ਮਹਾਕੁੰਭ ''ਚ 144 ਸਾਲ ਦਾ ਸੰਜੋਗ ਭਾਜੜ ਦੀ ਇਕ ਵੱਡੀ ਵਜ੍ਹਾ
Wednesday, Jan 29, 2025 - 04:14 PM (IST)
ਮਹਾਕੁੰਭ ਨਗਰ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਮਹਾਕੁੰਭ ਮੇਲੇ ਵਿਚ ਮੰਗਲਵਾਰ ਦੀ ਦੇਰ ਰਾਤ ਹੋਈ ਭਾਜੜ ਦੀ ਇਕ ਵੱਡੀ ਵਜ੍ਹਾ 144 ਸਾਲ ਦਾ ਸੰਜੋਗ ਹੈ, ਜਿਸ ਦਾ ਸਰਕਾਰ ਦੇ ਨਾਲ-ਨਾਲ ਹੀ ਸਾਧੂ-ਸੰਤਾਂ ਨੇ ਵੀ ਬਿਆਨ ਕੀਤਾ ਸੀ ਅਤੇ ਲੋਕ ਇਸ ਸ਼ੁੱਭ ਮਹੂਰਤ ਵਿਚ ਸੰਗਮ ਇਸ਼ਨਾਨ ਲਈ ਘਾਟ 'ਤੇ ਬੈਠੇ ਅਤੇ ਲੇਟੇ ਰਹੇ ਤਾਂ ਬੈਰੀਕੇਡ ਤੋੜ ਕੇ ਆਈ ਬੇਕਾਬੂ ਭੀੜ ਨੇ ਉਨ੍ਹਾਂ ਨੂੰ ਦਰੜ ਦਿੱਤਾ। ਸੰਗਮ ਖੇਤਰ ਵਿਚ ਇਸ ਘਟਨਾ ਦੇ ਚਸ਼ਮਦੀਦ ਆਸਾਮ ਤੋਂ ਆਈ ਮਧੂਮਿਤਾ ਨੇ ਦੱਸਿਆ ਕਿ ਸੰਗਮ ਘਾਟ 'ਤੇ ਲੋਕ ਸਵੇਰ ਹੋਣ ਦੀ ਉਡੀਕ ਵਿਚ ਬੈਠੇ ਅਤੇ ਲੇਟੇ ਹੋਏ ਸਨ ਤਾਂ ਲੋਕਾਂ ਦੀ ਭੀੜ ਅਖਾੜਿਆਂ ਦੇ ਅੰਮ੍ਰਿਤ ਇਸ਼ਨਾਨ ਲਈ ਬਣੇ ਬੈਰੀਕੇਡਾਂ ਨੂੰ ਤੋੜਦੇ ਹੋਏ ਘਾਟ ਵੱਲ ਵਧੀ ਅਤੇ ਘਾਟ 'ਤੇ ਲੇਟੇ ਹੋਏ ਲੋਕ ਇਸ ਭੀੜ ਦੀ ਲੇਪਟ ਵਿਚ ਆ ਗਏ।
ਬੇਗੂਸਰਾਏ ਦੀ ਇਕ ਬਜ਼ੁਰਗ ਔਰਤ ਬਦਮਾ ਦੇਵੀ ਨੇ ਕਿਹਾ ਕਿ ਮੈਨੂੰ ਬਚਪਨ 'ਚ ਅਜਿਹਾ ਮੌਕਾ ਨਹੀਂ ਮਿਲਿਆ। ਇਸ ਲਈ ਅਸੀਂ ਮਾਂ ਗੰਗਾ ਵਿਚ ਇਸ਼ਨਾਨ ਕਰਨ ਲਈ ਦੂਰੋਂ ਆਏ ਹਾਂ। ਸਾਨੂੰ ਨਹੀਂ ਪਤਾ ਕਿ ਇੱਥੇ ਇੰਨਾ ਵੱਡਾ ਹਾਦਸਾ ਹੋ ਸਕਦਾ ਹੈ। ਝਾਰਖੰਡ ਦੇ ਪਲਾਮੂ ਤੋਂ ਆਏ ਰਾਮ ਸੁਮਿਰਨ ਨੇ ਭਾਜੜ ਦੀ ਘਟਨਾ ਬਾਰੇ ਕਿਹਾ ਕਿ 144 ਸਾਲਾਂ ਬਾਅਦ ਪਵਿੱਤਰ ਇਸ਼ਨਾਨ ਦਾ ਇਹ ਮੌਕਾ ਆਇਆ ਹੈ, ਜਿਸ ਨੂੰ ਕੋਈ ਵੀ ਗੁਆਉਣਾ ਨਹੀਂ ਚਾਹੁੰਦਾ। ਇਹੀ ਕਾਰਨ ਹੈ ਕਿ ਸੰਗਮ ਦੇ ਕੰਢੇ ਖੁੱਲ੍ਹੇ ਅਸਮਾਨ ਹੇਠ ਦੇਸ਼-ਵਿਦੇਸ਼ ਤੋਂ ਲੋਕ ਡੇਰੇ ਲਾ ਰਹੇ ਸਨ। ਫਿਰ ਉਹ ਬੈਰੀਕੇਡ ਤੋੜਨ ਵਾਲੀ ਭੀੜ ਦੇ ਹੇਠਾਂ ਦੱਬ ਗਏ। ਉਨ੍ਹਾਂ ਕਿਹਾ ਕਿ ਮੌਕੇ 'ਤੇ ਖਿੱਲਰੀਆਂ ਲੋਕਾਂ ਦੀਆਂ ਜੁੱਤੀਆਂ, ਚੱਪਲਾਂ ਅਤੇ ਕੱਪੜੇ ਖੁਦ ਹੀ ਘਟਨਾ ਦੀ ਸੱਚਾਈ ਬਿਆਨ ਕਰਦੇ ਹਨ।
ਭਾਜੜ ਦੀ ਘਟਨਾ ਦੀ ਖ਼ਬਰ ਮਿਲਣ ਦੇ ਬਾਵਜੂਦ ਵੀ ਮੇਲਾ ਖੇਤਰ 'ਚ ਆਉਣ ਵਾਲੇ ਸ਼ਰਧਾਲੂਆਂ ਦੇ ਉਤਸ਼ਾਹ 'ਚ ਕੋਈ ਕਮੀ ਨਹੀਂ ਆਈ ਹੈ ਅਤੇ ਚਾਰੇ ਪਾਸੇ ਤੋਂ ਸ਼ਰਧਾਲੂਆਂ ਦਾ ਮੇਲਾ ਖੇਤਰ ਵਿਚ ਆਉਣਾ ਜਾਰੀ ਹੈ। ਮੇਲਾ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੁੱਧਵਾਰ ਦੁਪਹਿਰ 12 ਵਜੇ ਤੱਕ 10 ਲੱਖ ਕਲਪਾਵਾਸੀਆਂ ਸਮੇਤ 4.24 ਕਰੋੜ ਲੋਕਾਂ ਨੇ ਗੰਗਾ ਅਤੇ ਸੰਗਮ ਵਿਚ ਇਸ਼ਨਾਨ ਕੀਤਾ। ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 19.94 ਕਰੋੜ ਸ਼ਰਧਾਲੂ ਸੰਗਮ ਵਿਚ ਇਸ਼ਨਾਨ ਕਰ ਚੁੱਕੇ ਹਨ।