ਦੇਸ਼ 'ਚ 10 ਤੋਂ 17 ਸਾਲ ਤੱਕ ਦੇ ਡੇਢ ਕਰੋੜ ਤੋਂ ਵਧੇਰੇ ਬੱਚੇ ਨਸ਼ਿਆਂ ਦੇ ਆਦੀ: ਸਰਕਾਰ

Thursday, Dec 15, 2022 - 03:21 PM (IST)

ਨਵੀਂ ਦਿੱਲੀ- ਦੇਸ਼ 'ਚ 10 ਤੋਂ 17 ਸਾਲ ਦੀ ਉਮਰ ਦੇ 1.58 ਕਰੋੜ ਬੱਚੇ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ਦੇ ਆਦੀ ਹਨ। ਸਰਕਾਰ ਨੇ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ। ਅਦਾਲਤ ਦੇ ਇਕ ਹੁਕਮ ਮਗਰੋਂ ਕੀਤੇ ਗਏ ਸਰਵੇ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੇ ਕਿਹਾ ਕਿ ਸ਼ਰਾਬ ਭਾਰਤੀਆਂ ਵੱਲੋਂ ਸਭ ਤੋਂ ਵੱਧ ਪੀਤਾ ਜਾਣ ਵਾਲਾ ਪਦਾਰਥ ਹੈ। ਇਸ ਤੋਂ ਬਾਅਦ ਭੰਗ ਅਤੇ ਅਫੀਮ ਹੈ। ਲਗਭਗ 16 ਕਰੋੜ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ ਅਤੇ 5.7 ਕਰੋੜ ਤੋਂ ਵੱਧ ਵਿਅਕਤੀ ਗੰਭੀਰ ਆਦਤ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੈ। 

ਸਰਕਾਰ ਨੇ ਕਿਹਾ ਕਿ 3.1 ਕਰੋੜ ਵਿਅਕਤੀ ਭੰਗ ਉਤਪਾਦਾਂ ਦਾ ਇਸਤੇਮਾਲ ਕਰਦੇ ਹਨ ਅਤੇ ਲਗਭਗ 25 ਲੱਖ ਲੋਕ ਭੰਗ ਦੀ ਆਦਤ ਤੋਂ ਪੀੜਤ ਹਨ। ਸਰਕਾਰ ਮੁਤਾਬਕ 2.26 ਕਰੋੜ ਲੋਕ ਅਫੀਮ ਦਾ ਇਸਤੇਮਾਲ ਕਰਦੇ ਹਨ ਅਤੇ ਲਗਭਗ 77 ਲੱਖ ਲੋਕਾਂ ਨੂੰ ਅਫੀਮ ਦੀ ਇਸਤੇਮਾਲ ਨਾਲ ਜੁੜੀਆਂ ਸਮੱਸਿਆਵਾਂ ਲਈ ਮਦਦ ਦੀ ਲੋੜ ਹੈ। ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਜਸਟਿਸ ਕੇ.ਐਮ.ਜੋਸਫ਼ ਅਤੇ ਜਸਟਿਸ ਬੀ.ਵੀ. ਨਾਗਰਤਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ 2016 ਦੇ ਫੈਸਲੇ ਤੋਂ ਬਾਅਦ  ਭਾਰਤ ਵਿਚ ਨਸ਼ਿਆਂ ਦੇ ਇਸਤੇਮਾਲ ਦੀ ਹੱਦ ਅਤੇ ਤੌਰ-ਤਰੀਕਿਆਂ 'ਤੇ ਇਕ ਸਰਵੇ ਕਰਵਾਇਆ ਸੀ।

ਭਾਟੀ ਕਿਹਾ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ 14 ਦਸੰਬਰ 2016 ਦੇ ਆਪਣੇ ਫੈਸਲੇ ਵਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਸ਼ਿਆਂ ਦੀ ਵਰਤੋਂ 'ਤੇ ਰਾਸ਼ਟਰੀ ਡੇਟਾਬੇਸ ਤਿਆਰ ਕਰਨ ਲਈ ਆਪਣੀ ਕਿਸਮ ਦਾ ਪਹਿਲਾ ਰਾਸ਼ਟਰੀ ਸਰਵੇ ਪੂਰਾ ਕੀਤਾ ਸੀ। ਓਧਰ ਐੱਨ. ਜੀ. ਓ 'ਬਚਪਨ ਬਚਾਓ ਅੰਦੋਲਨ' ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ.ਐੱਸ ਫੂਲਕਾ ਨੇ ਦਲੀਲ ਦਿੱਤੀ ਕਿ ਸਰਕਾਰ 2016 'ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਨਜਿੱਠਣ ਲਈ ਆਪਣੀ ਰਾਸ਼ਟਰੀ ਯੋਜਨਾ ਵਿਚ ਸਾਰੇ ਪਹਿਲੂਆਂ ਨੂੰ ਸ਼ਾਮਲ ਨਹੀਂ ਕੀਤਾ ਹੈ।


Tanu

Content Editor

Related News