ਹਰਿਆਣਾ: ਸਿਰਸਾ ’ਚ 150 ਆਕਸੀਜਨ, ਵੈਂਟੀਲੇਟਰ ਬੈੱਡ ਦੇ ਕੋਵਿਡ ਕੇਅਰ ਸੈਂਟਰ ਦੀ ਸ਼ੁਰੂਆਤ
Tuesday, May 11, 2021 - 05:43 PM (IST)
ਸਿਰਸਾ— ਹਰਿਆਣਾ ਵਿਚ ਸਥਿਤ ਬਾਬਾ ਤਾਰਾ ਚੈਰੀਟੇਬਲ ਹਸਪਤਾਲ ਐਂਡ ਰਿਸਰਚ ਸੈਂਟਰ ’ਚ 150 ਬੈੱਡ ਦੇ ਕੋਵਿਡ ਕੇਅਰ ਸੈਂਟਰ ਦੀ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ ਜ਼ਰੀਏ ਸ਼ੁਰੂਆਤ ਕੀਤੀ। ਇਸ ਸੈਂਟਰ ਵਿਚ ਆਕਸੀਜਨ ਦੀ ਵਿਵਸਥਾ ਦੇ ਨਾਲ-ਨਾਲ ਵੈਂਟੀਲੇਟਰ ਬੈੱਡ ਵੀ ਸਥਾਪਤ ਕੀਤੇ ਗਏ ਹਨ। ਇਸ ਮੌਕੇ ਜਿੱਥੇ ਸੰਸਦ ਮੈਂਬਰ ਸੁਨੀਤਾ ਦੁੱਗਲ ਵੀਡੀਓ ਕਾਨਫਰੈਂਸਿੰਗ ਜ਼ਰੀਏ ਜੁੜੀ, ਉੱਥੇ ਹੀ ਵਿਧਾਇਕ ਗੋਪਾਲ ਕਾਂਡਾ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਆਦਿਤਿਆ ਚੌਟਾਲਾ ਵੀ ਹਾਜ਼ਰ ਸਨ।
ਕੋਵਿਡ ਕੇਅਰ ਸੈਂਟਰ ਦੀ ਸ਼ੁਰੂਆਤ ਦੇ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਹੁਣ ਆਕਸੀਜਨ ਦੀ ਕੋਈ ਘਾਟ ਨਹੀਂ ਹੈ। ਪ੍ਰਦੇਸ਼ ਵਿਚ ਕੋਟਾ 152 ਟਨ ਤੋਂ ਵਧਾ ਕੇ 282 ਟਨ ਹੋ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਤੋਂ ਹੋਰ ਆਕਸੀਜਨ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸਰਕਾਰ ਸਾਰੇ ਹਸਪਤਾਲਾਂ ਨੂੰ ਲੋੜ ਮੁਤਾਬਕ ਆਕਸੀਜਨ ਦੀ ਸਪਲਾਈ ਕਰ ਰਹੀ ਹੈ। ਨਾਲ ਹੀ ਇਕਾਂਤਵਾਸ ਵਿਚ ਰਹਿ ਰਹੇ ਮਰੀਜ਼ਾਂ ਨੂੰ ਵੀ ਆਕਸੀਜਨ ਸਿਲੰਡਰ ਰੀਫਿਲਿੰਗ ਦੀ ਸਹੂਲਤ ਘਰਾਂ ’ਚ ਉਪਲੱਬਧ ਕਰਵਾਈ ਜਾ ਰਹੀ ਹੈ। ਇਸ ਵਿਵਸਥਾ ਲਈ ਪੋਰਟਲ ਬਣਾਇਆ ਗਿਆ ਹੈ, ਜਿਸ ’ਤੇ ਮਰੀਜ਼ ਵੀ ਬੇਨਤੀ ਕਰ ਰਹੇ ਹਨ ਅਤੇ ਸੰਸਥਾਵਾਂ ਵੀ ਰਜਿਸਟ੍ਰੇਸ਼ਨ ਕਰਵਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਇਸ ਦੌਰ ’ਚ ਸਰਕਾਰ ਹਰਸੰਭਵ ਵਿਵਸਥਾ ਕਰ ਰਹੀ ਹੈ। ਅੱਜ ਸਵੇਰੇ ਹੀ ਦੋ ਟੈਂਕਰ ਆਕਸੀਜਨ ਲਿਆਉਣ ਲਈ ਏਅਰ ਲਿਫਟ ਕਰ ਕੇ ਭੁਵਨੇਸ਼ਵਰ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਜ਼ਿਆਦਾਤਰ ਸ਼ਹਿਰਾਂ ਤੱਕ ਸੀਮਤ ਵਾਇਰਸ ਹੁਣ ਪਿੰਡਾਂ ’ਚ ਵੀ ਫੈਲ ਰਿਹਾ ਹੈ, ਇਸ ਲਈ ਪੂਰੀ ਸਾਵਧਾਨੀ ਵਰਤਣੀ ਪਵੇਗੀ।
ਪਿੰਡਾਂ ’ਚ ਘਰ-ਘਰ ਜਾਂਚ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਹਰ ਮਹਿਕਮਾ ਇਸ ਵਿਚ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਨੇ ਬਾਬਾ ਤਾਰਾ ਚੈਰੀਟੇਬਲ ਟਰੱਸਟ ਦਾ ਕੋਵਿਡ ਸੈਂਟਰ ਸਥਾਪਤ ਕਰਨ ਲਈ ਧੰਨਵਾਦ ਜ਼ਾਹਰ ਕੀਤਾ। ਖੱਟੜ ਨੇ ਕਿਹਾ ਕਿ ਸਮੱਸਿਆ ਵੱਡੀ ਹੈ, ਇਸ ਲਈ ਸਾਰੇ ਸਾਵਧਾਨੀ ਵਰਤਣ। ਮਾਸਕ ਲਾਉਣ ਅਤੇ ਸੈਨੇਟਾਈਜੇਸ਼ਨ ਆਦਿ ਨੂੰ ਗੰਭੀਰਤਾ ਨਾਲ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ।