ਕੀ ਭਾਰਤ ਕਦੇ ਔਰਤ ਦੀ ਆਜ਼ਾਦੀ ਦਾ ਪਹਿਲਾ ਦਿਹਾੜਾ ਵੀ ਮਨਾਏਗਾ?

08/14/2022 9:47:01 PM

ਜਦ ਭਾਰਤ ਆਪਣਾ 75ਵਾਂ ਆਜ਼ਾਦੀ ਦਿਹਾੜਾ ਇਸ 15 ਅਗਸਤ ਨੂੰ ਮਨਾ ਰਿਹਾ ਹੈ ਤਾਂ ਉਥੇ ਭਾਰਤ ਦੀ ਔਰਤ ਦੀ ਆਜ਼ਾਦੀ ਦੀ ਗੱਲ ਕਰਨੀ ਵੀ ਬਣਦੀ ਹੈ। ਜਿਥੇ ਦੁਨੀਆ ਚੰਦ-ਤਾਰਿਆਂ ਤੱਕ ਪਹੁੰਚ ਚੁੱਕੀ ਹੈ ਪਰ ਭਾਰਤ ’ਚ ਇਸ ਕੌੜੀ ਸੱਚਾਈ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਔਰਤ ਜਾਤ ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਦੀ ਹਿੰਸਾ ਦਾ ਸ਼ਿਕਾਰ ਹੁੰਦੀ ਆ ਰਹੀ ਹੈ, ਉਸ ਸਮਾਜ ’ਚ ਔਰਤ ਜਾਤ ਉੱਤੇ ਹੋ ਰਹੇ ਮਾਨਸਿਕ ਅਤੇ ਸਰੀਰਕ ਜਬਰ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਪਰ ਅਜੋਕੇ ਸਾਮਰਾਜੀ ਸੰਸਾਰੀਕਰਨ ਦੇ ਦੌਰ ’ਚ ਔਰਤ-ਮਰਦ ਦੇ ਰਿਸ਼ਤੇ ਨੂੰ ਇਕ ਅਸਲੋਂ ਨਵੇਂ ਪ੍ਰਸੰਗ ’ਚ ਵੇਖਣ ਦੀ ਲੋੜ ਹੈ। ਕੁਦਰਤ ਵੱਲੋਂ ਸਿਰਜੇ ਅਤੇ ਮਨੁੱਖ ਜਾਤੀ ਵੱਲੋਂ ਸਦੀਆਂ ’ਚ ਵਿਕਸਿਤ ਕੀਤੇ ਗਏ ਇਸ ਸਭ ਤੋਂ ਖੂਬਸੂਰਤ ਅਤੇ ਬੁਨਿਆਦੀ ਰਿਸ਼ਤੇ ਨੂੰ ਨਵੇਂ ਪ੍ਰਸੰਗ ’ਚ ਸਮਝੇ ਬਿਨਾਂ ਇਸ ਰਿਸ਼ਤੇ ਨੂੰ ਸਾਮਰਾਜੀ ਖ਼ਪਤਕਾਰੀ ਸੱਭਿਆਚਾਰ ਦੀ ਹਵਸ ਦਾ ਸ਼ਿਕਾਰ ਹੋਣ ਤੋਂ ਬਚਾਇਆ ਨਹੀਂ ਜਾ ਸਕਦਾ।

ਭਾਰਤ ਦੇ ਹਰ ਖੇਤਰ-ਸ਼ਹਿਰੀ ਇਲਾਕਿਆਂ ’ਚ, ਅਖ਼ਬਾਰਾਂ ਦੀਆਂ ਸੁਰਖ਼ੀਆਂ ਤੇ ਨਿਊਜ਼ ਚੈਨਲਾਂ ਤੇ ਲੋਕਾਂ ਦੀਆਂ ਮਜ਼ਲਿਸਾਂ ਵਿਚ ਔਰਤ ਤੇ ਮਰਦ ਦੀ ਬਰਾਬਰੀ ਦੀਆਂ ਇਹ ਗੱਲਾਂ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ : ਔਰਤ ਆਜ਼ਾਦ ਹੋ ਚੁੱਕੀ ਹੈ, ਉਹ ਸਿੱਖਿਅਤ ਹੋਣ ਦੇ ਨਾਲ-ਨਾਲ ਆਰਥਿਕ ਤੌਰ ਉੱਤੇ ਸਵੈ-ਨਿਰਭਰ ਹੈ, ਉਹ ਆਪਣੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਵੀ ਖ਼ੁਦ ਕਰਨ ਲੱਗ ਪਈ ਹੈ। ਇਕ ਸੀਮਤ ਪੱਧਰ ’ਤੇ ਇਨ੍ਹਾਂ ਵਿਚ ਸੱਚਾਈ ਵੀ ਹੈ ਪਰ ਨਾਲ ਹੀ ਕੁੜੀਆਂ ਨਾਲ ਨਿੱਤ ਛੇੜਛਾੜ, ਬਲਾਤਕਾਰ, ਭਰੂਣ ਹੱਤਿਆ, ਦਾਜ ਕਾਰਨ ਹੋ ਰਹੇ ਕੁੜੀਆਂ ਦੇ ਕਤਲ, ਘਰੇਲੂ ਹਿੰਸਾ ਆਦਿ ਵਰਗੀਆਂ ਵਾਰਦਾਤਾਂ ਵੀ ਰੋਜ਼ ਪੜ੍ਹਨ-ਸੁਣਨ ਲਈ ਮਿਲ ਜਾਂਦੀਆਂ ਹਨ। ਆਲੇ-ਦੁਆਲੇ ਦੇ ਇਨ੍ਹਾਂ ਹਾਲਾਤ ਬਾਰੇ ਜਾਣ ਕੇ ਇਸ ਗੱਲ ਉੱਤੇ ਸ਼ੱਕ ਹੁੰਦਾ ਹੈ ਕਿ ਕੀ ਔਰਤ ਸੱਚਮੁੱਚ ਆਜ਼ਾਦ ਹੋ ਚੁੱਕੀ ਹੈ? ਜਾਂ ਇਸ ਪਿੱਛੇ ਕੋਈ ਹੋਰ ਸੱਚ ਛੁਪਿਆ ਪਿਆ ਹੈ, ਜੋ ਦਿਖਾਈ ਨਹੀਂ ਦੇ ਰਿਹਾ ਅਤੇ ਜਿਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।

ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ 75 ਵਰ੍ਹੇ ਹੋ ਗਏ ਹਨ ਪਰ ਸਾਡੀ ਸੋਚ ਅਜੇ ਵੀ ਆਜ਼ਾਦ ਨਹੀਂ ਹੋਈ | ਔਰਤ ਅੱਜ ਵੀ ਆਪਣੇ ਆਲੇ-ਦੁਆਲੇ ’ਚ ਮਰਦ ਦੀ ਪ੍ਰਧਾਨਗੀ ’ਤੇ ਘੁਟਨ ਨੂੰ ਮਹਿਸੂਸ ਕਰਦੀ ਹੈ | ਅੱਜ ਵੀ ਔਰਤ ਮਰਦ ਦੇ ਬਰਾਬਰ ਨਹੀਂ ਖੜ੍ਹ ਸਕਦੀ ਜਾਂ ਫਿਰ ਇੰਝ ਕਿਹਾ ਜਾਵੇ ਕਿ ਮਰਦ ਔਰਤ ਨੂੰ ਆਪਣੇ ਬਰਾਬਰ ਖੜ੍ਹੇ ਦੇਖਣਾ ਪਸੰਦ ਹੀ ਨਹੀਂ ਕਰਦਾ, ਕਿਉਂਕਿ ਉਸ ਦੀ ‘ਮੈਂ’ ਤੇ ‘ਸਵਾਰਥੀਪਣ’ ਉਸ ਨੂੰ ਇਕ ਉੱਚੇ ਤੇ ਮਰਦ ਪ੍ਰਧਾਨ ਹੋਣ ਦਾ ਅਹਿਸਾਸ ਕਰਵਾਉਂਦਾ ਹੈ, ਜਿਸ ਕਰਕੇ ਉਹ ਆਪਣੀ ਧੌਂਸ ਔਰਤ ’ਤੇ ਜਤਾਉਂਦਾ ਹੈ | ਦੇਖਿਆ ਜਾਵੇ ਤਾਂ ਔਰਤ ਹਰ ਖੇਤਰ ਵਿਚ ਸੰਘਰਸ਼ ਕਰ ਰਹੀ ਹੈ | ਜੇਕਰ ਉਸ ਨੇ ਆਪਣੇ ਘਰ ਤੋਂ ਦੋ ਕਦਮ ਵੀ ਦੂਰ ਜਾਣਾ ਹੋਵੇ ਤਾਂ ਵੀ ਉਸ ਨੂੰ ਗੰਦੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਭਾਵੇਂ ਉਹ ਆਪਣੇ ਭਰਾ ਨਾਲ ਤੁਰੀ ਜਾਂ ਰਹੀ ਹੋਵੇ, ਉਸ ’ਤੇ ਕਈ ਤਰ੍ਹਾਂ ਦੇ ਵਿਅੰਗ ਕੱਸੇ ਜਾਂਦੇ ਹਨ। ਜੇਕਰ ਉਸ ਨੂੰ ਦੂਰ ਸ਼ਹਿਰਾਂ ਵਿਚ ਆਪਣੇ ਪਿੰਡ ਦੀ ਚਾਰਦੀਵਾਰੀ ਤੋਂ ਬਾਹਰ ਨਿਕਲਣ ਲਈ ਜ਼ਿਆਦਾ ਕਦਮਾਂ ਦਾ ਸਫ਼ਰ ਕਰਨਾ ਪਵੇ ਤਾਂ ਉਸ ਦੀ ਕੀ ਦਸ਼ਾ ਹੋਵੇਗੀ?

ਔਰਤ ਨੂੰ ਹਰ ਇਕ ਕਦਮ ’ਤੇ ਅਸੀਂ ਅਸੁਰੱਖਿਅਤ ਦੇਖ ਸਕਦੇ ਹਾਂ | ਕੁਝ ਕੁੜੀਆਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਮਰਦ ਪ੍ਰਧਾਨ ਸਮਾਜ ਦਾ ਮੁਕਾਬਲਾ ਕਰਨ ਦੀ ਬਜਾਏ ਆਪਣੇ-ਆਪ ਨੂੰ ਘਰ ਦੀ ਚਾਰਦੀਵਾਰੀ ਵਿਚ ਬੰਦ ਕਰਨਾ ਪਸੰਦ ਕਰਦੀਆਂ ਹਨ ਪਰ ਕਦੋਂ ਤੱਕ? ਕਹਿੰਦੇ ਹਨ ਕਿ ਇਨਸਾਨ ਸਮਾਜ ਨਾਲ ਤਾਂ ਲੜ ਸਕਦਾ ਹੈ ਪਰ ਆਪਣਿਆਂ ਨਾਲ ਨਹੀਂ | ਫਿਰ ਇਕ ਇਕੱਲੀ ਲੜਕੀ ਆਪਣਿਆਂ ਅਤੇ ਸਮਾਜ ਦਾ ਸਾਹਮਣਾ ਕਿਵੇਂ ਕਰੇ? ਕੀ ਉਸ ਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਨਹੀਂ? ਜੋ ਲੋਕ ਸੋਚਦੇ ਹਨ ਕਿ ਔਰਤ ਹਮੇਸ਼ਾ ਉਨ੍ਹਾਂ ਅੱਗੇ ਝੁਕਦੀ ਰਹੇਗੀ ਤਾਂ ਉਹ ਗ਼ਲਤ ਸੋਚਦੇ ਹਨ | ਮੈਂ ਉਨ੍ਹਾਂ ਨੂੰ ਇਹ ਯਾਦ ਦਿਵਾਉਣਾ ਚਾਹਾਂਗਾ ਕਿ ਹਰ ਰਾਤ ਤੋਂ ਬਾਅਦ ਸਵੇਰਾ ਹੁੰਦਾ ਹੈ | ਮੈਂ ਉਨ੍ਹਾਂ ਲੜਕੀਆਂ ਨੂੰ ਵੀ ਕਹਿਣਾ ਚਾਹਾਂਗਾ, ਜੋ ਆਪਣੇ ਮਾਂ-ਬਾਪ ਦੀ ਆਜ਼ਾਦੀ ਦਾ ਗ਼ਲਤ ਫਾਇਦਾ ਉਠਾਉਂਦੀਆਂ ਹਨ| ਆਪਣੀਆਂ ਬੁਰੀਆਂ ਆਦਤਾਂ ਰਾਹੀਂ ਉਹ ਔਰਤ ਦੇ ਅਕਸ ਨੂੰ ਹੋਰ ਵੀ ਨੀਵਾਂ ਡੇਗਦੀਆਂ ਹਨ |

ਪਰ ਸਵਾਲ ਉੱਠਦਾ ਹੈ ਕਿ ਮਰਦ ਕਿਉਂ ਸੋਚਦੇ ਹਨ ਕਿ ਉਨ੍ਹਾਂ ਨੂੰ ਔਰਤ ਦੀ ਜ਼ਿੰਦਗੀ ’ਤੇ ਆਪਣਾ ਅਧਿਕਾਰ ਥੋਪਣ ਦਾ ਅਧਿਕਾਰ ਹੈ? ਆਜ਼ਾਦੀ ਇਕ ਵਿਸ਼ਵਵਿਆਪੀ ਮਨੁੱਖੀ ਅਧਿਕਾਰ ਹੈ, ਭਾਵੇਂ ਕਿਸੇ ਦੇ ਲਿੰਗ ਜਾਂ ਜਾਤੀ ਦੀ ਪਰਵਾਹ ਕੀਤੇ ਬਿਨਾਂ। ਡੀ ਫੈਕਟੋ ਲਿੰਗਵਾਦ ਭਿਆਨਕ ਹੈ ਪਰ ਇਸਦੇ ਨੁਕਸਾਨਦੇਹ ਨਤੀਜਿਆਂ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਦਾ ਅਟੱਲ ਸਮਰਥਨ ਇਸ ਨੂੰ ਹੋਰ ਵੀ ਘਿਨਾਉਣਾ ਬਣਾਉਂਦਾ ਹੈ। ਔਰਤਾਂ ਦੇ ਅਧਿਕਾਰ ਨਹੀਂ ਹਨ। ਮਨੁੱਖੀ ਅਧਿਕਾਰ ਹਨ ਅਤੇ ਉਹ ਸਾਰਿਆਂ ਲਈ ਇਕੋ ਜਿਹੇ ਹਨ। ਸਵਾਲ ਸਿਰਫ਼ ਇਹ ਹੈ ਕਿ ਕੀ ਉਨ੍ਹਾਂ ਦਾ ਸਨਮਾਨ ਕਿਵੇਂ ਕੀਤਾ ਜਾਂਦਾ ਹੈ? ਸੱਚ ਇਹ ਹੈ ਕਿ ਜਦੋਂ ਤੱਕ ਔਰਤ ਦੀ ਆਜ਼ਾਦੀ ਉਹ ਖ਼ੁਦ ਮਹਿਸੂਸ ਨਹੀਂ ਕਰਦੀ ਕਿ ਉਸ ਦੀ ਸ਼ਖ਼ਸੀਅਤ ਸਰੀਰਕ ਅਤੇ ਮਾਨਸਿਕ ਤੌਰ ’ਤੇ ਆਜ਼ਾਦ ਹੈ। ਜਿੰਨਾ ਚਿਰ ਉਹ ਚੁੱਪਚਾਪ ਸਭ ਕੁਝ ਸਹਿ ਲੈਂਦੀ ਹੈ, ਉਸ ਨੂੰ ਆਜ਼ਾਦ ਨਹੀਂ ਕਿਹਾ ਜਾ ਸਕਦਾ। ਬੇਸ਼ੱਕ, ਔਰਤਾਂ ਨੂੰ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਅਤੇ ਵਿੱਤੀ ਸੁਤੰਤਰਤਾ ਪ੍ਰਾਪਤ ਕਰਨ ਲਈ ਸਾਰੇ ਸਰੋਤਾਂ ਤੱਕ ਪਹੁੰਚ ਹੋਵੇ। ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਨ ਦੇ ਨਾਲ ਉਨ੍ਹਾਂ ਨੂੰ ਅਣਪਛਾਤੇ ਹਮਲੇ ਦੀ ਸਥਿਤੀ ’ਚ ਸਵੈ-ਰੱਖਿਆ ਲਈ ਮਾਰਸ਼ਲ ਆਰਟਸ ਦਾ ਅਭਿਆਸ ਕਰਨਾ ਚਾਹੀਦਾ ਹੈ। ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਤੋਂ ਬਾਅਦ ਔਰਤਾਂ ਆਪਣੀ ਜ਼ਿੰਦਗੀ ਆਜ਼ਾਦਾਨਾ ਢੰਗ ਨਾਲ ਜੀਅ ਸਕਣਗੀਆਂ।

ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੀਆਂ ਔਰਤਾਂ ਅਜੇ ਵੀ ਇਹ ਨਹੀਂ ਜਾਣਦੀਆਂ ਕਿ ਆਪਣੀ ਸੁਰੱਖਿਆ ਲਈ ਦੂਜਿਆਂ ਨਾਲ ਕਿਵੇਂ ਲੜਨਾ ਹੈ ਅਤੇ ਆਪਣੀ ਰੱਖਿਆ ਕਿਵੇਂ ਕਰਨੀ ਹੈ, ਇਸ ਅਖੌਤੀ ਆਜ਼ਾਦ ਸੰਸਾਰ ’ਚ ਉਸ ਨੂੰ ਆਜ਼ਾਦ ਨਹੀਂ ਕਿਹਾ ਜਾ ਸਕਦਾ। ਆਜ਼ਾਦੀ ਉਸ ਨੂੰ ਕੋਈ ਤਾਕਤ ਨਹੀਂ ਦੇ ਸਕਦੀ, ਨਾ ਹੀ ਕੋਈ ਨੇਤਾ ਜੋ ਕਿਸੇ ਵੀ ਪਾਰਟੀ ਦਾ ਹੋਵੇ। ਇਹ ਕਦਮ ਤੇ ਇਹ ਲੜਾਈ ਨਾਰੀ ਨੂੰ ਖੁਦ ਅੱਗੇ ਹੋ ਕੇ ਲੜਨੀ ਪਏਗੀ। ਭਾਰਤ ’ਚ ਅੱਜ ਵੀ ਕਈ ਥਾਵਾਂ ’ਤੇ ਲੜਕੀਆਂ ਨੂੰ ਸਿੱਖਿਆ ਨਾ ਦੇਣ ਦੀ ਮਾਨਸਿਕਤਾ ਹੈ। ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਅਤੇ ਸਵੈ-ਨਿਰਭਰ ਹੋਣ ਲਈ ਆਜ਼ਾਦੀ ਦੀ ਲੋੜ ਹੈ। ਵਿਆਹ ਲਈ ਕਈ ਵਾਰ ਪਰਿਵਾਰ ਇਕ ਲੜਕੀ ਨੂੰ ਇਕ ਲੜਕੇ ਨਾਲ ਵਿਆਹ ਕਰਨ ਲਈ ਮਜਬੂਰ ਕਰਦਾ ਹੈ ਭਾਵੇਂ ਉਹ ਉਸ ਲੜਕੇ ਨੂੰ ਪਸੰਦ ਨਹੀਂ ਕਰਦੀ। ਕਈ ਮਾਂ-ਬਾਪ ਅੱਜਕਲ੍ਹ ਆਪਣੇ ਸੁਫ਼ਨੇ ਪੂਰੇ ਕਰਨ ਲਈ ਆਪਣੀਆਂ 18-19 ਸਾਲਾ ਨੌਜਵਾਨ ਲੜਕੀਆਂ ਨੂੰ ਬੁੱਢੇ ਐੱਨ. ਆਰ. ਆਈ. ਨਾਲ ਵਿਆਹ ਕਰਵਾ ਕੇ ਵਿਦੇਸ਼ਾਂ ’ਚ ਭੇਜੀ ਜਾ ਰਹੇ ਹਨ। ਜਿਥੇ ਨਾ ਕੋਈ ਉਸ ਦਾ ਆਪਣਾ ਤੇ ਉਹ ਕਿਸ–ਕਿਸ ਜ਼ੁਲਮ ਦਾ ਸ਼ਿਕਾਰ ਹੁੰਦੀ ਹੈ, ਉਹ ਖੁਦ ਹੀ ਜਾਣ ਸਕਦੀ ਹੈ। ਜਿਸ ਲਈ ਉਸ ਨੂੰ ਆਪਣੇ ਜੀਵਨ ਸਾਥੀ ਦੀ ਚੋਣ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਅਰੇਂਜ ਮੈਰਿਜ ’ਚ ਵੀ ਉਸ ਕੋਲ ਆਪਣੇ ਆਪ ਮੁੰਡਾ ਚੁਣਨ ਦਾ ਬਦਲ ਹੋਣਾ ਚਾਹੀਦਾ ਹੈ। ਨੌਕਰੀ ਲਈ ਕਈ ਕੁੜੀਆਂ ਨੂੰ ਵਿਆਹ ਤੋਂ ਬਾਅਦ ਨੌਕਰੀ ਛੱਡਣੀ ਪੈਂਦੀ ਹੈ। ਉਸ ਨੂੰ ਨੌਕਰੀ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ ਅਤੇ ਆਪਣੇ ਸਾਥੀ ਦਾ ਸਮਰਥਨ ਕਰਨਾ ਚਾਹੀਦਾ ਹੈ।

ਇਕ ਹੋਰ ਛੋਟੀ ਸੋਚ ਕਾਰਨ ਬਹੁਤ ਸਾਰੇ ਕਸਬਿਆਂ ’ਚ ਜਦੋਂ ਕੋਈ ਕੁੜੀ ਕੋਈ ਸ਼ਾਰਟਸ ਪਹਿਨਦੀ ਹੈ। ਲੋਕ ਇਸ ਤਰ੍ਹਾਂ ਉਸ ਵੱਲ ਦੇਖਦੇ ਹਨ, ਜਿਵੇਂ ਉਸ ਨੇ ਕੋਈ ਜੁਰਮ ਕਰ ਦਿੱਤਾ ਹੋਵੇ। ਕੀ ਭਾਰਤ ਦੀ ਕਿਸੇ ਕਾਨੂੰਨੀ ਕਿਤਾਬ ’ਚ ਕੋਈ ਵੀ ਨਿਯਮ ਲਿਖਿਆ ਹੈ ਕਿ ਉਹ ਇਸ ਨੂੰ ਨਹੀਂ ਪਹਿਨ ਸਕਦੀ? ਸਭ ਤੋਂ ਮਾੜੀ ਗੱਲ ਇਹ ਹੈ ਕਿ ਜਦੋਂ ਕਿਸੇ ਕੁੜੀ ਨਾਲ ਬਲਾਤਕਾਰ ਹੁੰਦਾ ਹੈ ਤਾਂ ਮੂਰਖ਼ ਲੋਕ ਕਹਿੰਦੇ ਹਨ ਕਿ ਜੇ ਕੁੜੀ ਸੈਕਸੀ ਕੱਪੜੇ ਪਾਵੇਗੀ ਤਾਂ ਮਰਦ ਉਤਸ਼ਾਹਿਤ ਹੋਣਗੇ। ਮੈਂ ਉਨ੍ਹਾਂ ਲੋਕਾਂ ਨੂੰ ਸਿਰਫ਼ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਉਨ੍ਹਾਂ ਦੀ ਭੈਣ ਵੀ ਉਹੀ ਪਹਿਰਾਵਾ ਪਹਿਨੇਗੀ ਤਾਂ ਉਹ ਉਤਸ਼ਾਹਿਤ ਨਹੀਂ ਹੋ ਸਕਦੇ। ਯਕੀਨਨ ਨਹੀਂ! ਕਿਉਂਕਿ ਉਹ ਉਨ੍ਹਾਂ ਦੀ ਭੈਣ ਹੈ। ਉਨ੍ਹਾਂ ਨੂੰ ਦੂਜੀਆਂ ਕੁੜੀਆਂ ਦੀ ਇੱਜ਼ਤ ਨਹੀਂ ਹੁੰਦੀ। ਸਮੱਸਿਆ ਪਹਿਰਾਵੇ ਦੀ ਨਹੀਂ, ਉਨ੍ਹਾਂ ਦੀ ਸਸਤੀ ਮਾਨਸਿਕਤਾ, ਸੌੜੀ ਤੇ ਛੋਟੀ ਸੋਚ ਦੀ ਹੈ।

ਉਪਰੋਕਤ ਸਾਰੇ ਕਾਰਨ ਲੜਕੀ ਨੂੰ ਬਹੁਤ ਕਮਜ਼ੋਰ ਬਣਾ ਦਿੰਦੇ ਹਨ। ਇਨ੍ਹਾਂ ਸਾਰੀਆਂ ਸਥਿਤੀਆਂ ’ਚ ਲੜਕੀ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ। ਮੈਂ ਸਾਰਿਆਂ ਬਾਰੇ ਨਹੀਂ ਕਹਿ ਰਿਹਾ ਪਰ ਭਾਰਤ ’ਚ ਬਹੁਤ ਸਾਰੀਆਂ ਥਾਵਾਂ ’ਤੇ ਕੁੜੀਆਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਸਰਕਾਰਾਂ ਤੇ ਧਾਰਮਿਕ ਸੰਸਥਾਵਾਂ ਵੱਲੋਂ ਇਸ 75ਵੇਂ ਭਾਰਤੀ ਆਜ਼ਾਦੀ ਦਿਹਾੜੇ ’ਤੇ ਇਸ ਔਰਤ ਦੀ ਆਜ਼ਾਦੀ ਤੇ ਉਸ ਦੇ ਬਾਹਰ ਨਿਕਲਣ ਦੀ ਆਜ਼ਾਦੀ, ਉਸ ਦੇ ਪਹਿਰਾਵੇ ਤੇ ਅਾਜ਼ਾਦੀ, ਉਸ ਨੂੰ ਪੜ੍ਹ-ਲਿਖ ਕੇ ਆਪਣੇ ਸੁਫ਼ਨੇ ਸਾਕਾਰ ਕਰਨ ਦੀ ਅਾਜ਼ਾਦੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅੱਜ ਭਾਰਤ ਵੀ ਆਪਣੇ ਆਪ ਨੂੰ ਸਹੀ ਮਾਇਨਿਆਂ ’ਚ ਆਜ਼ਾਦ ਹੋਣ ਦਾ ਸਬੂਤ ਪੇਸ਼ ਕਰ ਸਕੇ।
-ਸੁਰਜੀਤ ਸਿੰਘ ਫਲੋਰਾ


Manoj

Content Editor

Related News