ਕਸ਼ਮੀਰ ਘਾਟੀ ’ਚ ਸਾਰੇ 15 ਸਟੇਸ਼ਨ ਰੇਲ ਵਾਈ-ਫਾਈ ਨੈੱਟਵਰਕ ਨਾਲ ਜੁੜੇ
Sunday, Jun 20, 2021 - 04:22 PM (IST)
ਨਵੀਂ ਦਿੱਲੀ/ਜੰਮੂ (ਭਾਸ਼ਾ)— ਕਸ਼ਮੀਰ ਘਾਟੀ ਵਿਚ ਸ਼੍ਰੀਨਗਰ ਸਮੇਤ ਸਾਰੇ 15 ਰੇਲਵੇ ਸਟੇਸ਼ਨਾਂ ਨੂੰ ਭਾਰਤੀ ਰੇਲ ਦੇ ਵਾਈ-ਫਾਈ ਨੈੱਟਵਰਕ ਨਾਲ ਜੋੜਿਆ ਗਿਆ ਹੈ। ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਰੇਲ ਵਾਇਰ ਵਾਈ-ਫਾਈ ਬਾਰਾਮੂਲਾ, ਪੱਟਨ, ਮਝੋਮ, ਬੜਗਾਮ, ਸ਼੍ਰੀਨਗਰ, ਪੰਪੋਰ, ਕਾਕਾਪੋਰਾ, ਅਵੰਤੀਪੁਰਾ, ਪੰਜਗਾਮ, ਬਿਜਬਹਿਰਾ, ਅਨੰਤਨਾਗ, ਸਦੁਰਾ, ਕਾਜੀਗੁੰਡ ਅਤੇ ਬਨਿਹਾਲ ਸਟੇਸ਼ਨਾਂ ’ਤੇ ਉਪਲੱਬਧ ਹੈ।
ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਵਿਸ਼ਵ ਵਾਈ-ਫਾਈ ਦਿਵਸ ਮੌਕੇ ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕਸ਼ਮੀਰ ਘਾਟੀ ਵਿਚ ਸ਼੍ਰੀਨਗਰ ਅਤੇ 14 ਹੋਰ ਸਟੇਸ਼ਨ ਦੁਨੀਆ ਦੇ ਸਭ ਤੋਂ ਵੱਡੇ ਏਕੀਕ੍ਰਿਤ ਜਨਤਕ ਵਾਈ-ਫਾਈ ਨੈੱਟਵਰਕਾਂ ’ਚੋਂ ਇਕ ਦਾ ਹਿੱਸਾ ਹੋ ਗਏ ਹਨ। ਇਸ ਨਾਲ ਦੇਸ਼ ਵਿਚ 6 ਹਜ਼ਾਰ ਤੋਂ ਜ਼ਿਆਦਾ ਸਟੇਸ਼ਨ ਜੁੜੇ ਹੋਏ ਹਨ। ਮੰਤਰੀ ਨੇ ਕਿਹਾ ਕਿ ਇਹ ਡਿਜੀਟਲ ਇੰਡੀਆ ਲਈ ਇਕ ਅਹਿਮ ਕਦਮ ਹੈ ਅਤੇ ਇਹ ਉਨ੍ਹਾਂ ਲੋਕਾਂ ਨੂੰ ਜੋੜਨ ’ਚ ਲੰਬੀ ਦੂਰੀ ਤੈਅ ਕਰੇਗਾ, ਜੋ ਹੁਣ ਤੱਕ ਇਸ ਨਾਲ ਜੁੜੇ ਨਹੀਂ ਸਨ।
ਗੋਇਲ ਨੇ ਅੱਗੇ ਕਿਹਾ ਕਿ ਮੈਂ ਭਾਰਤੀ ਰੇਲ ਦੀ ਟੀਮ ਨੂੰ ਇਸ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ, ਜਿਸ ਨੇ ਇਸ ਵੱਡੀ ਪ੍ਰਾਪਤੀ ਨੂੰ ਹਾਸਲ ਕਰਨ ਲਈ ਬਿਨਾਂ ਥੱਕੇ ਲਗਾਤਾਰ ਕੰਮ ਕੀਤਾ। ਇਸ ਕਦਮ ਲਈ ਭਾਰਤੀ ਰੇਲ ਦੀ ਤਾਰੀਫ਼ ਕਰਦਿਆਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਵਾਈ-ਫਾਈ ਲੋਕਾਂ ਨੂੰ ਇਕ-ਦੂਜੇ ਨਾਲ ਜੋੜਨ ਅਤੇ ਡਿਜੀਟਲ ਪਾੜੇ ਨੂੰ ਦੂਰ ਕਰਨ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਮਹਾਮਾਰੀ ਦੀ ਵਜ੍ਹਾ ਤੋਂ ਆਨਲਾਈਨ ਦੀ ਦੁਨੀਆ ਨਾਲ ਜੁੜਿਆ ਹੋਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ।