''ਆਪ੍ਰੇਸ਼ਨ ਸਿੰਦੂਰ'' ਮਗਰੋਂ ਲੋਕਾਂ ''ਚ ਦਹਿਸ਼ਤ, ਸੈਂਕੜੇ ਪਰਿਵਾਰਾਂ ਨੇ ਛੱਡੇ ਘਰ
Wednesday, May 07, 2025 - 04:49 PM (IST)

ਬਾਂਦੀਪੁਰਾ- ਭਾਰਤ-ਪਾਕਿਸਤਾਨ ਵਿਚਾਲੇ ਬਣੇ ਤਣਾਅ ਦਰਮਿਆਨ ਉੱਤਰੀ ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਗੁਰੇਜ਼ ਘਾਟੀ ਵਿਚ ਕੰਟਰੋਲ ਰੇਖਾ (LoC) ਦੇ ਪਾਰ ਹਮਲਾ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਲਾਕੇ ਦੇ ਸੈਂਕੜੇ ਪਰਿਵਾਰ ਡਰ ਦੇ ਮਾਹੌਲ ਵਿਚ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਚੱਲੇ ਗਏ ਹਨ। ਜਾਣਕਾਰੀ ਮੁਤਾਬਕ ਭਾਰਤੀ ਫ਼ੌਜ ਨੇ ਹਾਲ ਹੀ ਵਿਚ 'ਆਪ੍ਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ LoC ਦੇ ਨੇੜੇ ਇਲਾਕਿਆਂ ਵਿਚ ਤਣਾਅ ਵੱਧ ਗਿਆ ਹੈ।
ਲੋਕਾਂ 'ਚ ਡਰ ਦਾ ਮਾਹੌਲ
ਸਥਾਨਕ ਵਾਸੀ ਅਬਦੁੱਲ ਅਹਿਦ ਨੇ ਦੱਸਿਆ ਕਿ ਇਲਾਕੇ 'ਚ ਬੈਂਕ ਅਤੇ ਜ਼ਰੂਰੀ ਸੁਰੱਖਿਆ ਸਹੂਲਤਾਂ ਦੀ ਕਮੀ ਕਾਰਨ ਲੋਕ ਡਰ ਦੇ ਸਾਏ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਜੰਗਬੰਦੀ ਉਲੰਘਣ ਦੇ ਸ਼ਿਕਾਰ ਹੋ ਚੁੱਕੇ ਹਾਂ। ਹਾਲਾਂਕਿ ਪਿਛਲੇ 4 ਸਾਲਾਂ ਤੋਂ ਗੁਰੇਜ ਘਾਟੀ ਸ਼ਾਂਤ ਸੀ ਪਰ ਹੁਣ ਹਾਲਾਤ ਫਿਰ ਤੋਂ ਵਿਗੜਦੇ ਨਜ਼ਰ ਆ ਰਹੇ ਹਨ। ਇਕ ਹੋਰ ਸਥਾਨਕ ਵਾਸੀ ਮੁਸ਼ਤਾਕ ਅਹਿਮਦ ਲੋਨ ਨੇ ਦੱਸਿਆ ਕਿ ਇਹ ਸਮਾਂ ਖੇਤੀ ਦਾ ਹੈ ਪਰ ਲੋਕ ਆਪਣੀਆਂ ਫ਼ਸਲਾਂ ਅਤੇ ਸਾਰੀਆਂ ਚੀਜ਼ਾਂ ਛੱਡ ਕੇ ਜਾ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਇੱਥੇ ਰਹਿਣ ਲਈ ਸੁਰੱਖਿਅਤ ਆਸਰਾ ਦਿਓ ਅਤੇ ਗੁਰੇਜ ਘਾਟੀ ਵਿਚ ਰਹਿ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਕਰੋ।