ਭਾਰਤੀ ਪ੍ਰਸ਼ਾਸਨਿਕ ਸੇਵਾ ਦੀਆਂ 1,365 ਅਸਾਮੀਆਂ ਖਾਲੀ: ਸਰਕਾਰ
Thursday, Aug 03, 2023 - 05:38 PM (IST)

ਨਵੀਂ ਦਿੱਲੀ- ਸਰਕਾਰ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ 1,365 ਅਤੇ ਭਾਰਤੀ ਪੁਲਸ ਸੇਵਾ (IPS) ਦੇ 703 ਅਹੁਦੇ ਖਾਲੀ ਹਨ। ਰਾਜ ਮੰਤਰੀ ਜਤਿੰਦਰ ਸਿੰਘ ਨੇ ਇਕ ਸਵਾਲ ਦੇ ਲਿਖਤੀ ਜਵਾਬ 'ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜੰਗਲਾਤ ਸੇਵਾ (IFS) 'ਚ 1,042 ਅਤੇ ਭਾਰਤੀ ਮਾਲੀਆ ਸੇਵਾ (IRS) 'ਚ 301 ਅਹੁਦੇ ਖਾਲੀ ਹਨ।
ਸਿੰਘ ਨੇ ਕਿਹਾ ਕਿ ਖਾਲੀ ਅਸਾਮੀਆਂ ਦਾ ਹੋਣਾ ਅਤੇ ਉਨ੍ਹਾਂ ਨੂੰ ਭਰਨਾ ਇਕ ਨਿਰੰਤਰ ਪ੍ਰਕਿਰਿਆ ਹੈ ਅਤੇ ਕੇਂਦਰ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਖਾਲੀ ਅਸਾਮੀਆਂ ਨੂੰ ਤੇਜ਼ੀ ਨਾਲ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਹਰ ਸਾਲ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ UPSC, IAS, IPS, IFS ਅਤੇ IRS ਸਮੇਤ ਸਿਵਲ ਸੇਵਾਵਾਂ 'ਚ ਸਿੱਧੀ ਭਰਤੀ ਦੇ ਆਧਾਰ 'ਤੇ ਖਾਲੀ ਅਸਾਮੀਆਂ ਨੂੰ ਭਰਨ ਲਈ ਸਿਵਲ ਸੇਵਾਵਾਂ ਪ੍ਰੀਖਿਆਵਾਂ (CSE) ਦਾ ਆਯੋਜਨ ਕਰਦਾ ਹੈ।
ਸਿੰਘ ਨੇ ਕਿਹਾ ਕਿ IAS ਅਤੇ IPS ਤਰੱਕੀ ਕੋਟੇ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਚੋਣ ਕਮੇਟੀ ਦੀਆਂ ਮੀਟਿੰਗਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵਲੋਂ ਸੂਬਾਈ ਸਰਕਾਰਾਂ ਦੇ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ। ਸਰਕਾਰ ਨੇ CSE-2022 ਤੱਕ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ (CSE) ਰਾਹੀਂ IAS ਅਫਸਰਾਂ ਦੀ ਸਾਲਾਨਾ ਭਰਤੀ ਨੂੰ ਵਧਾ ਕੇ 180 ਕਰ ਦਿੱਤਾ ਹੈ।