ਹਾਲ- ਏ- ਪੰਜਾਬ : ''ਉੱਡਦਾ ਜ਼ਹਿਰ''
Monday, Nov 14, 2022 - 04:18 PM (IST)
ਕੋਈ ਸਮਾਂ ਸੀ ਜਦੋਂ ਪੰਜਾਬ ਦਾ ਵਾਤਾਵਰਨ ਦੁਨੀਆ ਦੇ ਸਾਫ਼ ਸੁਥਰੇ ਦੇਸ਼ਾਂ ਦੇ ਵਾਤਾਵਰਨ ਵਿੱਚ ਗਿਣਿਆ ਜਾਂਦਾ ਸੀ ਪਰ ਅੱਜ ਅਸੀਂ ਇਸ ਸੱਚਾਈ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਪੰਜਾਬ ਵਿੱਚ ਪ੍ਰਦੂਸ਼ਣ ਦੀ ਮਾਰ ਦਿਨੋਂ ਦਿਨ ਵਧਦੀ ਜਾ ਰਹੀ ਹੈ। ਦੁਨੀਆ ਦੀ ਸਭ ਤੋਂ ਮਹੱਤਵਪੂਰਨ ਅਤੇ ਪਹਿਲੀ ਲੋੜ ਹਵਾ ਜਾਂ ਆਕਸੀਜਨ ਨੂੰ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ। ਜੇਕਰ 5 ਮਿੰਟ ਵਾਸਤੇ ਆਕਸੀਜਨ ਖ਼ਤਮ ਹੋ ਜਾਵੇ ਤਾਂ ਇਸਦਾ ਅਸਰ ਅਸੀਂ ਸਭ ਜਾਣਦੇ ਹਾਂ।
“ਹਵਾ ਪ੍ਰਦੂਸ਼ਣ” ਦਾ ਮਤਲਬ ਵਾਤਾਵਰਣ ਵਿੱਚ ਅਜਿਹੇ ਠੋਸ, ਤਰਲ ਅਤੇ ਗੈਸਯੁਕਤ ਪਦਾਰਥਾਂ (ਸਮੇਤ ਸ਼ੋਰ) ਦਾ ਅਜਿਹੀ ਮਾਤਰਾ ਵਿੱਚ ਹੋਣਾ ਹੈ ਜਿਸ ਨਾਲ ਕਿ ਵਿਅਕਤੀਆਂ, ਹੋਰ ਜੀਵ-ਜੰਤੂਆਂ ਜਾਂ ਪੌਦਿਆਂ ਜਾਂ ਸੰਪਤੀ ਆਦਿ ਨੂੰ ਨੁਕਸਾਨ ਪੁੱਜਣ ਦਾ ਖ਼ਤਰਾ ਹੋਵੇ। ਪ੍ਰਦੂਸ਼ਣ ਫੈਲਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਕੁਦਰਤੀ ਸਰੋਤ ਨਾਂਹ ਦੇ ਬਰਾਬਰ ਹਨ। ਜ਼ਿਆਦਾ ਕਰਕੇ ਗ਼ੈਰ ਕੁਦਰਤੀ/ਮਨੁੱਖ ਨਿਰਮਿਤ ਸਰੋਤ ਹੀ ਪੰਜਾਬ ਵਿੱਚ ਪ੍ਰਦੂਸ਼ਣ ਫੈਲਾਉਣ ਦਾ ਕੰਮ ਕਰਦੇ ਹਨ ਜਿਨ੍ਹਾਂ ਵਿਚ ਕਾਰਖਾਨਿਆਂ ਵਿੱਚੋਂ ਨਿਕਲਦਾ ਧੂੰਆਂ, ਆਵਾਜਾਈ, ਰੇਲ ਅਤੇ ਰਸੋਈ ਅਤੇ ਘਰੇਲੂ ਗਰਮੀ ਕਰਕੇ ਉੱਠਦਾ ਧੂੰਆਂ, ਵਿਕਾਸ ਕਾਰਜਾਂ ਵਿੱਚੋਂ ਨਿਕਲਦਾ ਪ੍ਰਦੂਸ਼ਣ, ਕਸਬਿਆਂ ਅਤੇ ਘਰੇਲੂ ਕੂੜਾ ਕਰਕਟ ਨੂੰ ਜਲਾਉਣਾ, ਖੇਤੀਬਾੜੀ ਦੀ ਰਹਿੰਦ ਖੂੰਹਦ ਨੂੰ ਜਲਾਉਣਾ , ਥਰਮਲ ਪਲਾਂਟ , ਸੀਮਿੰਟ ਦੇ ਕਾਰਖਾਨੇ ਪੈਟਰੋ ਕੈਮੀਕਲ ਅਤੇ ਖਾਨਾਂ ਵਗੈਰਾ ਹਵਾ ਪ੍ਰਦੂਸ਼ਨ ਦੇ ਮੁੱਖ ਕਾਰਨ ਹਨ।
ਜੇਕਰ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਕਾਫ਼ੀ ਹੱਦ ਤੱਕ ਚੰਡੀਗੜ੍ਹ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਕਾਮਯਾਬ ਹੋਇਆ ਹੈ। ਇਸਦਾ ਕਾਰਨ ਸ਼ਾਇਦ ਪ੍ਰਸ਼ਾਸਨ ਵੱਲੋਂ ਦਿਖਾਈ ਸਖ਼ਤਾਈ ਵੀ ਹੋ ਸਕਦਾ ਹੈ। ਚੰਡੀਗੜ੍ਹ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਆਟੋ ਰਿਕਸ਼ਾ 'ਤੇ ਪਾਬੰਦੀ ਲਾਉਣਾ, ਅੱਗ ਲਾਉਣ ਤੇ ਪਾਬੰਦੀ, ਹਰ ਵਾਹਨ ਵਾਸਤੇ ਪ੍ਰਦੂਸ਼ਣ ਸਰਟੀਫਿਕੇਟ ਲਾਜ਼ਮੀ ਹੋਣਾ ਆਦਿ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੰਮ ਕਰਨਾ ਕਿਤੇ ਨਾ ਕਿਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਜ਼ਰੂਰ ਕਰਦਾ ਹੈ।
ਨਵੰਬਰ ਮਹੀਨੇ ਵਿੱਚ ਪੰਜਾਬ ਵਿੱਚ ਪ੍ਰਦੂਸ਼ਣ ਸਿਖਰਾਂ 'ਤੇ ਹੁੰਦਾ ਹੈ ਕਿਉਂਕਿ ਇਹ ਮਹੀਨਾ ਪਟਾਕੇ ਚਲਾਉਣ ਅਤੇ ਖੇਤੀ ਬਾੜੀ ਦੀ ਰਹਿਦ-ਖੂੰਹਦ ਜਲਾਉਣ ਵਾਲਾ ਮੰਨਿਆ ਜਾਂਦਾ ਹੈ। ਫੈਕਟਰੀਆਂ ਵਿਚੋਂ ਲਗਾਤਾਰ ਨਿਕਲਦਾ ਧੂੰਆਂ ਵੀ ਨਵੀਂ ਟੈਕਨਾਲੋਜੀ ਨਾਲ ਘੱਟ ਕੀਤਾ ਜਾ ਸਕਦਾ ਹੈ। ਹੁਣ ਤੱਕ ਪੰਜਾਬ ਵਿੱਚ ਲੋਕਰਾਜ ਹੋਣ ਕਰਕੇ ਸਰਕਾਰਾਂ ਪ੍ਰਦੂਸ਼ਣ ਰੋਕਣ ਲਈ ਕੋਈ ਸਖ਼ਤ ਕਦਮ ਚੁੱਕਣ ਤੋਂ ਗੁਰੇਜ਼ ਕਰਦੀਆਂ ਰਹੀਆਂ ਹਨ ਜੇਕਰ ਚੰਡੀਗੜ੍ਹ ਵਿੱਚ ਵੀ ਅਜਿਹਾ ਹੁੰਦਾ ਤਾਂ ਸ਼ਾਇਦ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦਿੱਕਤ ਆ ਸਕਦੀ ਸੀ।
ਵਧ ਰਹੇ ਪ੍ਰਦੂਸ਼ਣ ਲਈ ਕਿਤੇ ਨਾ ਕਿਤੇ ਅਸੀਂ ਵੀ ਜ਼ਿਮੇਵਾਰ ਹਾਂ ਸਿਰਫ਼ ਸਰਕਾਰਾਂ ਨੂੰ ਦੋਸ਼ ਦੇਣਾ ਹੀ ਬੇਇਨਸਾਫ਼ੀ ਹੋਵੇਗੀ। ਸਰਕਾਰਾ ਪ੍ਰਦੂਸ਼ਣ ਘੱਟ ਕਰਨ ਲਈ ਨੀਤੀਆਂ ਅਤੇ ਕਾਨੂੰਨ ਬਣਾਉਣ ਉਸਦੀ ਪਾਲਣਾ ਕਰਨਾ ਸਾਡਾ ਫ਼ਰਜ਼ ਹੈ।
ਕੁਲਦੀਪ ਸਿੰਘ ਰਾਮਨਗਰ