1 ਕਰੋੜ ਦਾ ਸਕਾਲਰਸ਼ਿਪ ਘੁਟਾਲਾ: ਕਾਲਜ ਤੇ ਬੈਂਕ ਅਧਿਕਾਰੀਆਂ ਨੇ ਮਿਲ ਕੇ ਹੜੱਪੀ ਵਿਦਿਆਰਥੀਆਂ ਦੀ ਰਾਸ਼ੀ
Monday, Jul 13, 2026 - 10:35 PM (IST)
ਭੋਪਾਲ - ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸਰਕਾਰੀ ਸਕਾਲਰਸ਼ਿਪ (ਵਜ਼ੀਫ਼ਾ) ਨਾਲ ਜੁੜਿਆ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਹੈ, ਜਿਸ ਨੇ ਸਿੱਖਿਆ ਅਤੇ ਬੈਂਕਿੰਗ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਥੋਂ ਦੇ ਇੱਕ ਨਿੱਜੀ ਮੈਨੇਜਮੈਂਟ ਕਾਲਜ ਦੇ ਅਧਿਕਾਰੀਆਂ ਅਤੇ ਯੂਕੋ ਬੈਂਕ (UCO Bank) ਦੇ ਕਰਮਚਾਰੀਆਂ ਨੇ ਕਥਿਤ ਮਿਲੀਭੁਗਤ ਨਾਲ ਐਮਬੀਏ (MBA) ਵਿਦਿਆਰਥੀਆਂ ਦੇ ਨਾਂ 'ਤੇ ਕਰੀਬ ਇੱਕ ਕਰੋੜ ਰੁਪਏ ਦੀ ਸਕਾਲਰਸ਼ਿਪ ਹੜੱਪ ਲਈ ਹੈ। ਇਸ ਖ਼ੁਲਾਸੇ ਤੋਂ ਬਾਅਦ ਸੀਬੀਆਈ (CBI) ਨੇ ਬੈਂਕ ਮੈਨੇਜਰ ਸਮੇਤ ਛੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਸੀਬੀਆਈ ਦੀ ਮੁਢਲੀ ਜਾਂਚ ਅਨੁਸਾਰ, ਜਨਵਰੀ 2020 ਤੋਂ ਅਕਤੂਬਰ 2021 ਦਰਮਿਆਨ 'ਅਕੈਡਮੀ ਆਫ ਮੈਨੇਜਮੈਂਟ ਭੋਪਾਲ' ਦੇ ਅਧਿਕਾਰੀਆਂ ਅਤੇ ਯੂਕੋ ਬੈਂਕ ਦੀ ਹਬੀਬਗੰਜ ਸ਼ਾਖਾ ਦੇ ਅਧਿਕਾਰੀਆਂ ਨੇ ਮਿਲ ਕੇ ਇਸ ਸਾਜ਼ਿਸ਼ ਨੂੰ ਰਚਿਆ। ਇਸ ਦੌਰਾਨ ਵਿਦਿਆਰਥੀਆਂ ਦੇ ਨਾਂ 'ਤੇ 118 ਜਾਅਲੀ ਬੈਂਕ ਖਾਤੇ ਖੋਲ੍ਹੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਨਾਂ 'ਤੇ ਖਾਤੇ ਖੁੱਲ੍ਹੇ, ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਤੱਕ ਨਹੀਂ ਸੀ। ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਫਾਰਮਾਂ 'ਤੇ ਜਾਅਲੀ ਹਸਤਾਖਰ ਕੀਤੇ ਅਤੇ ਕੇਵਾਈਸੀ (KYC) ਨਿਯਮਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ।
ਘੁਟਾਲੇ ਨੂੰ ਲੁਕਾਉਣ ਲਈ ਖਾਤਿਆਂ ਨਾਲ ਵਿਦਿਆਰਥੀਆਂ ਦੇ ਮੋਬਾਈਲ ਨੰਬਰ ਜੋੜਨ ਦੀ ਬਜਾਏ ਕਾਲਜ ਅਧਿਕਾਰੀਆਂ ਦੇ ਨੰਬਰ ਲਗਾਏ ਗਏ ਸਨ, ਤਾਂ ਜੋ ਬੈਂਕ ਟ੍ਰਾਂਜੈਕਸ਼ਨਾਂ ਦੇ ਓਟੀਪੀ (OTP) ਸਿੱਧਾ ਉਨ੍ਹਾਂ ਕੋਲ ਪਹੁੰਚ ਸਕਣ। ਇੰਨਾ ਹੀ ਨਹੀਂ, ਬੈਂਕ ਨਿਯਮਾਂ ਦੀ ਉਲੰਘਣਾ ਕਰਦਿਆਂ ਵਿਦਿਆਰਥੀਆਂ ਦੇ ਏਟੀਐਮ (ATM) ਕਾਰਡ ਵੀ ਕਾਲਜ ਕਰਮਚਾਰੀ ਰਾਮ ਸਿੰਘ ਵਰਮਾ ਨੂੰ ਸੌਂਪ ਦਿੱਤੇ ਗਏ ਸਨ। ਜਿਵੇਂ ਹੀ ਸਰਕਾਰ ਵੱਲੋਂ ਸਕਾਲਰਸ਼ਿਪ ਦੇ ਪੈਸੇ ਖਾਤਿਆਂ ਵਿੱਚ ਆਉਂਦੇ, ਮੁਲਜ਼ਮ ਤੁਰੰਤ ਉਨ੍ਹਾਂ ਨੂੰ ਕਢਵਾ ਲੈਂਦੇ ਸਨ। ਜਾਂਚ ਅਨੁਸਾਰ ਹੁਣ ਤੱਕ ਕੁੱਲ 99,48,000 ਰੁਪਏ ਦਾ ਗਬਨ ਸਾਹਮਣੇ ਆਇਆ ਹੈ।
ਸੀਬੀਆਈ ਨੇ ਇਸ ਮਾਮਲੇ ਵਿੱਚ ਯੂਕੋ ਬੈਂਕ ਦੀ ਤਤਕਾਲੀ ਸੀਨੀਅਰ ਮੈਨੇਜਰ ਪ੍ਰੇਮਾ ਵਰਮਾ, ਕਾਲਜ ਡਾਇਰੈਕਟਰ ਵਿਨੈ ਮਲਹੋਤਰਾ, ਪ੍ਰੋਫੈਸਰ ਆਦਿਤਿਆ ਮਲਹੋਤਰਾ, ਅਸਿਸਟੈਂਟ ਪ੍ਰੋਫੈਸਰ ਮਨੋਜ ਜੈਨ, ਵਿਨੇਸ਼ ਮੇਸ਼ਰਾਮ ਅਤੇ ਕਰਮਚਾਰੀ ਰਾਮ ਸਿੰਘ ਵਰਮਾ ਨੂੰ ਮੁਲਜ਼ਮ ਬਣਾਇਆ ਹੈ। ਇਨ੍ਹਾਂ 'ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਰਗੀਆਂ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ।
ਬੈਂਕ ਦੇ ਜ਼ੋਨਲ ਹੈੱਡ ਲੋਕਸ਼ ਕੁਮਾਰ ਵੱਲੋਂ ਸ਼ੱਕੀ ਲੈਣ-ਦੇਣ ਦੀ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ। ਫਿਲਹਾਲ ਸੀਬੀਆਈ ਡਿਜੀਟਲ ਰਿਕਾਰਡ, ਸੀਸੀਟੀਵੀ ਫੁਟੇਜ ਅਤੇ ਹੋਰ ਦਸਤਾਵੇਜ਼ਾਂ ਦੀ ਪੜਤਾਲ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।
