ਗਿਆਰਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ ਇਕ ਬਰੀ
Tuesday, Jan 21, 2025 - 05:53 PM (IST)
ਮੋਗਾ (ਸੰਦੀਪ ਸ਼ਰਮਾ) : ਸਪੈਸ਼ਲ ਜੱਜ ਬਿਸਨ ਸਰੂਪ ਦੀ ਅਦਾਲਤ ਨੇ ਦੋ ਸਾਲ ਪਹਿਲਾਂ ਥਾਣਾ ਅਜੀਤਵਾਲ ਪੁਲਸ ਵੱਲੋਂ 11ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਇਕ ਦੋਸ਼ੀ ਨੂੰ ਸਬੂਤਾਂ ਅਤੇ ਗਵਾਹਾਂ ਦੀ ਭਾਰੀ ਘਾਟ ਦੇ ਚੱਲਦੇ ਬਰੀ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਦੋਸ਼ੀ ਧਿਰ ਵੱਲੋਂ ਆਪਣੇ ਵਕੀਲ ਸੀਨੀਅਰ ਐਡਵੋਕੇਟ ਗਗਨਦੀਪ ਸਿੰਘ ਬਰਾੜ ਰਾਹੀਂ ਮਾਣਯੋਗ ਅਦਾਲਤ ਵਿਚ ਸੁਣਵਾਈ ਦੇ ਦੌਰਾਨ ਆਪਣਾ ਪੱਖ ਰੱਖਿਆ ਸੀ,ਜਿਸ ਦੇ ਅਧਾਰ ’ਤੇ ਮਾਣਯੋਗ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਪੀੜਤ ਧਿਰ ਵੱਲੋਂ ਥਾਣਾ ਅਜੀਤਵਾਲ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ 11ਵੀਂ ਵਿਚ ਪੜ੍ਹਣ ਵਾਲੀ ਬੱਚੀ ਸਕੂਲ ਵਿਚ ਪੜ੍ਹਾਈ ਕਰਨ ਦੇ ਬਾਅਦ ਅਜੀਤਵਾਲ ਦੇ ਹੀ ਇਕ ਹਸਪਤਾਲ ਵਿਚ ਸਫਾਈ ਦਾ ਕੰਮ ਕਰਦੀ ਸੀ।
ਹਸਪਤਾਲ ਤੋਂ ਘਰ ਛੱਡਣ ਲਈ ਹਸਪਤਾਲ ਸੰਚਾਲਕ ਡਾਕਟਰ ਵਲੋਂ ਉਸ ਦੇ ਹਸਪਤਾਲ ਵਿਚ ਹੀ ਕੰਮ ਕਰਨ ਵਾਲੇ ਡਰਾਈਵਰ ਗੁਰਚਰਨ ਸਿੰਘ ਉਰਫ ਬਿੱਟੂ ਪੁੱਤਰ ਕਰਨੈਲ ਸਿੰਘ ਦੇ ਨਾਲ ਭੇਜਿਆ ਜਾਂਦਾ ਸੀ। ਇਸ ਦਾ ਫਾਇਦਾ ਉਠਾ ਕੇ ਗੁਰਚਰਨ ਸਿੰਘ ਨੇ ਉਨ੍ਹਾਂ ਦੀ ਬੇਟੀ ਨੂੰ ਬਹਾਨੇ ਨਾਲ ਆਪਣੇ ਘਰ ਲਿਜਾ ਕੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਇਹੀ ਹੀ ਨਹੀਂ ਉਸ ਨੇ ਕਈ ਵਾਰ ਉਨ੍ਹਾਂ ਦੀ ਬੱਚੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ’ਤੇ ਪੁਲਸ ਵਲੋਂ ਗੁਰਚਰਨ ਸਿੰਘ ਖ਼ਿਲਾਫ਼ 19 ਦਸੰਬਰ 2022 ਨੂੰ ਥਾਣਾ ਅਜੀਤਵਾਲ ਵਿਚ ਬਣਦੀਆਂ ਵੱਖ ਵੱਖ ਧਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਸੁਣਵਾਈ ਦੌਰਾਨ ਐਡਵੋਕੇਟ ਗਗਨਦੀਪ ਸਿੰਘ ਬਰਾੜ ਵੱਲੋਂ ਦਿੱਤੀ ਗਈ ਦਲੀਲਾਂ ਦੇ ਅਧਾਰ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਗੁਰਚਰਨ ਸਿੰਘ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ ਹੈ।