''ਸਮਾਂ ਆ ਗਿਐ, ਅੱਤਵਾਦੀਆਂ ਨੂੰ ਚੁਣ-ਚੁਣ ਕੇ ਮਾਰਿਆ ਜਾਵੇ'', ਅਜਮੇਰ ਦਰਗਾਹ ਦੀਵਾਨ ਦੇ ਬੇਟੇ ਬੋਲੇ
Wednesday, Apr 23, 2025 - 06:02 PM (IST)

ਅਜਮੇਰ- ਰਾਜਸਥਾਨ ਦੇ ਅਜਮੇਰ 'ਚ ਸਥਿਤ ਵਿਸ਼ਵ ਪ੍ਰਸਿੱਧ ਸੂਫੀ ਸੰਤ ਖਵਾਜਾ ਮੋਇਨੂਦੀਨ ਹਸਨ ਚਿਸ਼ਤੀ ਦੀ ਦਰਗਾਹ ਦੇ ਦੀਵਾਨ ਦੇ ਪੁੱਤਰ ਅਤੇ ਆਲ ਇੰਡੀਆ ਸੂਫੀ ਸੱਜਾਦਾਨਾਸ਼ੀਨ ਕੌਂਸਲ ਦੇ ਚੇਅਰਮੈਨ ਨਸਰੂਦੀਨ ਚਿਸ਼ਤੀ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅੱਤਵਾਦੀਆਂ ਨੂੰ ਇੱਕ-ਇੱਕ ਕਰਕੇ ਮਾਰਿਆ ਜਾਵੇ। ਮੰਗਲਵਾਰ ਰਾਤ ਨੂੰ ਆਪਣੇ ਬਿਆਨ 'ਚ, ਸ੍ਰੀ ਚਿਸ਼ਤੀ ਨੇ ਕਿਹਾ ਕਿ ਸੈਲਾਨੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਮਾਰ ਦਿੱਤਾ ਗਿਆ, ਮਨੁੱਖਤਾ ਇਸ ਤੋਂ ਵੱਧ ਸ਼ਰਮਨਾਕ ਨਹੀਂ ਹੋ ਸਕਦੀ। ਸਮਾਂ ਆ ਗਿਆ ਹੈ ਕਿ ਇਨ੍ਹਾਂ ਅੱਤਵਾਦੀਆਂ ਨੂੰ ਇੱਕ-ਇੱਕ ਕਰਕੇ ਮਾਰਿਆ ਜਾਵੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਧਰਮ ਬਾਰੇ ਪੁੱਛਣ ਤੋਂ ਬਾਅਦ ਹਮਲਾ ਕੀਤਾ, ਉਨ੍ਹਾਂ ਨੇ ਜਾਨਵਰਾਂ ਤੋਂ ਵੀ ਭੈੜਾ ਕੰਮ ਕੀਤਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਨੂੰ ਖਤਮ ਕੀਤਾ ਜਾਵੇ ਅਤੇ ਇਨ੍ਹਾਂ ਦਾ ਜਵਾਬ ਉਨ੍ਹਾਂ ਦੀ ਹੀ ਭਾਸ਼ਾ 'ਚ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਸ਼ਮੀਰ ਨੂੰ ਵਿਗਾੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਜੋ ਸ਼ਾਂਤੀ ਅਤੇ ਤਰੱਕੀ ਵੱਲ ਵੱਧ ਰਿਹਾ ਸੀ। ਧਰਮ ਦੇ ਨਾਮ 'ਤੇ ਜੋ ਅੱਤਵਾਦ ਫੈਲਾਇਆ ਜਾ ਰਿਹਾ ਹੈ ਕੋਈ ਵੀ ਧਰਮ ਇਸ ਦੀ ਇਜਾਜ਼ਤ ਨਹੀਂ ਦਿੰਦਾ। ਇਸਲਾਮ 'ਚ ਇਸ ਤਰ੍ਹਾਂ ਦੇ ਅੱਤਵਾਦ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਮਾਸੂਮ ਲੋਕਾਂ ਨੂੰ ਮਾਰਨ ਲਈ ਕੋਈ ਥਾਂ ਹੈ। ਇਹ ਸਭ ਤੋਂ ਵੱਡੇ ਅਪਰਾਧੀ ਹਨ। ਇਨ੍ਹਾਂ ਅੱਤਵਾਦੀਆਂ ਨੂੰ ਚੁਣ ਚੁਣ ਕੇ ਮਾਰਨ ਦੀ ਲੋੜ ਹੈ, ਹੁਣ ਸਮਾਂ ਆ ਗਿਆ ਹੈ।