੱਲੀ ਪੁਲਸ ਦੇ 15000 ਮੁਲਾਜ਼ਮਾਂ ਨੂੰ ਕੀਤਾ ਜਾਵੇ ਤਾਇਨਾਤ
Thursday, Sep 10, 2026 - 03:30 PM (IST)
ਨਵੀਂ ਦਿੱਲੀ - ਦਿੱਲੀ ਪੁਲਸ ਨੇ ਆਉਣ ਵਾਲੇ ਬ੍ਰਿਕਸ ਸੰਮੇਲਨ ਲਈ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਹਨ, ਰਾਸ਼ਟਰੀ ਰਾਜਧਾਨੀ 'ਚ ਲਗਭਗ 15,000 ਕਰਮਚਾਰੀ ਅਤੇ ਅਰਧ ਸੈਨਿਕ ਬਲਾਂ ਦੀਆਂ 200 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਪੈਸ਼ਲ ਕਮਿਸ਼ਨਰ ਆਫ਼ ਪੁਲਿਸ (ਸੁਰੱਖਿਆ ਵਿਭਾਗ) ਮਨੀਸ਼ ਕੁਮਾਰ ਅਗਰਵਾਲ ਨੇ ਕਿਹਾ ਕਿ ਜਨਤਾ ਨੂੰ ਘੱਟੋ-ਘੱਟ ਅਸੁਵਿਧਾ ਅਤੇ ਪਤਵੰਤਿਆਂ ਲਈ ਵੱਧ ਤੋਂ ਵੱਧ ਸੁਰੱਖਿਆ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਇਸ ਦੌਰਾਨ ਅਗਰਵਾਰ ਨੇ ਕਿਹਾ ਕਿਹਾ, "ਅਸੀਂ ਟ੍ਰੈਫਿਕ ਪ੍ਰਬੰਧਾਂ ਸੰਬੰਧੀ ਪਹਿਲਾਂ ਤੋਂ ਸਲਾਹ ਵੀ ਜਾਰੀ ਕੀਤੀ ਹੈ।" ਉਨ੍ਹਾਂ ਕਿਹਾ ਕਿ ਦਿੱਲੀ ਪੁਲਸ ਸੰਮੇਲਨ ਲਈ ਕਈ ਏਜੰਸੀਆਂ ਨਾਲ ਤਾਲਮੇਲ 'ਚ ਕੰਮ ਕਰ ਰਹੀ ਹੈ, ਅਤੇ ਸਾਰੇ ਪਛਾਣੇ ਗਏ ਰੂਟਾਂ ਦਾ ਇਕ ਵਿਆਪਕ ਸਰਵੇਖਣ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਵਿਸ਼ੇਸ਼ ਕਮਿਸ਼ਨਰ ਨੇ ਕਿਹਾ ਕਿ ਕਾਨੂੰਨ ਵਿਵਸਥਾ, ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ ਲਈ ਭਾਰੀ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ, ਹੋਟਲਾਂ ਅਤੇ ਹੋਰ ਨਿਰਧਾਰਤ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿੱਥੇ ਪਤਵੰਤੇ ਜਾ ਸਕਦੇ ਹਨ।
ਅਧਿਕਾਰੀ ਨੇ ਕਿਹਾ ਕਿ ਸਿਖਰ ਸੰਮੇਲਨ ਦੇ ਸਥਾਨ ਭਾਰਤ ਮੰਡਪਮ ਵਿਖੇ ਇਕ ਬਹੁ-ਪੱਧਰੀ ਸੁਰੱਖਿਆ ਪ੍ਰਣਾਲੀ ਲਗਾਈ ਗਈ ਹੈ, ਜਿਸ 'ਚ ਚੌਕਸੀ ਅਤੇ ਮਜ਼ਬੂਤ ਉਪਾਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਤਵੰਤਿਆਂ ਦੀ ਆਵਾਜਾਈ ਦੌਰਾਨ ਨਿਰਵਿਘਨ ਸੁਰੱਖਿਆ ਪ੍ਰਬੰਧਾਂ ਅਤੇ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਗੁਆਂਢੀ ਰਾਜਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਹਨ। ਅਗਵਾਰ ਨੇ ਕਿਹਾ ,"ਖੁਫੀਆ ਜਾਣਕਾਰੀ ਸਬੰਧਤ ਏਜੰਸੀਆਂ ਨਾਲ ਸਾਂਝੀ ਕੀਤੀ ਜਾਵੇਗੀ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਤਿਆਰੀਆਂ ਦੇ ਹਿੱਸੇ ਵਜੋਂ ਸਾਰੀ ਉਪਲਬਧ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
ਅਗਰਵਾਲ ਨੇ ਕਿਹਾ ਕਿ ਫੋਰਸ ਸੁਰੱਖਿਆ ਜ਼ਰੂਰਤਾਂ ਅਤੇ ਸ਼ਹਿਰ 'ਚ ਲੋਕਾਂ ਦੀ ਰੋਜ਼ਾਨਾ ਆਵਾਜਾਈ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਵਚਨਬੱਧ ਹੈ। ਬ੍ਰਿਕਸ ਸੰਮੇਲਨ 12 ਅਤੇ 13 ਸਤੰਬਰ ਨੂੰ ਭਾਰਤ ਮੰਡਪਮ ਵਿਖੇ ਹੋਣ ਵਾਲਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਿਦੇਸ਼ੀ ਪ੍ਰਤੀਨਿਧੀਆਂ ਅਤੇ ਪਤਵੰਤਿਆਂ ਦੀ ਆਵਾਜਾਈ ਨਾਲ ਸਬੰਧਤ ਆਵਾਜਾਈ ਪਾਬੰਦੀਆਂ 10 ਸਤੰਬਰ ਤੋਂ ਸ਼ੁਰੂ ਹੋ ਜਾਣਗੀਆਂ ਅਤੇ 14 ਸਤੰਬਰ ਤੱਕ ਜਾਰੀ ਰਹਿ ਸਕਦੀਆਂ ਹਨ।
