ਮੋਗਾ ਪੁਲਸ ਵਲੋਂ ਭਾਰੀ ਮਾਤਰਾ ’ਚ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Friday, Oct 17, 2025 - 06:20 PM (IST)

ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਵਿਚ ਮੋਗਾ ਪੁਲਸ ਨੇ ਚਾਰ ਵਿਅਕਤੀਆਂ ਨੂੰ ਵੱਡੀ ਮਾਤਰਾ ਵਿਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਜੀਤਵਾਲ ਪੁਲਸ ਦੇ ਸਹਾਇਕ ਥਾਣੇਦਾਰ ਮੋਹਕਮ ਸਿੰਘ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਜੀਟੀ ਰੋਡ, ਅਜੀਤਵਾਲ ’ਤੇ ਪੁਲ ਨੇੜੇ ਪੁਲਸ ਟੀਮ ਨਾਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਮੋਟਰਸਾਈਕਲ ਸਵਾਰ ਵਿਅਕਤੀਆਂ: ਕਰਨਦੀਪ ਸਿੰਘ ਉਰਫ਼ ਬਿੱਲਾ, ਵਾਸੀ ਜੰਡਿਆਲਾ ਗੁਰੂ, ਲਵਪ੍ਰੀਤ ਸਿੰਘ ਉਰਫ਼ ਲੱਬੂ, ਵਾਸੀ ਪਿੰਡ ਮੀਆਂਦੀ ਕਲਾਂ ਅਜਨਾਲਾ ਅਤੇ ਗੋਬਿੰਦ ਸਿੰਘ, ਵਾਸੀ ਪਿੰਡ ਜਾਣੀਆਂ ਜੰਡਿਆਲਾ ਗੁਰੂ ਨੂੰ ਰੋਕਿਆ ਅਤੇ ਉਨ੍ਹਾਂ ਦੀ ਤਲਾਸ਼ੀ ਲਈ। ਪੁਲਸ ਟੀਮ ਨੇ ਤਿੰਨ ਕਥਿਤ ਤਸਕਰਾਂ ਨੂੰ ਉਨ੍ਹਾਂ ਦੇ ਮੋਟਰਸਾਈਕਲਾਂ ਸਮੇਤ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਧਰਮਕੋਟ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਬਲਵੀਰ ਸਿੰਘ ਪੁਲਸ ਟੀਮ ਨਾਲ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਫਰੀਦਕੋਟ ਦੇ ਪਿੰਡ ਝੜੀਵਾਲਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ਼ ਬੱਬੂ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਤਸਕਰਾਂ ਨੂੰ ਪੁੱਛਗਿੱਛ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।