ਨੈਸ਼ਨਲ ਹਾਈਵੇ ’ਚ ਹੋਈ ਕਰੋੜਾਂ ਦੀ ਹੇਰਾ-ਫੇਰੀ ; ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ

01/04/2020 4:06:49 PM

ਮੋਗਾ (ਸੰਜੀਵ): ਵਿਜੀਲੈਂਸ ਬਿਊਰੋ ਵੱਲੋਂ ਨੈਸ਼ਨਲ ਹਾਈਵੇ-71 ’ਚ ਹੋਈ 100 ਕਰੋੜ ਤੋਂ ਵੀ ਜ਼ਿਆਦਾ ਹੇਰਾ-ਫੇਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਰਾਸ਼ਟਰੀ ਹਾਈਵੇ ਨੂੰ ਫੋਰ ਲੇਨ ਕਰਨ ਲਈ ਲੈਂਡ ਅਕਵਾਇਰ ਕੀਤੀ ਸੀ। ਮੋਗਾ ਜ਼ਿਲੇ ’ਚ ਇਹ ਜ਼ਮੀਨ ਤਹਿਸੀਲ ਧਰਮਕੋਟ ਮੋਗਾ ਅਤੇ ਨਿਹਾਲ ਸਿੰਘ ਵਾਲਾ ’ਚ ਅਕਵਾਇਰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਹੁਣ ਮੋਗਾ ਵਿਜੀਲੈਂਸ ਬਿਊਰੋ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਮਿਲੀ ਰਾਸ਼ੀ ’ਚ ਹੇਰਾ-ਫੇਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੈਗੂਲਰ ਜਾਂਚ ਵੀ ਵਿਜੀਲੈਂਸ ਬਿਊਰੋ ਲੁਧਿਆਣਾ ਨੂੰ ਸੌਂਪ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਡੀ. ਐੱਸ. ਪੀ. ਵਿਜੀਲੈਂਸ ਮੋਗਾ ਅਸ਼ਵਨੀ ਕੁਮਾਰ ਨੇ ਕੀਤੀ ਹੈ। ਖੇਤੀ ਜ਼ਮੀਨ ਨੂੰ ਆਬਾਦੀ ਦੀ ਜ਼ਮੀਨ, ਆਬਾਦੀ ਖੇਤਰ ਦੀ ਨਾਨ ਕਮਰਸ਼ੀਅਲ ਜ਼ਮੀਨ ਨੂੰ ਕਮਰਸ਼ੀਅਲ ਜ਼ਮੀਨ ਦੱਸ ਕੇ ਨਿਰਧਾਰਿਤ ਵੱਲੋਂ ਜ਼ਿਆਦਾ ਰਾਸ਼ੀ ਮੁਆਵਜ਼ੇ ਦੇ ਰੂਪ ਵਿਚ ਦੇ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਜਲੰਧਰ-ਬਰਨਾਲਾ ਨੈਸ਼ਨਲ ਹਾਈਵੇ-71 ’ਚ ਮੋਗਾ ਦੇ ਧਰਮਕੋਟ ਸਬ-ਡਵੀਜ਼ਨ ਅਤੇ ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ ’ਚ ਜ਼ਮੀਨ ਅਕਵਾਇਰ ’ਚ ਵੱਡੇ ਪੈਮਾਨੇ ’ਤੇ ਹੇਰਾ-ਫੇਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਜੀਲੈਂਸ ਬਿਊਰੋ ਲੁਧਿਆਣਾ ਈ.ਓ. ਵਿੰਗ ਨੇ ਸ਼ੁਰੂ ’ਚ ਜਾਂਚ ਕੀਤੀ ਸੀ। ਜਾਂਚ ’ਚ ਹੇਰਾ-ਫੇਰੀ ਦੇ ਕਈ ਅਹਿਮ ਸਬੂਤ ਹੱਥ ’ਚ ਆਉਣ ਤੋਂ ਬਾਅਦ ਡਾਇਰੈਕਟਰ ਵਿਜੀਲੈਂਸ ਪੰਜਾਬ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਈ.ਓ. ਵਿੰਗ ਨੂੰ ਹਾਲ ਹੀ ’ਚ ਰੈਗੂਲਰ ਜਾਂਚ ਕਰਨ ਨੂੰ ਕਿਹਾ ਹੈ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਮਾਮਲਾ ਸਿਰਫ ਜ਼ਮੀਨਾਂ ਦੇ ਅਧੀਗ੍ਰਹਿਣ ਤੱਕ ਸੀਮਿਤ ਨਹੀਂ ਹੈ। ਸਗੋਂ ਪੰਚਾਇਤਾਂ ਨੂੰ ਜੋ ਮੁਆਵਜ਼ਾ ਰਾਸ਼ੀ ਮਿਲੀ, ਉਸ ’ਚ ਵੀ ਹੇਰਾ-ਫੇਰੀ ਦੇ ਮਾਮਲੇ ਸਾਹਮਣੇ ਆਏ ਹਨ। ਗ੍ਰਾਮ ਪੰਚਾਇਤ ਧੂਡ਼ਕੋਟ ਕਲਾਂ ਨੂੰ 56 ਰੁਪਏ ਦਾ ਮੁਆਵਜ਼ਾ ਮਿਲਿਆ ਸੀ। ਇਸ ਰਾਸ਼ੀ ਦੀ ਵਰਤੋਂ ’ਚ ਹੇਰਾ-ਫੇਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਤਕਾਲੀਨ ਬੀ. ਡੀ. ਪੀ. ਓ. ਜਸਪ੍ਰੀਤ ਸਿੰਘ ਅਤੇ ਪੰਚਾਇਤ ਸਕੱਤਰ ਅਤੇ ਤਤਕਾਲੀਨ ਸਰਪੰਚ ਵਿਰੁੱਧ ਥਾਣਾ ਅਜੀਤਵਾਲ ’ਚ ਕੇਸ ਦਰਜ ਕਰਵਾਇਆ ਗਿਆ ਸੀ।

ਇਸਦੇ ਇਲਾਵਾ ਸਾਬਕਾ ਸੰਸਦ ਮੈਂਬਰ ਵੱਲੋਂ ਗੋਦ ਲਏ ਪਿੰਡ ਫਤਿਹਗਡ਼੍ਹ ਕੋਰੋਟਾਣਾ ਨੂੰ 9 ਕਰੋਡ਼ ਰੁਪਏ ਦੀ ਰਾਸ਼ੀ ਮੁਆਵਜ਼ੇ ਦੇ ਰੂਪ ’ਚ ਮਿਲੀ ਸੀ, ਜਦਕਿ ਨਿਹਾਲ ਸਿੰਘ ਵਾਲਾ ਦੇ ਸਬ-ਡਵੀਜ਼ਨ ਪਿੰਡ ਢਾਲਿਆ ਗ੍ਰਾਮ ਪੰਚਾਇਤ ਨੂੰ ਵੀ ਲਗਭਗ ਇੰਨੀ ਹੀ ਰਾਸ਼ੀ ਮੁਆਵਜ਼ੇ ਦੇ ਰੂਪ ’ਚ ਮਿਲੀ ਸੀ। ਇਸ ਰਾਸ਼ੀ ਦੇ ਦੁਰ-ਉਪਯੋਗ ਦੀ ਜਾਂਚ ਵਿਜੀਲੈਂਸ ਬਿਊਰੋ ਮੋਗਾ ਦੇ ਡੀ. ਐੱਸ. ਪੀ. ਨੇ ਕਰ ਕੇ ਰਿਪੋਰਟ ਵਿਜੀਲੈਂਸ ਨੂੰ ਭੇਜੀ ਸੀ। ਡਾਇਰੈਕਟਰ ਵਿਜੀਲੈਂਸ ਬਿਊਰੋ ਦੇ ਨਿਰਦੇਸ਼ ’ਤੇ ਇਸ ਮਾਮਲੇ ਦੀ ਰੈਗੂਲਰ ਜਾਂਚ ਬਿਊਰੋ ਦੀ ਈ. ਓ. ਵਿੰਗ ਲੁਧਿਆਣਾ ਨੂੰ ਸੌਂਪ ਦਿੱਤੀ ਗਈ ਹੈ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਹੇਰਾ-ਫੇਰੀ ’ਚ ਕੌਣ-ਕੌਣ ਸ਼ਾਮਲ ਹੈ।


Shyna

Content Editor

Related News