ਲਾਹੌਲ-ਸਪਿਤੀ ’ਚ 18 ਤੋਂ 44 ਉਮਰ ਵਰਗ ਦਾ 100 ਫ਼ੀਸਦੀ ਟੀਕਾਕਰਨ
Sunday, Jun 27, 2021 - 06:23 PM (IST)
ਕੇਲਾਂਗ— ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਲਾਹੌਲ-ਸਪਿਤੀ ਜ਼ਿਲ੍ਹੇ ਵਿਚ 18 ਸਾਲ ਤੋਂ ਉੱਪਰ ਉਮਰ ਵਰਗ ਦੇ 100 ਫ਼ੀਸਦੀ ਟੀਕਾਕਰਨ ਦਾ ਟੀਚਾ ਪ੍ਰਾਪਤ ਕਰ ਲਿਆ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ ਪੰਕਜ ਰਾਏ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਉੱਪਰ ਦੇ ਉਮਰ ਵਰਗ ਦੇ 19,244 ਲੋਕਾਂ ਨੂੰ ਪਹਿਲੀ ਡੋਜ਼ ਲਾ ਦਿੱਤੀ ਗਈ ਹੈ ਅਤੇ ਹੁਣ 45 ਸਾਲ ਤੋਂ ਉੱਪਰ ਦੀ ਉਮਰ ਵਰਗ ਨੂੰ ਦੂਜੀ ਡੋਜ਼ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਟੀਚਾ ਆਉਣ ਵਾਲੇ 10 ਦਿਨਾਂ ਵਿਚ ਪੂਰਾ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਜ਼ਿਲ੍ਹੇ ਦੇ ਮੁਸ਼ਕਲ ਭਗੌਲਿਕ ਹਾਲਾਤ ਦੇ ਬਾਵਜੂਦ ਲਾਹੌਲ-ਸਪਿਤੀ ਵਿਚ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਕਈ ਇਲਾਕਿਆਂ ਵਿਚ ਇੰਟਰਨੈੱਟ ਸਹੂਲਤ ਅਤੇ ਸੰਚਾਰ ਸਹੂਲਤ ਨਾ ਹੋਣ ਦੀਆਂ ਮੁਸ਼ਕਲਾਂ ਦੇ ਬਾਵਜੂਦ ਆਸ਼ਾ ਵਰਕਰਾਂ ਨੇ ਸ਼ਲਾਘਾਯੋਗ ਕੰਮ ਕਰਦੇ ਹੋਏ ਘਰ-ਘਰ ਜਾ ਕੇ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕੀਤਾ।
ਹੁਣ ਅੱਜ ਤੋਂ ਅਗਲੇ ਪੜਾਅ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਅਧੀਨ 45 ਸਾਲ ਤੋਂ ਉੱਪਰ ਉਮਰ ਵਰਗ ਦੇ ਲੋਕਾਂ ਨੂੰ ਦੂਜੀ ਡੋਜ਼ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਥਾਨਕ ਲੋਕਾਂ ਕੋਲ ਵਰਕਰ ਅਤੇ ਬੀ. ਆਰ. ਓ. ਦੇ ਪ੍ਰਵਾਸੀ ਮਜ਼ਦੂਰਾਂ ਦੀ ਟੀਕਾਕਰਨ ਮੁਹਿੰਮ ਵੀ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਮੁਹਿੰਮ ਹੈਲਥ ਵਰਕਰ ਤੋਂ ਸ਼ੁਰੂ ਹੋਈ ਸੀ, ਫਿਰ ਫਰੰਟ ਲਾਈਨ ਅਤੇ ਹੁਣ ਸਾਰੇ ਪਾਤਰ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ।