ਸਮੇਜ ਪੁਲ ਨੇੜੇ ਬੱਦਲ ਫਟਣ ਕਾਰਨ 13 ਲੋਕਾਂ ਦੀ ਮੌਤਾਂ, ਬਚਾਅ ਕਾਰਜ ਜਾਰੀ
Thursday, Aug 08, 2024 - 10:25 AM (IST)
ਸਮੇਜ- ਹਿਮਾਚਲ ਪ੍ਰਦੇਸ਼ ਦੇ ਸ਼੍ਰੀਖੰਡ ਨੇੜੇ ਬੁੱਧਵਾਰ ਰਾਤ ਸਮੇਜ ਅਤੇ ਬਾਗੀ ਪੁਲ 'ਤੇ ਬੱਦਲ ਫਟ ਗਿਆ, ਜਿਸ ਕਾਰਨ 45 ਲੋਕ ਰੁੜ੍ਹ ਗਏ। ਆਫਤ ਪ੍ਰਭਾਵਿਤ ਖੇਤਰ 'ਚ ਬਚਾਅ ਕਾਰਜ ਜਾਰੀ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀ 14ਵੀਂ ਬਟਾਲੀਅਨ ਦੇ ਕਮਾਂਡੈਂਟ ਬਲਜਿੰਦਰ ਸਿੰਘ ਨੇ ਕਿਹਾ ਕਿ ਬਚਾਅ ਕਾਰਜਾਂ 'ਚ ਕੋਈ ਦੇਰੀ ਨਾ ਹੋਵੇ ਇਸ ਲਈ ਇਸ ਸਾਲ NDRF ਦੀਆਂ ਟੀਮਾਂ ਨੂੰ ਹਿਮਾਚਲ ਪ੍ਰਦੇਸ਼ 'ਚ ਪੂਰੀ ਤਰ੍ਹਾਂ ਤਿਆਰ ਕਰ ਕੇ ਭੇਜਿਆ ਗਿਆ ਸੀ। ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਸਾਲ NDRFਟੀਮਾਂ ਨੂੰ ਹਿਮਾਚਲ ਪ੍ਰਦੇਸ਼ ਵਿਚ ਦੂਰ-ਦੁਰਾਡੇ ਦੇ ਸਥਾਨਾਂ 'ਤੇ ਭੇਜਿਆ ਗਿਆ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਚਾਅ ਕਾਰਜਾਂ ਵਿਚ ਕੋਈ ਦੇਰੀ ਨਾ ਹੋਵੇ। ਸਮੇਜ ਵਿਚ ਬੱਦਲ ਫਟਣ ਨਾਲ ਇਕ ਵੱਡੀ ਤਬਾਹੀ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੀਰਵਾਰ ਸਵੇਰ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਸਿੰਘ ਮੁਤਾਬਕ ਅਸੀਂ ਹੁਣ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਹਨ। 10 ਹੋਰ ਲੋਕ ਲਾਪਤਾ ਦੱਸੇ ਜਾ ਰਹੇ ਹਨ। ਅਸੀਂ ਬਚਾਅ ਕਾਰਜਾਂ ਨੂੰ ਯਕੀਨੀ ਬਣਾਵਾਂਗੇ। ਇਸ ਤੋਂ ਪਹਿਲਾਂ 7 ਅਗਸਤ ਨੂੰ IMD ਨੇ ਸੂਬੇ 'ਚ ਮੋਹਲੇਧਾਰ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਸੀ, ਜਿਸ 'ਚ ਮੰਡੀ ਜ਼ਿਲ੍ਹੇ ਦੇ ਜੋਗਿੰਦਰ ਨਗਰ ਵਿਚ 24 ਘੰਟਿਆਂ ਵਿਚ ਸਭ ਤੋਂ ਵੱਧ 110 ਮਿਲੀਮੀਟਰ ਮੀਂਹ ਪਿਆ। ਪਿਛਲੇ 24 ਘੰਟਿਆਂ ਵਿਚ ਲਗਭਗ 75 ਫ਼ੀਸਦੀ ਖੇਤਰਾਂ ਵਿਚ 30 ਮਿਲੀਮੀਟਰ ਤੋਂ 50 ਮਿਲੀਮੀਟਰ ਤੱਕ ਮੀਂਹ ਪਿਆ ਹੈ। IMD ਨੇ ਹੇਠਲੇ ਹਿਮਾਲੀਅਨ ਜ਼ਿਲ੍ਹਿਆਂ ਬਿਲਾਸਪੁਰ, ਹਮੀਰਪੁਰ, ਕਾਂਗੜਾ, ਚੰਬਾ ਅਤੇ ਮੰਡੀ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।