ਉੱਤਰ ਪ੍ਰਦੇਸ਼ 'ਚ ਨਕਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ, 5 ਦੀ ਹਾਲਤ ਗੰਭੀਰ

Friday, May 28, 2021 - 01:44 PM (IST)

ਉੱਤਰ ਪ੍ਰਦੇਸ਼ 'ਚ ਨਕਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ, 5 ਦੀ ਹਾਲਤ ਗੰਭੀਰ

ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਇਕ ਦੁਕਾਨ ਤੋਂ ਖਰੀਦੀ ਗਈ ਨਕਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਨਾਲ ਬੀਮਾਰ ਹੋ ਗਏ। ਅਲੀਗੜ੍ਹ ਦੇ ਜ਼ਿਲ੍ਹਾ ਅਧਿਕਾਰੀ ਚੰਦਰਭੂਸ਼ਣ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਹੋਰ ਬੀਮਾਰ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਸਮੇਂਬੱਧ ਮੈਜਿਸਟ੍ਰੇਟੀ ਜਾਂਚ ਦਾ ਆਦੇਸ਼ ਦੇ ਦਿੱਤਾ ਗਿਆ ਹੈ ਅਤੇ ਇਹ ਜਾਂਚ ਐਡੀਸ਼ਨਲ ਜ਼ਿਲ੍ਹਾ ਅਧਿਕਾਰੀ ਪੱਧਰ ਦੇ ਇਕ ਅਧਿਕਾਰੀ ਵਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ 'ਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਪ੍ਰਸ਼ਾਸਨ ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) ਲਗਾ ਸਕਦਾ ਹੈ। 

ਇਸ ਤੋਂ ਪਹਿਲਾਂ ਅਲੀਗੜ੍ਹ ਦੇ ਪੁਲਸ ਡਿਪਟੀ ਜਨਰਲ ਇੰਸਪੈਕਟਰ (ਡੀ.ਆਈ.ਜੀ.) ਦੀਪਕ ਕੁਮਾਰ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਲੋਢਾ ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਅਲੀਗੜ੍ਹ-ਟੱਪਲ ਹਾਈਵੇਅ 'ਤੇ ਇੱਥੋਂ ਕਰੀਬ 20 ਕਿਲੋਮੀਟਰ ਦੂਰ ਕਰਸੀਆ ਪਿੰਡ 'ਚ ਇਕ ਠੇਕੇ ਤੋਂ ਦੇਸੀ ਸ਼ਰਾਬ ਪੀਣ ਨਾਲ 2 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਟਰੱਕ ਚਾਲਕਾਂ ਦੇ ਰੂਪ 'ਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਚਾਲਕ ਅਲੀਗੜ੍ਹ-ਟੱਪਲ ਸਟੇਟ ਹਾਈਵੇਅ 'ਤੇ ਸਥਿਤ ਇਕ ਗੈਸ ਡਿਪੋ 'ਚ ਕੰਮ ਦੇ ਸਿਲਸਿਲੇ 'ਚ ਆਏ ਸਨ। ਜਦੋਂ ਤੱਕ ਪੁਲਸ ਅਤੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ, ਉਦੋਂ ਤੱਕ ਸੂਚਨਾ ਮਿਲੀ ਕਿ ਕਰਸੀਆ ਅਤੇ ਨੇੜੇ-ਤੇੜੇ ਦੇ ਕੁਝ ਹੋਰ ਪਿੰਡਾਂ 'ਚ 6 ਹੋਰ ਲੋਕਾਂ ਨੇ ਵੀ ਸ਼ਰਾਬ ਦੀ ਲਪੇਟ 'ਚ ਆ ਕੇ ਦਮ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਨੂੰ ਇਲਾਕੇ 'ਚ ਭੇਜਿਆ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਡੀ. ਸ਼ਰਮਾ ਨੇ ਦੱਸਿਆ ਕਿ ਗੰਭੀਰ ਹਾਲਤ 'ਚ 5 ਪਿੰਡ ਵਾਸੀਆਂ ਨੂੰ ਦੀਨਦਿਆਲ ਉਪਾਧਿਆਏ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਬੰਧਤ ਸ਼ਰਾਬ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪ੍ਰੀਖਣ ਲਈ ਨਮੂਨੇ ਇਕੱਠੇ ਕੀਤੇ ਗਏ ਹਨ। ਸਥਾਨਕ ਵਾਸੀਆਂ ਅਨੁਸਾਰ ਵੀਰਵਾਰ ਸ਼ਾਮ ਕੁਝ ਪਿੰਡ ਵਾਸੀਆਂ ਦੇ ਬੀਮਾਰ ਹੋਣ ਦੀ ਜਾਣਕਾਰੀ ਮਿਲੀ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਨੇੜੇ-ਤੇੜੇ ਦੇ ਪਿੰਡਾਂ ਦੇ ਕਈ ਲੋਕਾਂ ਨੇ ਵੀ ਸ਼ਰਾਬ ਦਾ ਸੇਵਨ ਕੀਤਾ ਸੀ ਅਤੇ ਉਨ੍ਹਾਂ ਬਾਰੇ ਜਾਣਕਾਰੀ ਹਾਲੇ ਸਪੱਸ਼ਟ ਨਹੀਂ ਹੈ।


author

DIsha

Content Editor

Related News