ਭਾਜਪਾ ਦੇ 435 ਉਮੀਦਵਾਰਾਂ ’ਚੋਂ 106 ਦਲ-ਬਦਲੂ, ਪਿਛਲੇ 10 ਸਾਲਾਂ ’ਚ ਪਲਟਿਆ ਪਾਸਾ

Friday, May 17, 2024 - 12:58 PM (IST)

ਭਾਜਪਾ ਦੇ 435 ਉਮੀਦਵਾਰਾਂ ’ਚੋਂ 106 ਦਲ-ਬਦਲੂ, ਪਿਛਲੇ 10 ਸਾਲਾਂ ’ਚ ਪਲਟਿਆ ਪਾਸਾ

ਨਵੀਂ ਦਿੱਲੀ- ਦੇਸ਼ ’ਚ ਹੁਣ ਪਾਰਟੀ ਬਦਲਣ ਦੀ ਰਵਾਇਤ ’ਤੇ ਆਮ ਲੋਕਾਂ ਨੂੰ ਜ਼ਿਆਦਾ ਹੈਰਾਨੀ ਨਹੀਂ ਹੁੰਦੀ। ਇਸ ਲਈ ਕਦੋਂ ਕਿਹੜਾ ਨੇਤਾ ਕਿਸ ਪਾਰਟੀ ’ਚ ਨਜ਼ਰ ਆ ਜਾਵੇ ਇਹ ਇਕ ਆਮ ਗੱਲ ਹੋ ਗਈ ਹੈ। ਇਸ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਸਿਆਸੀ ਪਾਰਟੀਆਂ ਦੇ ਨੇਤਾ ਆਪਣੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਭਾਜਪਾ ਦੀ 435 ਉਮੀਦਵਾਰਾਂ ਦੀ ਸੂਚੀ ’ਚ 106 ਉਮੀਦਵਾਰ ਅਜਿਹੇ ਹਨ, ਜੋ ਪਿਛਲੇ 10 ਸਾਲਾਂ ’ਚ ਹੋਰ ਸਿਆਸੀ ਪਾਰਟੀਆਂ ਤੋਂ ਭਗਵਾ ਪਾਰਟੀ ’ਚ ਆਏ ਹਨ। ਜਦਕਿ ਇਨ੍ਹਾਂ ’ਚੋਂ 90 ਅਜਿਹੇ ਵੀ ਹਨ, ਜੋ ਕਰੀਬ ਪੰਜ ਸਾਲ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਚੋਣਾਂ ’ਚ ਭਾਜਪਾ ਦੀ ਸਾਰੀ ਜ਼ਿੰਮੇਵਾਰੀ ਦਲ-ਬਦਲੂਆਂ ’ਤੇ ਹੈ।

ਯੂ. ਪੀ. ’ਚ ਭਾਜਪਾ ਦੇ 31 ਫੀਸਦੀ ਉਮੀਦਵਾਰ ਦਲ-ਬਦਲੂ

ਭਾਜਪਾ ’ਚ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਸਭ ਤੋਂ ਉੱਪਰ ਹੈ। ਇਥੇ ਪਿਛਲੇ ਇਕ ਦਹਾਕੇ ਤੋਂ ਸੰਸਦੀ ਅਤੇ ਵਿਧਾਨ ਸਭਾ ਚੋਣਾਂ ’ਚ ਭਾਜਪਾ ਦਾ ਦਬਦਬਾ ਰਿਹਾ ਹੈ। ਭਾਵੇਂ ਉਹ ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ। ਇਥੇ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਇਕ ਸਾਥੀ ਨੂੰ ਛੱਡ ਕੇ ਭਾਜਪਾ ਦੇ ਸਾਰੇ 74 ਉਮੀਦਵਾਰਾਂ ’ਚੋਂ 23 ਅਜਿਹੇ ਹਨ, ਜੋ ਸਾਲ 2014 ਤੋਂ ਬਾਅਦ ਕਿਸੇ ਸਮੇਂ ਭਾਜਪਾ ’ਚ ਸ਼ਾਮਲ ਹੋਏ ਹਨ। ਸੂਬੇ ’ਚ ਭਾਜਪਾ ਉਮੀਦਵਾਰਾਂ ਦੀ ਗਿਣਤੀ 31 ਫੀਸਦੀ ਹੈ।

ਹਰਿਆਣਾ ਅਤੇ ਪੰਜਾਬ ’ਚ ਵੀ ਭਾਜਪਾ ਦੇ ਦਲ-ਬਦਲੂ ਉਮੀਦਵਾਰ

ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਪਿਛਲੇ ਇਕ ਦਹਾਕੇ ਤੋਂ ਭਾਜਪਾ ਦੀ ਮੌਜੂਦਗੀ ਹੈ। ਇਸ ਦੇ ਬਾਵਜੂਦ ਸੂਬੇ ’ਚ ਭਾਜਪਾ ਦੇ 10 ’ਚੋਂ 6 ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਨੇ 2014 ਤੋਂ ਬਾਅਦ ਪਾਰਟੀਆਂ ਬਦਲੀਆਂ ਹਨ। ਇਨ੍ਹਾਂ ’ਚੋਂ ਦੋ, ਨਵੀਨ ਜਿੰਦਲ ਅਤੇ ਅਸ਼ੋਕ ਤੰਵਰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਇਸੇ ਤਰ੍ਹਾਂ ਪੰਜਾਬ ’ਚ ਪਾਰਟੀ ਦੇ 13 ਉਮੀਦਵਾਰਾਂ ’ਚੋਂ ਅੱਧੇ ਤੋਂ ਵੱਧ ਅਜਿਹੇ ਹਨ, ਜੋ ਕੁਝ ਸਮਾਂ ਪਹਿਲਾਂ ਤੱਕ ਦੂਜੀਆਂ ਪਾਰਟੀਆਂ ਵਿਚ ਸਨ। ਇਨ੍ਹਾਂ ’ਚੋਂ ਕੁਝ ਕਾਂਗਰਸ ਵਿਚ ਸਨ ਪਰ ਅਮਰਿੰਦਰ ਸਿੰਘ ਦੇ ਨਾਲ ਹੀ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ, ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਨੂੰ ਭਗਵਾ ਪਾਰਟੀ ’ਚ ਮਿਲਾ ਲਿਆ।

ਝਾਰਖੰਡ ’ਚ ਵੀ ਅਜਿਹੇ ਹੀ ਹਾਲਾਤ

ਝਾਰਖੰਡ ਦੇ ਹਾਲਾਤ ਪੰਜਾਬ ਵਰਗੇ ਹੀ ਹਨ, ਜਿੱਥੇ 13 ’ਚੋਂ 7 ਉਮੀਦਵਾਰ ਇਕ ਦਹਾਕਾ ਜਾਂ ਇਸ ਤੋਂ ਘੱਟ ਸਮਾਂ ਪਹਿਲਾਂ ਦੂਜੀਆਂ ਪਾਰਟੀਆਂ ਦੇ ਮੈਂਬਰ ਸਨ। ਇਸ ਮਾਮਲੇ ’ਚ ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.) ਦੇ ਮੈਂਬਰ, ਕਾਂਗਰਸ ਅਤੇ ਤੱਤਕਾਲੀਨ ਝਾਰਖੰਡ ਵਿਕਾਸ ਮੋਰਚਾ (ਜੇ. ਵੀ. ਐੱਮ.) ਤੋਂ ਹਨ, ਜਿਨ੍ਹਾਂ ’ਚੋਂ ਸਭ ਤੋਂ ਹਾਈ ਪ੍ਰੋਫਾਈਲ ਸੀਤਾ ਸੋਰੇਨ ਹਨ। ਸੀਤਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਰਜਾਈ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਆਂਧਰਾ ਪ੍ਰਦੇਸ਼ ’ਚ ਭਾਜਪਾ ਦੇ 6 ਉਮੀਦਵਾਰ ਦੂਜੀਆਂ ਪਾਰਟੀਆਂ ਤੋਂ ਆਏ ਹਨ। 2019 ਤੋਂ ਹੁਣ ਤੱਕ ਉਨ੍ਹਾਂ ’ਚੋਂ ਇਕ ਨੂੰ ਛੱਡ ਕੇ ਸਾਰੇ ਕਿਸੇ ਨਾ ਕਿਸੇ ਦੂਸਰੀਆਂ ਪਾਰਟੀ ਦੇ ਹਨ। ਇਨ੍ਹਾਂ ’ਚ ਨਾ ਸਿਰਫ ਕਾਂਗਰਸ ਅਤੇ ਵਾਈ. ਐੱਸ. ਆਰ. ਸੀ. ਪੀ. ਤੋਂ ਆਏ ਨੇਤਾ ਸ਼ਾਮਲ ਹਨ। ਜਦਕਿ ਭਾਜਪਾ ਦੀ ਮੌਜੂਦਾ ਸਹਿਯੋਗੀ ਟੀ. ਡੀ. ਪੀ. ਤੋਂ ਆਏ ਨੇਤਾਵਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ।

ਗੁਆਂਢੀ ਸੂਬਾ ਤੇਲੰਗਾਨਾ ’ਚ ਭਾਜਪਾ ਦੇ 17 ਉਮੀਦਵਾਰਾਂ ’ਚੋਂ ਦੋ ਤਿਹਾਈ ਉਮੀਦਵਾਰ ਹੋਰ ਪਾਰਟੀਆਂ ਤੋਂ ਆਏ ਹਨ, ਜਿਨ੍ਹਾਂ ’ਚ ਮੁੱਖ ਤੌਰ ’ਤੇ ਬੀ. ਆਰ. ਐੱਸ. ਅਤੇ ਕਾਂਗਰਸ ਹਨ। ਅਜਿਹੇ 11 ਉਮੀਦਵਾਰਾਂ ’ਚੋਂ 6 ਇਨ੍ਹਾਂ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਅਜਿਹੇ ਸੂਬੇ ਹਨ, ਜਿੱਥੇ ਭਾਜਪਾ ਦੀ ਮੌਜੂਦਗੀ ਸੀਮਿਤ ਰਹੀ ਹੈ।

ਇਸੇ ਤਰ੍ਹਾਂ ਭਾਜਪਾ ਨੇ ਓਡਿਸ਼ਾ ’ਚ 29 ਫੀਸਦੀ ਅਤੇ ਤਾਮਿਲਨਾਡੂ ’ਚ 26 ਫੀਸਦੀ ਉਮੀਦਵਾਰ ਉਨ੍ਹਾਂ ਨੇਤਾਵਾਂ ਨੂੰ ਬਣਾਇਆ, ਜੋ ਦੂਜੀਆਂ ਪਾਰਟੀਆਂ ਤੋਂ ਆਏ ਸਨ। ਇਨ੍ਹਾਂ ਸੂਬਿਆਂ ’ਚ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਟਿਕਟਾਂ ਦੇਣਾ ਵੀ ਭਾਜਪਾ ਦੀ ਮਜਬੂਰੀ ਹੈ ਕਿਉਂਕਿ ਇਹ ਭਾਜਪਾ ਦੇ ਗੜ੍ਹ ਨਹੀਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਵਿਚ ਵੀ ਭਾਜਪਾ ਦੇ ਇਕ ਚੌਥਾਈ ਉਮੀਦਵਾਰ ਪਾਲਾ ਬਦਲ ਕੇ ਪਾਰਟੀ ’ਚ ਸ਼ਾਮਲ ਹੋ ਗਏ ਹਨ। ਇਹ ਯਕੀਨੀ ਤੌਰ ’ਤੇ ਸੂਬੇ ਦੀ ਸਿਆਸਤ ’ਚ ਖਾਸ ਕਰ ਕੇ ਪਿਛਲੇ ਪੰਜ ਸਾਲਾਂ ਵਿਚ ਆਈਆਂ ਵੱਡੀਆਂ ਤਬਦੀਲੀਆਂ ਦਾ ਲੱਛਣ ਹੈ। ਜੇਕਰ ਅਸੀਂ ਪੱਛਮੀ ਬੰਗਾਲ ’ਚ ਭਾਜਪਾ ਦੇ ਉਮੀਦਵਾਰਾਂ ਨੂੰ ਦੇਖੀਏ ਤਾਂ ਸਥਿਤੀ ਮਹਾਰਾਸ਼ਟਰ ਵਰਗੀ ਹੀ ਨਜ਼ਰ ਆਉਂਦੀ ਹੈ। ਹਾਲਾਂਕਿ, ਇਹ ਅਨੁਪਾਤ ਬਾਕੀ ਸਾਰੇ ਸੂਬਿਆਂ ’ਚ ਘੱਟ ਹੈ। ਦਿਲਚਸਪ ਗੱਲ ਇਹ ਹੈ ਕਿ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਗੁਜਰਾਤ ਵਿਚ ਵੀ 2014 ਤੋਂ ਬਾਅਦ ਦੋ ਉਮੀਦਵਾਰ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ।


author

Rakesh

Content Editor

Related News