ਚੋਰੀ ਦੇ 3 ਮੋਟਰਸਾਈਕਲਾਂ ਸਮੇਤ 2 ਕਾਬੂ, 2 ਫਰਾਰ
Saturday, Jan 04, 2025 - 06:09 PM (IST)
ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਵ੍ਹੀਕਲ ਚੋਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਨੇ 3 ਮੋਟਰਸਾਈਕਲਾਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ, ਜਦਕਿ ਦੋ ਕਾਬੂ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਜਦ ਥਾਣਾ ਫਤਹਿਗੜ੍ਹ ਪੰਜਤੂਰ ਦੇ ਇੰਚਾਰਜ ਭਲਵਿੰਦਰ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰਦੇ ਹੋਏ ਦਾਣਾ ਮੰਡੀ ਫਤਹਿਗੜ੍ਹ ਪੰਜਤੂਰ ਕੋਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਨਿਸ਼ਾਨ ਸਿੰਘ ਨਿਵਾਸੀ ਪਿੰਡ ਕੜਾਹੇਵਾਲਾ, ਗੱਗੀ, ਸ਼ੇਰਾ ਸਾਰੇ ਨਿਵਾਸੀ ਪਿੰਡ ਕੜਾਹੇਵਾਲਾ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਕਰਦੇ ਹਨ, ਜਿਸ ’ਤੇ ਪੁਲਸ ਨੇ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਸ਼ੇਰੂ ਨੂੰ ਦਬੋਚ ਲਿਆ, ਜਦਕਿ ਉਸ ਦੇ ਦੋ ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕੇ।
ਪੁਲਸ ਨੇ ਚੋਰੀ ਦੇ ਦੋਵੇਂ ਮੋਟਰਸਾਈਕਲਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਤਿੰਨੋਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਫਤਹਿਗੜ੍ਹ ਪੰਜਤੂਰ ਵਿਚ ਮਾਮਲਾ ਦਰਜ ਕੀਤਾ ਗਿਆ। ਥਾਣਾ ਮੁਖੀ ਭਲਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕਥਿਤ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦਕਿ ਉਸ ਦੇ ਦੋਵੇਂ ਸਾਥੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਥਾਣਾ ਸਦਰ ਮੋਗਾ ਦੇ ਇੰਚਾਰਜ ਗੁਰਸੇਵਕ ਸਿੰਘ ਜਦ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਪਿੰਡ ਘੱਲ ਕਲਾਂ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਸਰਬਜੀਤ ਸਿੰਘ ਉਰਫ ਸੱਬੂ ਪਿੰਡ ਧੱਲੇਕੇ ਜੋ ਮੋਟਰ ਸਾਈਕਲ ਚੋਰੀ ਕਰਨ ਦਾ ਆਦੀ ਹੈ। ਅੱਜ ਉਹ ਚੋਰੀ ਦੇ ਮੋਟਰ ਸਾਈਕਲ ’ਤੇ ਉਸ ਨੂੰ ਵਿੱਕਰੀ ਕਰਨ ਲਈ ਮੋਗਾ ਵੱਲ ਆ ਰਿਹਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕਰ ਕੇ ਜਦ ਉਸ ਨੂੰ ਬਿਨਾਂ ਨੰਬਰੀ ਮੋਟਰ ਸਾਈਕਲ ਸਮੇਤ ਰੋਕਿਆ ਅਤੇ ਦਸਤਾਵੇਜ਼ ਮੰਗੇ ਤਾਂ ਉਹ ਕੋਈ ਦਸਤਾਵੇਜ਼ ਨਾ ਦਿਖਾ ਸਕਿਆ, ਜਿਸ ’ਤੇ ਪੁਲਸ ਪਾਰਟੀ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ, ਜਿਸ ਦੇ ਖਿਲ਼ਾਫ਼ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਅੱਜ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਵਿਚ ਭੇਜਣ ਦਾ ਆਦੇਸ਼ ਦਿੱਤਾ।