ਦਿੱਲੀ ਉੱਪ ਰਾਜਪਾਲ ਦਾ ਵੱਡਾ ਐਕਸ਼ਨ; ਆਬਕਾਰੀ ਨੀਤੀ ਲਾਗੂ ਕਰਨ ’ਚ ਕੁਤਾਹੀ ਲਈ 11 ਅਧਿਕਾਰੀ ਕੀਤੇ ਮੁਅੱਤਲ

Saturday, Aug 06, 2022 - 05:09 PM (IST)

ਨਵੀਂ ਦਿੱਲੀ– ਦਿੱਲੀ ਦੇ ਉਪ ਰਾਜਪਾਲ ਵੀ.ਕੇ ਸਕਸੈਨਾ ਨੇ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਵਿਚ ‘ਗੰਭੀਰ ਕੁਤਾਹੀ’ ਲਈ ਰਾਸ਼ਟਰੀ ਰਾਜਧਾਨੀ ਦੇ ਸਾਬਕਾ ਆਬਕਾਰੀ ਕਮਿਸ਼ਨਰ ਆਰਵ ਗੋਪੀਕ੍ਰਿਸ਼ਨ ਅਤੇ ਡਿਪਟੀ ਆਬਕਾਰੀ ਕਮਿਸ਼ਨਰ ਆਨੰਦ ਕੁਮਾਰ ਤਿਵਾੜੀ ਸਮੇਤ 11 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਪ ਰਾਜਪਾਲ ਦਫ਼ਤਰ ਦੇ ਸੂਤਰਾਂ ਮੁਤਾਬਕ ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਦੇ DANICS ਕੇਡਰ ਦੇ ਤਿੰਨ ਅਧਿਕਾਰੀਆਂ ਅਤੇ ਛੇ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

ਸੂਤਰਾਂ ਮੁਤਾਬਕ ਉਪ ਰਾਜਪਾਲ ਨੇ ਆਬਕਾਰੀ ਨੀਤੀ ਨੂੰ ਲਾਗੂ ਕਰਨ ਵਿਚ ਸਬੰਧਤ ਅਥਾਰਟੀਆਂ ਦੀਆਂ ਗੰਭੀਰ ਖਾਮੀਆਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ, ਜਿਸ ’ਚ ਟੈਂਡਰਾਂ ਨੂੰ ਅੰਤਿਮ ਰੂਪ ਦੇਣ ਵਿਚ ਬੇਨਿਯਮੀਆਂ ਅਤੇ ਚੁਨਿੰਦਾ ਵਿਕਰੇਤਾਵਾਂ ਨੂੰ ਪੋਸਟ-ਟੈਂਡਰ ਲਾਭ ਪ੍ਰਦਾਨ ਕਰਨਾ ਸ਼ਾਮਲ ਹੈ। ਸਕਸੈਨਾ ਨੇ ਇਹ ਕਾਰਵਾਈ ਡਾਇਰੈਕਟੋਰੇਟ ਆਫ ਵਿਜੀਲੈਂਸ (ਡੀ.ਓ.ਵੀ) ਵੱਲੋਂ ਦਾਇਰ ਜਾਂਚ ਰਿਪੋਰਟ ਦੇ ਆਧਾਰ ’ਤੇ ਕੀਤੀ ਹੈ।

ਜ਼ਿਕਰਯੋਗ ਹੈ ਕਿ ਉਪ ਰਾਜਪਾਲ ਪਹਿਲਾਂ ਹੀ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਵਿਚ ਨਿਯਮਾਂ ਦੀ ਕਥਿਤ ਉਲੰਘਣਾ ਅਤੇ ਪ੍ਰਕਿਰਿਆ ਦੀਆਂ ਖਾਮੀਆਂ ਦੀ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਜਾਂਚ ਦੀ ਸਿਫਾਰਸ਼ ਕਰ ਚੁੱਕੇ ਹਨ। ਦਰਅਸਲ 17 ਨਵੰਬਰ, 2021 ਨੂੰ ਲਾਗੂ ਕੀਤੀ ਗਈ ਨਵੀਂ ਆਬਕਾਰੀ ਨੀਤੀ ਤਹਿਤ 32 ਜ਼ੋਨਾਂ ’ਚ ਵੰਡੇ ਗਏ ਸ਼ਹਿਰ ਦੀਆਂ 849 ਸ਼ਰਾਬ ਦੀਆਂ ਦੁਕਾਨਾਂ ਲਈ ਪ੍ਰਾਈਵੇਟ ਫਰਮਾਂ ਨੂੰ ਪ੍ਰਚੂਨ ਲਾਇਸੈਂਸ ਜਾਰੀ ਕੀਤੇ ਗਏ ਸਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਹੁਣ ਇਸ ਨੀਤੀ ਨੂੰ ਵਾਪਸ ਲੈ ਲਿਆ ਹੈ।


Tanu

Content Editor

Related News