'ਜਗ ਬਾਣੀ' ਸੈਰ-ਸਪਾਟਾ-2 : ਖੁਸ਼ਹਾਲੀ ਦੇ ਦੇਸ਼ ਭੂਟਾਨ ਵਿਚ ਘੁੰਮਦਿਆਂ

Monday, Apr 20, 2020 - 02:44 PM (IST)

'ਜਗ ਬਾਣੀ' ਸੈਰ-ਸਪਾਟਾ-2 : ਖੁਸ਼ਹਾਲੀ ਦੇ ਦੇਸ਼ ਭੂਟਾਨ ਵਿਚ ਘੁੰਮਦਿਆਂ

ਸਾਲ 2015 ਅਸੀਂ ਚਾਹੁੰਦੇ ਸੀ ਕਿ ਹਮੇਸ਼ਾਂ ਦੀ ਤਰ੍ਹਾਂ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਇਸ ਵਾਰ ਵੀ ਟਰੈਕਿੰਗ ਲਈ ਹੀ ਮਨ ਬਣਾਇਆ ਜਾਵੇ ਮੈਂ ,ਰਣਵੀਰ,ਜਸਪ੍ਰੀਤ ਨੇ ਇਸ ਵਾਰ ਟ੍ਰੈਕਿੰਗ ਲਈ ਹਰ ਕੀ ਦੂਨ ਦਾ ਟ੍ਰੈਕ ਲਾਉਣ ਦਾ ਫੈਸਲਾ ਵੀ ਕਰ ਲਿਆ ਪਰ ਇਸ ਵਾਰ ਇਹ ਫੈਸਲਾ ਸਿਰੇ ਨਾ ਚੜ੍ਹਿਆ ਤੇ ਪ੍ਰੋਗਰਾਮ ਰੱਦ ਹੋ ਗਿਆ। ਮਨ ਬਹੁਤ ਉਦਾਸ ਹੋਇਆ ਇੰਝ ਲੱਗਾ ਜਿਵੇਂ ਇਸ ਵਾਰ ਜ਼ਿੰਦਗੀ ਦੇ ਰੰਗਾਂ 'ਚੋ ਕੋਈ ਰੰਗ ਖਾਲੀ ਰਹਿ ਗਿਆ ਹੋਵੇ ਤੇ ਕੁਦਰਤ ਦੇ ਨੇੜੇ ਹੋ ਕੇ ਮਿਲਣ ਦਾ ਮੌਕਾ ਹਥੋਂ ਗਵਾ ਲਿਆ ਹੋਵੇ। ਏਨੇ ਨੂੰ ਮਨਜੀਤ ਸਿੰਘ ਰਾਜਪੁਰਾ ਦਾ ਫੋਨ ਆ ਗਿਆ ਤੇ ਉਸ ਨੇ ਭੂਟਾਨ ਜਾਣ ਦਾ ਪ੍ਰੋਗਰਾਮ ਬਣਾਉਣ ਲਈ ਕਿਹਾ ਜਦੋਂ ਰਣਵੀਰ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈ ਝੱਟ ਰਾਜੀ ਹੋ ਗਿਆ ਇਹ ਵੀ ਤੈਅ ਹੋ ਗਿਆ ਕਿ ਇਸ ਵਾਰ ਟ੍ਰੈਕਿੰਗ ਭੂਟਾਨ 'ਚ ਹੀ ਹੋਵੇਗੀ ਤੇ ਬਹਾਨੇ ਨਾਲ ਦੂਜੇ ਮੁਲਕ ਵੀ ਜਾ ਆਵਾਂਗੇ। ਚਲੋ ਕੈਨੇਡਾ ਜਾਂ ਅਮਰੀਕਾ ਨਾ ਸਹੀ ਇਹ ਕਹਿਣ ਜੋਗੇ ਤਾਂ ਹੋਵਾਂਗੇ ਕਿ ਇੰਡੀਆ ਤੋ ਬਾਹਰ ਵੀ ਗਏ ਸੀ ਕਦੇ ।ਜੂਨ ਦਾ ਮਹੀਨਾ ਜਾਣ ਲਈ ਤੈਅ ਹੋ ਗਿਆ। ਰੇਲ ਗੱਡੀਆਂ ਦੀਆਂ ਟਿਕਟਾਂ ਅਹਿਮਦਗੜ੍ਹ ਜਾ ਕੇ ਏਜੰਟ ਤੋਂ ਬੁੱਕ ਕਰਵਾ ਦਿੱਤੀਆਂ। ਇਹ ਨੌਰਥ ਈਸਟ ਐਕਸਪ੍ਰੈੱਸ ਦੀਆਂ ਸਲੀਪਰ ਕਲਾਸ ਦੀਆਂ ਟਿਕਟਾਂ ਸਨ ਜੋ ਸਾਨੂੰ ਤਾਂ ਇੰਝ ਲੱਗ ਰਹੀਆਂ ਸਨ, ਜਿਵੇਂ ਟਾਈਟੈਨਕ ਜਹਾਜ਼ ਦੀਆਂ ਹੋਣ ਖੁਸ਼ੀ ਖੁਸ਼ੀ ਘਰ ਆ ਗਏ।

60 ਦਿਨਾਂ ਬਾਅਦ ਭੂਟਾਨ ਜਾਣ ਲਈ ਰੋਜ਼ ਕਲਪਨਾ ਦੀਆਂ ਉਡਾਰੀਆਂ ਮਾਰ ਕੇ ਭੂਟਾਨ ਦੀ ਧਰਤੀ ਤੇ ਉੱਤਰ ਜਾਇਆ ਕਰੀਏ ।30 ਜੂਨ ਆਖਰ ਘਰੋਂ ਦੱਸ ਦਿਨਾਂ ਲਈ ਆਜ਼ਾਦ ਹੋਣ ਵਾਲੇ ਪਰਿੰਦਿਆਂ ਵਾਂਗ ਉਡਾਰੀ ਮਾਰਨ ਲਈ ਤਿਆਰ ਹੋ ਗਏ। ਜਸਪ੍ਰੀਤ ਦੇ ਮਾਮੇ ਖਲਪਾੜਾ ਸਿੰਘ ਉਹਦਾ ਅਸਲ ਨਾਮ ਤਾਂ ਰੁਪਿੰਦਰ ਸਿੰਘ ਸੀ ਪਰ ਉਹਦੇ ਰੂਪ ਰੰਗ ਤੋਂ ਉਹ ਰੁਪਿੰਦਰ ਨਾ ਲੱਗਣ ਕਰਕੇ ਮਨਜੀਤ ਨੇ ਰਸਤੇ 'ਚ ਉਹਦਾ ਨਵਾਂ ਨਾਮਕਰਨ ਕੀਤਾ ਸੀ। ਖਲਪਾੜਾ ਸਿੰਘ ,ਮਾਮੇ ਨੇ ਵੀ ਖੁਸ਼ ਮਿਜਾਜ਼ ਹੋਣ ਕਾਰਨ ਇਸ ਨਾਮ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ।ਮੈਂ ਜਸਪ੍ਰੀਤ ਤੇ ਰਣਵੀਰ ਪਿੰਡੋਂ ਲੁਧਿਆਣਾ ਰੇਲਵੇ ਸਟੇਸ਼ਨ ਲਈ ਘਰ ਦੀਆਂ ਨੂੰ ਆਏ ਬੱਸ ਦੱਸ ਦਿਨਾਂ ਨੂੰ ਕਹਿ ਕੇ ਤੁਰ ਪਏ ਮਾਮਾ ਖਲਪਾੜ੍ਹਾ ਸਿੰਘ ਨੇ ਸਾਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਹੀ ਮਿਲਣਾ ਸੀ, ਜਿੱਥੋਂ ਅਸੀਂ ਦਿੱਲੀ ਲਈ ਟਰੇਨ ਲੈਣੀ ਸੀ।ਲੁਧਿਆਣਾ ਪਹੁੰਚ ਕੇ ਇੱਕਠੇ ਹੋ ਕੇ ਦਿੱਲੀ ਲਈ ਰਵਾਨਾ ਹੋ ਗਏ। ਗਰਮੀ ਆਪਣੇ ਪੂਰੇ ਜੋਰਾਂ ਤੇ ਸੀ ਮਨਜੀਤ ਨੇ ਰਾਜਪੁਰੇ ਤੋਂ ਸਾਡਾ ਹਮਸਫਰ ਬਣਨਾ ਸੀ ਤੇ ਇਸ ਵਾਰ ਉਹ ਆਪਣੇ ਵਾਅਦੇ ਤੇ ਕਾਇਮ ਰਿਹਾ ਤੇ ਟਰੇਨ ਦੇ ਸਮੇਂ ਤੇ ਰਾਜਪੁਰਾ ਪਹੁਚੰਣ ਤੇ ਟਰੇਨ ਚੜ੍ਹ ਗਿਆ। ਹੁਣ ਸਾਡੀ ਪੰਜ ਪਾਡਵਾਂ ਵਰਗੀ ਟੀਮ ਅਣਦੇਖੀਆਂ ਥਾਵਾਂ ਤੇ ਅਣਜਾਣ ਰਸਤਿਆਂ ਤੇ ਜਾਣ ਲਈ ਤਿਆਰ ਸੀ। ਦਿੱਲੀ ਪਹੁੰਚੇ ਤਾਂ ਇੰਝ ਲੱਗਾ ਜਿਵੇਂ ਸੂਰਜ ਦੇਵਤਾ ਇੱਥੇ ਕਿਤੇ ਨੇੜੇ ਹੀ ਕਿਸੇ ਢਾਬੇ ਤੇ ਰੋਟੀ ਖਾਣ ਲਈ ਉਤਰਿਆ ਹੋਵੇ। ਇੰਨੀ ਜ਼ਿਆਦਾ ਗਰਮੀ ਰਹੇ ਰੱਬ ਦਾ ਨਾਂ।ਦਿੱਲੀ ਤੋਂ ਅਸੀਂ ਨਾਰਥ ਈਸਟ ਐਕਸਪ੍ਰੈੱਸ ਰਾਹੀਂ ਦੂਜੇ ਦਿਨ ਸਿਲੀਗੁੜੀ ਪਹੁੰਚਣਾ ਸੀ ਤੇ ਇਸ ਤੋ ਬਾਅਦ ਦਾ ਸਫਰ ਬੱਸ ਰਾਹੀਂ ਤੈਅ ਹੋਣਾ ਸੀ।

ਅੱਜ ਦੀ ਰਾਤ ਦਿੱਲੀ ਹੀ ਰਹਿਣਾ ਸੀ ਇਸ ਲਈ ਸਟੇਸ਼ਨ ਦੇ ਨੇੜੇ ਹੀ ਇਕ ਏ.ਸੀ. ਰੂਮ ਲੈ ਲਿਆ ਗਿਆ। ਯਾਰਾਂ ਦਾ ਤਾਂ ਏਥੇ ਹੀ ਸ਼ਿਮਲਾ ਬਣ ਗਿਆ। ਵੈਸੇ ਵੀ ਏਨੀ ਗਰਮੀ 'ਚ ਦਿੱਲੀ ਦੇਖਣਾ ਵੀ ਕੀ ਸੀ ।ਦੂਜੇ ਦਿਨ ਸਵੇਰੇ 6-45 ਤੇ ਇੰਡੀਅਨ ਰੇਲਵੇ ਦੀ ਸੁਲੱਖਣੀ ਧੀ ਨਾਰਥ ਈਸਟ ਰੇਲ ਨੇ ਬਸੰਤ ਬਿਹਾਰ ਰੇਲਵੇ ਸਟੇਸ਼ਨ ਤੋਂ ਸਾਨੂੰ ਰਸੀਵ ਕਰਨਾ ਸੀ ਪਰ ਪਤਾ ਨਹੀ ਮਰਜਾਣੀ ਕਿਹੜੀ ਗਲੋਂ ਨਾਰਾਜ਼ ਹੋ ਗਈ ਜਿਹੜੀ 8 ਘੰਟੇ ਲੇਟ ਸਾਡੇ ਤੱਕ ਪਹੁੰਚੀ ਲੱਗਦਾ ਸੀ ਕਿ ਇਸ ਵਾਰ ਔਕੜਾਂ ਬਹੁਤ ਨੇ ਤੇ ਪੈਂਡਾਂ ਵੀ ਲੰਮਾਂ ਸੀ ਅਸੀਂ ਫਟਾ ਫਟਾ ਸਾਮਾਨ ਚੁੱਕਿਆ ਤੇ ਆਪਣੀ ਆਪਣੀ ਸੀਟ ਤੇ ਬੈਠਣ ਦੀ ਕੀਤੀ।ਟਰੇਨ ਵਿਚ ਬੈਠ ਕੇ ਸੁਰਖਰੂ ਹੋ ਗਏ ਕਿ ਹੁਣ ਤਾਂ ਮੰਜਿਲ ਦੂਰ ਨਹੀਂ ਪਰ ਇਹ ਸਾਡਾ ਵਹਿਮ ਸੀ ਮੈਡਮ ਨਾਰਥ ਈਸਟ ਇਕ ਤਾਂ ਪਹਿਲਾਂ ਹੀ ਲੇਟ ਆਏ ਤੇ ਦੂਜਾ ਸਫਰ 23 ਘੰਟੇ ਦਾ ਸੀ। ਚਲੋ ਜਾਣਾ ਤਾਂ ਸੀ ਹੀ ਕੁਝ ਪਾਉਣ ਲਈ ਪਸੀਨਾ ਤਾਂ ਵਹਾਉਣਾ ਹੀ ਪੈਣਾ ਸੀ ਪਰ ਇੰਨਾ ਜ਼ਿਆਦਾ ਵਹਾਉਣਾ ਪਵੇਗਾ ਇਹ ਨਹੀਂ ਪਤਾ ਸੀ।ਟਰੇਨ ਦਾ ਡੱਬਾ ਤਾਂ ਸਲੀਪਰ ਕਲਾਸ ਸੀ ਪਰ ਇਹ ਨਹੀ ਪਤਾ ਸੀ ਕਿ ਜਦੋਂ ਇਸ ਨੇ ਯੂ.ਪੀ. ,ਬਿਹਾਰ ਪਹੁੰਚਣਾ ਤਾਂ ਇੱਥੇ ਕੋਈ ਸਲੀਪਰ ਨਹੀਂ ਕੋਈ ਜਰਨਲ ਨਹੀ ਤੇ ਕੋਈ ਏ.ਸੀ. ਰਿਜ਼ਰਵ ਨਹੀਂ ਇੱਥੇ ਤਾਂ ਸਾਡੇ ਬਿਹਾਰੀ ਤੇ ਯੂ.ਪੀ. ਦੇ ਭਈਆਂ ਦਾ ਆਪਣਾ ਕਾਨੂੰਨ ਹੈ। ਟਰੇਨ ਦੇ ਡੱਬੇ 'ਚ ਖੜ੍ਹਨ ਨੂੰ ਜਗ੍ਹਾ ਨਹੀਂ ਸੀ ਜਿਹੜਾ ਸੀਟ ਛੱਡ ਕੇ ਇੱਕ ਵਾਰ ਇਧਰ ਉਧਰ ਹੋਇਆ। ਮੁੜ ਕੇ ਸੀਟ ਨਸੀਬ ਨਹੀ ਹੁੰਦੀ ਸੀ ਰਾਤ ਹੋ ਗਈ ਤਾਂ ਲੋਕ ਭੂੰਜੇ ਹੀ ਜਾਂ ਕਹਿ ਲ'' ਜਿਸ ਨੂੰ ਜਿੱਥੇ ਜਗ੍ਹਾਂ ਮਿਲੀ ਸੌ ਗਏ ਪਰ ਸਾਨੂੰ ਤਾਂ ਕਿੱਥੇ ਨੀਂਦ ਆਉਣੀ ਸੀ। ਗਰਮੀ ਦੇ ਨਾਲ-ਨਾਲ ਜਿਹੜਾ ਲੋਕ ਡੱਬੇ ਦਾ ਪਾਰਾ ਵਧਾਉਣ 'ਚ ਆਪਣਾ ਯੋਗਦਾਨ ਪਾ ਰਹੇ ਸੀ।ਬੱਸ ਇਕ ਮਨਜੀਤ ਹੀ ਸੀ ਜੋ ਘੋੜੇ ਵੇਚ ਕੇ ਸੁੱਤਾ ਪਿਆ ਸੀ ਅਸੀਂ ਸਾਰੇ ਉਸ ਨੂੰ ਬੁਰਾ ਭਲਾ ਆਖ ਰਹੇ ਸੀ ਕਿ ਇਹਦੇ ਮਗਰ ਲਗ ਕੇ ਕਿਉ ਇਧਰ ਆਉਣਾ ਸੀ ਹਿਮਾਚਲ ਹੀ ਠੀਕ ਸੀ।

ਸਾਡੇ ਲਈ ਤਾਂ ।ਰਾਤ ਬੱਸ ਏਦਾਂ ਮਨਜੀਤ ਨੂੰ ਗਾਲਾਂ ਕੱਢਦਿਆਂ ਨੇ ਹੀ ਗੁਜਾਰੀ ਇਕ ਯੂ.ਪੀ. ਤੇ ਬਿਹਾਰ ਦੋ ਸਟੇਟਾਂ ਕਿ ਟਰੇਨ ਲੰਘਾਉਣ ਵਿਚ ਹੀ ਨਾ ਆਵੇ ।ਟਰੇਨ ਲੇਟ ਹੋਣ ਕਾਰਣ ਹੋਰ ਟਰੇਨਾਂ ਨੂੰ ਲੇਟ ਹੋਣ ਤੋ ਬਚਾਉਣ ਲਈ ਇਸ ਨੂੰ ਵਾਰ-ਵਾਰ ਰਸਤਾ ਦੇਣ ਲਈ ਰੋਕਿਆ ਜਾ ਰਿਹਾ ਸੀ ਤੇ ਬੁੱਢੀ ਖੱਚਰ ਵਾਗੂੰ ਥਾਂ ਥਾਂ ਤੇ ਰੁਕ ਕੇ ਸਾਹ ਲੈ ਰਹੀ ਸੀ ।ਬੱਸ ਹੁਣ ਤਾਂ ਏਹ ਸੀ ਕਿ ਕਦੋਂ ਸਿਲੀਗੁੜੀ ਪਹੁੰਚੀਏ ਆਖਰ ਦੂਜੇ ਦਿਨ ਰਾਤ ਦੇ ਅੱਠ ਵਜੇ ਟਰੇਨ ਨੂੰ ਸਾਡੇ ਤੇ ਰਹਿਮ ਆਇਆ ਤੇ ਅਸੀ ਸਿਲੀਗੁੜੀ ਦੇ ਸਟੇਸ਼ਨ ਤੇ ਉਤਰੇ ਇੱਥੇ ਪਹੁੰਚ ਕੇ ਮੈਂ ਤਾਂ ਧਰਨਾ ਲਾ ਲਿਆ ਕਿ ਪਹਿਲਾਂ ਵਾਪਸੀ ਲਈ ਰਾਜਧਾਨੀ ਦੀ ਟਿਕਟ ਬੁੱਕ ਕਰਵਾਉ ਨਹੀ ਤਾਂ ਮੈਂ ਅੱਗੇ ਨਹੀ ਜਾਣਾ ਮੈਂਨੂੰ ਏਸ ਟਰੇਨ ਵਿਚ ਵਾਪਸ ਜਾਣ ਦੀ ਬਜਾਏ ਏਥੇ ਹੀ ਫਾਹੇ ਲਾ ਦਿਉ ਨਹੀ ਤਾਂ। ਆਖਰ ਮੇਰੀ ਜਿੱਦ ਅੱਗੇ ਚੁੱਕ ਕੇ ਸਾਰਿਆਂ ਨੇ ਅੱਕ ਚੱਬਿਆ ਤੇ ਰਾਜਧਾਨੀ ਦੀ ਟਿਕਟ 500- ਰੁ ਪ੍ਰਤੀ ਟਿਕਟ ਜਿਆਦਾ ਦੇ ਕੇ ਬੁੱਕ ਕਰਵਾ ਦਿੱਤੀ ।ਮਨਜੀਤ ਦੀ ਜੇਬ ਵਿਚ ਜੋ ਕੁਝ ਸੀ ਉਸ ਨੇ ਮੇਰੀ ਜਿਦ ਤੇ ਕੁਰਬਾਨ ਕਰ ਦਿੱਤਾ ਜਿਸਦਾ ਮੇਹਣਾ ਮੈਨੂੰ ਸਾਰੇ ਸਫਰ ਵਿਚ ਸੁਣਨਾ ਪਿਆ ।ਸਿਲੀਗੁੜੀ ਹੈ ਵੀ ਸਿਲ੍ਹੀ ਗੁੜੀ ਹੀ ਸੀ ਵੈਸਟ ਬੰਗਾਂਲ ਵਿਚ ਹੁੰਮਸ ਭਰਿਆ ਮੌਸਮ ਸੀ ਜਿਸਦੀ ਕਿ ਯੂ.ਪੀ. ਅਤੇ ਬਿਹਾਰ ਦੀ ਗਰਮੀ ਨਾਲ ਸ਼ਰਤ ਲੱਗੀ ਲੱਗਦੀ ਸੀ ਪਸੀਨਾ ਸੀ ਕਿ ਸੁੱਕਣ ਦਾ ਨਾਮ ਹੀ ਨਹੀ ਲੈ ਰਿਹਾ ਸੀ ।ਇੱਕ ਬੰਗਾਂਲੀ ਬਾਬੂ ਦੇ ਹੋਟਲ ਵਿਚ ਕਮਰਾ ਮਿਲ ਗਿਆ ਇਹ ਕਮਰਾ ਰੇਟ ਦੇ ਹਿਸਾਬ ਨਾਲ ਮਹਿੰਗਾਂ ਸੀ ਕਿਉਕਿ ਇਸ ਵਿਚ ਇੱਕ ਅੱਧਖੜ੍ਹ ਤੇ ਵਕਤ ਦੇ ਮਾਰੇ ਪੱਖੇ ਤੋ ਇਲਾਵਾ ਕੁਝ ਵੀ ਨਹੀ ਸੀ ਪਰ ਰਾਤ ਤਾਂ ਹੁਣ ਕੱਟਣੀ ਹੀ ਸੀ ਦੋ ਦਿਨ ਦੇ ਸੁੱਤੇ ਨਾ ਹੋਣ ਕਰਕੇ ਆਖਰ ਨੀਂਦ ਦੀ ਹੀ ਜਿੱਤ ਹੋਈ ਤੇ ਅੱਖਾਂ ਨੇ ਗੋਡੇ ਟੇਕ ਦਿੱਤੇ ।ਸਵੇਰੇ ਉੱਠੇ ਤਾਂ ਮੀਂਹ ਪੈ ਕੇ ਹਟਿਆ ਸੀ ਜੋ ਕਿ ਬੈਸਟ ਬੰਗਾਂਲ ਵਿਚ ਸਰਾਬੀ ਦੇ ਨਿੱਤ ਠੇਕੇ ਜਾਣ ਵਾਗੂੰ ਰੋਜ਼ ਹੀ ਪੈਂਦਾ ਹੈ ।ਗਰਮੀ ਘੱਟ ਸੀ ਤੇ ਛੇਤੀ-ਛੇਤੀ ਭੁਟਾਨ ਦੇ ਹੋਰ ਨੇੜੇ ਜਾਣ ਲਈ ਤਿਆਰੀ ਕਰ ਲਈ ਗਈ ਹੋਟਲ ਵਾਲੇ ਬੰਗਾਂਲੀ ਦੇ ਗਰੀਬ ਤੇ ਬੇਸਹਾਰਾ ਜਿਹੇ ਕਮਰੇ ਦਾ ਕਿਰਾਇਆ ਨਾ ਚਾਹੁੰਦੇ ਹੋਏ ਵੀ ਦੇ ਕੇ ਇੱਕ ਆਟੋ ਰਾਹੀਂ ਬੱਸ ਸਟੈਡ ਪੁਹੰਚ ਗਏ ਬੱਸ ਵੀ ਟਰੇਨ ਵਾਗੂੰ ਸਾਡੀਆਂ ਲੇਲੜੀਆਂ ਕਢਾ ਕੇ ਹੀ ਆਈ ।ਇਸ ਬੱਸ ਨੇ ਸਾਨੂੰ  ਇੱਕ ਛੋਟੇ ਜਿਹੇ ਕਸਬੇ  ਵਿਚ ਉਤਾਰ ਦਿੱਤਾ ਜਿਥੋ ਇੱਕ ਮਿੰਨ੍ਹੀ ਬੱਸ ਰਾਂਹੀ ਹਿੰਦੁਸਤਾਨ ਦੇ ਭੂਟਾਨ ਨਾਲ ਲੱਗਦੇ ਬਾਡਰ ਦੇ ਆਖਰੀ ਕਸਬੇ ਜੈ-ਗਾਉ ਪਹੁੰਚਣਾ ਸੀ।

ਇੱਥੋ ਇੱਕ ਪੀਟਰ ਰੇੜੇ ਵਰਗੀ ਬੱਸ ਵਿਚ ਬੈਠ ਕੇ ਜੈ ਗਾਉਂ ਲਈ ਚੱਲ ਪਏ। ਸਫਰ ਕੁਝ ਵਧੀਆ ਹੋ ਚੱਲਿਆ ਸੀ ਦੂਰ ਦੂਰ ਤੱਕ ਸੁਹਾਵਨੇ ਦ੍ਰਿਸ਼ ਚਾਹ ਦੇ ਬਾਗ ਤੇ ਦਰੱਖਤਾਂ ਦੇ ਜੰਗਲ ਮਨ ਨੂੰ ਕੁਝ ਵਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਮਨ ਵਿਰ ਵੀ ਰਿਹਾ ਸੀ। ਪਿਛਲਾ ਔਖਾ ਸਫਰ ਭੁੱਲ ਚੱਲੇ ਸੀ ਤੇ ਇਸ ਸਫਰ ਦਾ ਆਨੰਦ ਲੈ ਰਹੇ ਸੀ ਇੱਥੇ ਕਿਸੇ ਕਿਸੇ ਦਾ ਹੀ ਪੱਕਾ ਮਕਾਨ ਨਜਰੀ ਪੈਦਾਂ ਸੀ ਨਹੀ ਤਾਂ ਚਾਰੇ ਪਾਸੇ ਦਰੱਖਤਾਂ ਨਾਲ ਘਿਰੀਆਂ ਝੌਪੜੀਆਂ ਹੀ ਸਨ ਜੋ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਵੇਚ ਕੇ ਬਣਾਈਆਂ ਕੋਠੀਆਂ ਨੂੰ ਲਾਹਣਤਾਂ ਪਾ ਕੇ ਦੱਸ ਰਹੀਆਂ ਸੀ ਕਿ ਅਸੀ ਤੇ ਸਾਡੇ ਵਿਚ ਰਹਿਣ ਵਾਲੇ ਏਦਾਂ ਹੀ ਖੁਸ਼ ਹਾਂ ।ਆਖਰ ਸੂਣ ਵਾਲੀ ਮੱਂਝ ਦੀ ਚਾਲ ਤੁਰਦੀ ਬੱਸ ਜੈ-ਗਾਉ ਪਹੁੰਚ ਗਈ । ਮਾਮਾ ਖਲਪਾੜਾ ਸਿੰਘ ਨੂੰ ਅਸੀ ਏਥੇ ਹੀ ਛੱਡ ਕੇ ਅੱਗੇ ਭੁਟਾਨ ਜਾਣਾ ਜੀ ਮਾਮਾ ਖਲਪਾੜਾ ਸਿੰਘ ਏਥੈ ਹੀ ਰਹਿੰਦਾਂ ਹੈ ਅਤੇ ਇੱਕ ਟਰੱਕ ਡਰਾਇਵਰ ਹੈ ਇੱਥੇ ਹੀ ਇਸ ਦੀ ਦੁਨੀਆਂ ਹੈ। ਰਾਤ ਲਈ ਇੱਕ ਹੋਟਲ ਵਿਚ ਕਮਰਾ ਲੈ ਲਿਆ ਗਿਆ ਕਮਰਾ ਸਾਫ ਸੁਥਰਾ ਤੇ ਹਵਾਦਾਰ ਸੀ ਏਥੋ ਅੱਗੇ ਭੂਟਾਨ ਲਈ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ ਹੈ ਸਮਾਨ ਰੱਖ ਕੇ ਅਸੀ ਭੂਟਾਨ ਵਿਚ ਐਂਟਰ ਹੋਣ ਲਈ ਪਰਮਿਟ ਲੈਣ ਲਈ ਐਪਲੀਕੇਸ਼ਨ ਸੈਟਰ ਗਏ। ਪਰ ਏਥੇ ਬੈਠੇ ਵੀਜ਼ਾ ਅਫਸਰ ਨੂੰ ਸਾਡੀਆਂ ਸ਼ਕਲਾਂ ਪਸੰਦ ਨਹੀ ਆਈਆਂ ਤੇ ਉਸ ਨੇ ਪਰਮਿਟ ਲਈ ਸਵੇਰੇ ਮੇਨ ਹੈਡ ਕੁਆਟਰ ਜਾਣ ਲਈ ਕਿਹਾ। ਲਿਫਾਫੇ ਵਰਗੇ ਮੂੰਹ ਲੈ ਕੇ ਅਸੀ ਵਾਪਸ ਹੋਟਲ ਆ ਗਏ ਤੇ ਸਵੇਰੇ ਪਰਮਿਟ ਲੈਣ ਲਈ ਜਾਣ ਦਾ ਫੈਸਲਾ ਕੀਤਾ। ਰਾਤ ਨੂੰ ਨਹਾ ਧੋ ਕੇ ਮਾਮੇ ਦੇ ਸੱਦੇ ਤੇ ਮਾਮੇ ਦੇ ਅੱਡੇ ਤੇ ਖਾਣ ਪੀਣ ਲਈ ਪਹੁੰਚ ਗਏ ਮਾਮੇ ਤੇ ਉਸਦੇ ਤਿੰਨ ਸਾਥੀ ਜੋ ਕਿ ਆਪ ਵੀ ਟਰੱਕ ਡਰਾਇਵਰ ਹਨ ਨੇ ਸਾਡੇ ਉੱਤੋ ਕੁਰਬਾਨ ਕਰਨ ਲਈ ਇੱਕ ਦੇਸੀ ਮੁਰਗੇ ਦੀ ਘੰਢੀ ਮਰੋੜ ਲਈ ਸੀ ।ਬੈਠਣ ਲਈ ਇੱਕ ਬੰਗਾਲੀ ਪਰਿਵਾਰ ਦਾ ਘਰ ਸੀ ਜਿੱਥੇ ਕਿ ਮਾਮੇ ਹੁਣਾ ਦੀ ਰਿਹਾਇਸ਼ ਸੀ ਇਹ ਪਰਿਵਾਰ ਬਹੁਤ ਹੀ ਮਿਲਣਸਾਰ ਸੀ ਬੰਗਾਲੀ ਬਾਬੂ ਦੀ ਘਰਵਾਲੀ ਆਪ ਸਾਰਾ ਖਾਣ ਪੀਣ ਦਾ ਪ੍ਰਬੰਧ ਕਰ ਰਹੀ ਸੀ। ਕਾਫੀ ਰਾਤ ਤੱਕ ਗੱਲਾਂ ਕਰਦੇ ਹੱਸਦੇ ਖੇਡਦੇ ਰਹੇ ਤੇ ਫੇਰ ਮਾਮਾ ਅਤੇ ਉਸਦਾ ਇੱਕ ਸਾਥੀ ਸਾਨੂੰ ਪੰਜ ਕਿਲੋਮੀਟਰ ਦੂਰ ਹੋਟਲ ਤੱਕ ਟਰੱਕ ਵਿਚ ਛੱਡਣ ਆਏ ਰਾਤ ਕਾਫੀ ਹੋ ਗਈ ਸੀ।

ਸੋ ਰਾਤ ਦਾ ਬਾਕੀ ਸਮਾਂ ਬਿਸਤਰਿਆਂ ਤੇ ਗੁਜਾਰ ਕੇ ਸਵੇਰੇ 9 ਵਜੇ ਨੂੰ ਵੀਜ਼ਾ ਦਫਤਰ ਪਹੁੰਚ ਗਏ ਤਕਰੀਬਨ ਦੋ ਘੰਟੇ ਦੀ ਮਿਹਨਤ ਤੋ ਬਾਅਦ ਪਰਮਿਟ ਮਿਲ ਗਿਆ ਮਨ ਨੂੰ ਇਹਨੀ ਜਿਆਦਾ ਖੁਸ਼ੀ ਹੋਈ ਜਿਵੇਂ ਸਾਰੇ ਯੂਰਪ ਦਾ ਮਲਟੀਪਲ ਵੀਜ਼ਾ ਮਿਲ ਗਿਆ ਹੋਵੇ। ਹੋਟਲ ਆ ਕੇ ਸਮਾਨ ਇੱਕਠਾ ਕੀਤਾ ਤੇ ਭੂਟਾਨ ਦੀਆਂ ਖੂਬਸੂਰਤ ਵਾਦੀਆ ਵਿਚ ਐਟਰ ਹੋ ਗਏ ।ਭੂਟਾਨ ਦੇ ਬੱਸ ਸਟੈਡ ਤੋ ਮਿੰਨ੍ਹੀ ਬੱਸਾਂ ਰਾਹੀ ਭੂਟਾਨ ਦੀ ਰਾਜਧਾਨੀ ਥਿੰਪੂ ਪਹੁੰਚਣ ਲਈ ਬੱਸ ਦੀਆਂ ਟਿਕਟਾਂ ਲੈ ਲਈਆਂ ਗਈਆਂ ਬੱਸ ਰਵਾਨਾ ਹੋ ਗਈ ।ਅਜੇ ਬੱਸ 10 ਕਿਲੋਮੀਟਰ ਹੀ ਚੱਲੀ ਸੀ ਕਿ ਠੰਢੀਆਂ ਹਵਾਵਾਂ ਨੇ ਸਾਡੇ ਮੁੱਖ ਚੁੰਮਣੇ ਸ਼ੁਰੂ ਕਰ ਦਿੱਤੇ ਅੱਤ ਦੀ ਅਤੇ ਹੁੰਮਸ ਭਰੀ ਗਰਮੀ ਤੋ ਕੁਝ ਦਿਨਾ ਲਈ ਛੁੱਟੀ ਮਿਲ ਗਈ ਸੀ ।ਜਿਉ ਜਿਉ ਬੱਸ ਉਚਾਈ ਵੱਲ ਜਾ ਰਹੀ ਸੀ ਠੰਢ ਵੱਧਦੀ ਜਾ ਰਹੀ ਸੀ ਕਲਪਨਾਂ ਵਿਚ ਥਿੰਪੂ ਦੀਆਂ ਤਸਵੀਰਾਂ ਬਣ ਬਣ ਮਿਟ ਰਹੀਆਂ ਸਨ ਬੱਸ ਵਿਚ ਜਸਪ੍ਰੀਤ ਦੀ ਜਾਣ ਪਛਾਣ ਸੋਨੀਆਂ ਨਾਮ ਦੀ ਭੂਟਾਨਣ ਕੁੜੀ ਨਾਲ ਹੋ ਗਈ ਜੋ ਕਿ ਲਵਲੀ ਯੂਨੀਵਰਸਿਟੀ ਜਲੰਧਰ ਪੜ੍ਹਦੀ ਸੀ। ਇਥੋ ਦੇ ਬਹੁਤੇ ਮੁੰਡੇ ਕੁੜੀਆ ਲਵਲੀ ਯੂਨੀਵਰਸਿਟੀ ਵਿਚ ਪੜ੍ਹਦੇ ਹਨ ।ਸੋਨੀਆਂ ਨੇ ਸਾਨੂੰ ਥਿੰਪੂ ਰਹਿਣ ਵਾਸਤੇ ਕੁਝ ਸੁਝਾਅ ਦਿੱਤੇ ਤੇ ਇੱਕ ਹੋਟਲ ਦਾ ਐਡਰੈਸ ਵੀ ਦਿੱਤਾ ਤੇ ਦੱਸਿਆ ਕਿ ਏਥੇ ਸਾਨੂੰ ਕਮਰਾ ਵਾਜਬ ਰੇਟ ਤੇ ਮਿਲ ਜਾਵੇਗਾ ।ਛੇ ਘੰਟੇ ਦੇ ਸਫਰ ਦੇ ਵਿਚ ਅਸੀ ਕੁਦਰਤ ਦੇ ਖੂਬਸੂਰਤ ਨਜਾਰਿਆਂ ਦਾ ਰੱਜ ਕੇ ਆਨੰਦ ਮਾਣਿਆ ।ਆਖਰ ਅਸੀ ਭੂਟਾਨ ਦੀ ਰਾਜਧਾਨੀ ਥਿੰਪੂ ਦੇ ਬੱਸ ਸਟੈਡ ਤੇ ਪਹੁੰਚ ਗਏ ਥਿੰਪੂ ਸ਼ਹਿਰ ਏਸ ਤਰ੍ਹਾ ਲੱਗ ਰਿਹਾ ਸੀ ਜਿਵੇ ਯੂਰਪ ਦਾ ਕੋਈ ਖੂਬਸੂਰਤ ਸ਼ਹਿਰ ਹੋਵੇ ਪਹਾੜਾਂ ਦੀ ਗੋਦ ਵਿਚ ਵਸੀਆ ਇਹ ਸ਼ਹਿਰ ਸਾਡੇ ਪਹਾੜੀ ਸ਼ਹਿਰਾਂ ਤੋ ਕਿਤੇ ਜ਼ਿਆਦਾ ਸੋਹਣਾ ਹੈ ।ਸਾਫ ਸੁਥਰੀਆਂ ਸੜਕਾਂ ਕੋਈ ਟਰੈਫਿਕ ਨਹੀ ਕੋਈ ਹਾਰਨ ਤੱਕ ਨਹੀ ਮਾਰਦਾ ਸੱਭ ਆਪਣੀ ਚਾਲ ਤੁਰੇ ਜਾ ਰਹੇ ਹਨ ਪੂਰੇ  ਨਿਯਮਾਂ ਦੀ ਪਾਲਣਾ ਕਰਦੇ ਹੋਏ ।ਭੂਟਾਨ ਦੀ ਕੁੱਲ ਆਬਾਦੀ ਕੇਵਲ 10 ਲੱਖ ਦੇ ਕਰੀਬ ਹੈ ਜਿਸ ਕਰਕੇ ਏਥੇ ਬਹੁਤ ਸਾਂਤੀ ਹੈ ।

ਸ਼ਹਿਰ ਦੇ ਵਿਚਕਾਰ ਦੀ ਲੰਘਦੀ ਨਦੀ ਸ਼ਹਿਰ ਦੀ ਖੂਬਸੂਰਤੀ ਨੂੰ ਹੋਰ ਜ਼ਿਆਦਾ ਵਧਾ ਰਹੀ ਸੀ ।ਇੱਥੋ ਇੱਕ ਟੈਕਸੀ ਕਿਰਾਏ ਤੇ ਕੀਤੀ ਤੇ ਸ਼ਹਿਰ ਦੀ ਮੇਨ ਮਾਰਕੀਟ ਆ ਗਏ ਤੇ ਸੋਨੀਆ ਵਲੋ ਦੱਸੇ ਹੋਟਲ ਜਾ ਪਹੁੰਚੇ। ਇੱਥੇ ਹਰ ਤਰ੍ਹਾਂ ਦੇ ਛੋਟੇ ਵੱਡੇ ਹੋਟਲ ਤੁਹਾਨੂੰ ਪੂਰੇ ਸਾਫ ਸੁਥਰੇ ਮਿਲਣਗੇ ਤੇ ਵੱਡੀ ਗੱਲ ਇਹ ਕਿ ਸ਼ਹਿਰ ਦੇ ਜਿਆਦਾਤਰ ਹੋਟਲ ਔਰਤਾਂ ਵਲੋ ਹੀ ਚਲਾਏ ਜਾ ਰਹੇ ਹਨ। ਹਰ ਛੋਟੇ ਵੱਡੇ ਹੋਟਲ ਵਿਚ 10 ਰੁ ਤੋ ਲੈ ਕੇ 100 ਰੁ ਤੱਕ ਸ਼ਰਾਬ ਦਾ ਪੈੱਗ ਮਿਲ ਜਾਂਦਾ ਹੈ ਜੋ ਕਿ ਔਰਤਾਂ ਆਪ ਪਾ ਕੇ ਦਿੰਦੀਆਂ ਹਨ ਪਰ ਸਾਡੇ ਲੋਕਾਂ ਵਾਗੂੰ ਇਨ੍ਹਾਂ ਨਾਲ ਕੋਈ ਛੇੜਖਾਨੀ ਕਰਨ ਦੀ ਹਿੰਮਤ ਨਹੀ ਕਰਦਾ ।ਹਰ ਹੋਟਲ ਹਰ ਦੁਕਾਨ ਤੇ ਹਰ ਘਰ ਵਿਚ ਇੱਥੋ ਦੇ ਰਾਜੇ ਅਤੇ ਰਾਣੀ ਦੀ ਤਸਵੀਰ ਜਰੂਰ ਲੱਗੀ ਹੁੰਦੀ ਹੈ ਪੁੱਛਣ ਤੇ ਪਤਾ ਲੱਗਾ ਕਿ ਇਹ ਆਪਣੇ ਰਾਜੇ ਅਤੇ ਉਸਦੇ ਪਰਿਵਾਰ ਨੂੰ ਰੱਬ ਦੀ ਤਰ੍ਹਾਂ ਪੂਜਦੇ ਹਨ ।ਹੋਟਲ ਵਿਚ ਰਿਸਪੈਸਨ ਤੇ ਬੈਠੀ ਇੱਕ ਖੂਬਸੂਰਤ ਭੂਟਾਨ ਨੂੰ ਕਮਰੇ ਲਈ ਪੁੱਛਿਆ ਪਰ ਉਸ ਨੇ ਸਿਰ ਨਾਲ ਨਾ ਵਾਲਾ ਇਸ਼ਾਰਾ ਕਰਕੇ ਕਮਰਾ ਉਪਲੱਬਧ ਨਾ ਹੋਣ ਲਈ ਮਾਫੀ ਮੰਗੀ ।ਪਰ ਉਸ ਨੇ ਇੱਕ ਹੋਰ ਹੋਟਲ ਵਾਲੀ ਕੁੜੀ ਨੂੰ ਫੋਨ ਤੇ ਸਾਡੇ ਲਈ ਕਮਰਾ ਪੁੱਛਿਆ ਤਾ ਜਵਾਬ ਹਾਂ ਵਿਚ ਮਿਲ ਗਿਆ ਤੇ ਛੇਤੀ ਹੀ ਪੇਮਾ ਨਾਮ ਦੀ ਇੱਕ ਕੁੜੀ ਸਾਨੂੰ ਲੈਣ ਲਈ ਆ ਗਈ ਖੁਸ਼ਮਿਜਾਜ ਪੇਮਾ ਨੇ ਹੋਟਲ ਦਾ ਕਮਰਾ ਦਿਖਾਇਆ।ਕਮਰਾ ਬਹੁਤ ਸਾਫ ਸੁਥਰਾ ਸੀ ਤਿੰਨ ਦਿਨ ਲਈ ਕਮਰਾ ਬੁੱਕ ਕਰਕੇ ਅਸੀ ਨਹਾ ਧੋ ਕੇ ਥਿੰਪੂ ਦੀ ਸੈਰ ਲਈ ਚੱਲ ਪਏ ਸ਼ਹਿਰ ਦੀ ਮੇਨ ਮਾਰਕਿਟ ਵਿਚ ਗਏ ਤਾਂ ਇੱਥੇ ਬਹੁਤ ਰੌਣਕ ਸੀ ਭੂਟਾਨ ਦੀਆਂ ਖੂਬਸੂਰਤ ਤੇ ਮਾਸੂਮ ਦਿੱਸਣ ਵਾਲੀਆਂ ਕੁੜੀਆਂ ਬਾਜ਼ਾਰ ਨੂੰ ਚਾਰ ਚੰਦ ਲਾ ਰਹੀਆਂ ਸਨ।ਠੰਢੀ ਹਵਾ ਦੇ ਬੁੱਲ੍ਹੇ ਸੰਗੀਤ ਪੈਦਾ ਕਰ ਰਹੇ ਸਨ ਕੁਝ ਦੇਰ ਇੱਕ ਸਟੇਡੀਅਮ ਦੀਆਂ ਪੌੜੀਆਂ ਤੇ ਬੈਠ ਕੇ ਖੂਬਸੂਰਤੀ ਦਾ ਆਨੰਦ ਲੈ ਕੇ ਵਾਪਸ ਹੋਟਲ ਪਹੁੰਚੇ ਤੇ ਖਾਣਾ ਖਾ ਕੇ ਕਮਰੇ ਵਿਚ ਚਲੇ ਗਏ ।ਅਗਲੇ ਦਿਨ ਸਵੇਰੇ ਨਹਾ ਧੋ ਕੇ ਲੋਕਲ ਥਾਵਾਂ ਦੇਖਣ ਲਈ ਨਿਕਲ ਪਏ ਲੋਕਲ ਟੈਕਸੀ ਕਰਕੇ ਬੋਧੀਆਂ ਦੇ ਮੰਦਰ ਪਹੁੰਚੇ ਇੱਥੇ ਬੋਧੀ ਲਾਮੇ ਪਾਲੀ ਭਾਸ਼ਾਂ ਦੇ ਪੁਰਾਤਨ ਗੰ੍ਰਥਾਂ ਤੋ ਕੁਝ ਪੜ੍ਹ ਰਹੇ ਸਨ। ਸਮਝ ਤਾਂ ਨਹੀ ਆਈ ਪਰ ਦੇਖਣ ਨੂੰ ਦ੍ਰਿਸ਼ ਵਧੀਆ ਸੀ ।ਇਸ ਤੋਂ ਬਾਅਦ ਬੁੱਧਾ ਪੁਵਾਇੰਟ ਲਈ ਚਾਲੇ ਪਾਏ ਇੱਥੇ ਪਹਾੜ ਦੀ ਟੀਸੀ ਤੇ ਮਹਾਤਮਾ ਬੁੱਧ ਜੀ ਦੀ ਤਕਰੀਬਨ 100 ਫੁੱਟ ਉਚੀ ਪਿੱਤਲ ਦੀ ਮੂਰਤੀ ਬਣਾਈ ਹੋਈ ਹੈ ਜਿੱਥੇ ਹੋਰ ਵੀ ਟੂਰਿਸਟ ਪਹੁੰਚੇ ਹੋਏ ਸਨ।

ਇਸ ਜਗ੍ਹਾ ਤਂੋ ਸਾਰਾ ਥਿੰਪੂ ਸ਼ਹਿਰ ਨਜ਼ਰ ਆਉਦਾ ਹੈ ਇੱਥੇ ਖੜ੍ਹ ਕੇ ਕੁਦਰਤ ਦੇ ਨਜ਼ਾਰੇ ਹੋਰ ਵੀ ਵਧੀਆ ਨਜ਼ਰ ਆਉਦੇ ਸੀ ।ਪਹਾੜਾਂ ਤੇ ਉਡਦੇ ਬੱਦਲ ਇੰਝ ਲੱਗ ਰਹੇ ਸੀ ਜਿਵੇਂ ਆਪਸ ਵਿਚ ਕੋਈ ਖੇਡ ਖੇਡਦੇ ਹੋਣ ਕਾਫੀ ਦੇਰ ਕੁਦਰਤ ਦੀਆਂ ਇਨਸਾਨ ਨੂੰ ਬਖਸ਼ੀਆਂ ਇਨ੍ਹਾਂ ਰਹਿਮਤਾਂ ਦਾ ਆਨੰਦ ਲੈ ਕੇ ਪੈਦਲ  ਹੀ ਵਾਪਸ ਸ਼ਹਿਰ ਵੱਲ ਚਾਲੇ ਪਾ ਦਿੱਤੇ ਪਰ ਸ਼ਹਿਰ ਕਾਫੀ ਦੂਰ ਸੀ। ਥੋੜ੍ਹਾ ਰਸਤਾ ਤੁਰ ਕੇ ਹੀ ਲੱਤਾਂ ਸਾਸਰੀਕਾਲ ਕਹਿਣ ਲੱਗ ਗਈਆਂ। ਇੱਕ ਕਾਰ ਵਾਲੇ ਤੋਂ ਲਿਫਟ ਮਿਲ ਗਈ ਤਾਂ ਉਸਨੇ ਸ਼ਹਿਰ ਦੇ ਕਾਫੀ ਨਜ਼ਦੀਕ ਉਤਾਰ ਦਿੱਤਾ। ਇੱਥੋ ਟੈਕਸੀ ਲੈ ਕੇ ਮੇਨ ਮਾਰਕੀਟ ਆ ਗਏ ਤੇ ਕੁਛ ਖਾਣ ਪੀਣ ਲਈ ਇੱਕ ਹੋਟਲ ਤੇ ਚਲੇ ਗਏ ਇੱਥੇ ਫਾਸਟ ਫੂਡ ਸਸਤਾ ਹੈ ਤੇ ਰੋਟੀ ਮਹਿੰਗੀ ।ਤਕਰੀਬਨ 20 ਰੁਪਏ ਦੀ ਇੱਕ ਰੋਟੀ ਮਿਲਦੀ ਹੈ ਜੋ ਕਿ ਮੇਰੀ ਬੇਬੇ ਦੀ ਬਣਾਈ ਰੋਟੀ ਦੇ ਇੱਕ ਬੁਰਕੀ ਬਰਾਬਰ ਹੁੰਦੀ ਹੈ ਜਿਸ ਨਾਲ ਸਿਰਫ ਟੇਸਟ ਹੀ ਕੀਤਾ ਜਾ ਸਕਦਾ ਹੈ । ਪੇਟ ਨਹੀ ਭਰਦਾ ।ਪੈਸੇ ਵੀ ਪੂਰੇ ਪੂਰੇ ਹੀ ਸੀ ਕਿਉਕਿ ਸਾਡੇ ਵਿਚੋ ਕੋਈ ਵੀ ਕਿਸੇ ਅਮੀਰ ਬਾਪ ਦੀ ਔਲਾਦ ਨਹੀ ਸਾਰੇ ਮਲੰਗ ਹੀ ਕੱਠੇ ਹੋ ਕੇ ਦੁਨੀਆਂ ਘੁੰਮਣ ਗਏ ਸੀ ।ਵੈਸੇ ਵੀ ਇਹੋ ਜਿਹੇ ਸੌਂਕ ਦਿਲ ਦੇ ਅਮੀਰਾਂ ਨੂੰ ਹੀ ਹੁੰਦੇ ਨੇ ਜੇਬ ਦੇ ਅਮੀਰਾਂ ਨੂੰ ਨਹੀ । ਸੋ ਫਾਸਟ ਫੂਡ ਨੂੰ ਹੀ ਆਉ ਜੀ ਕਿਹਾ ਗਿਆ ।ਖਾਣਾ ਖਾ ਕੇ ਹੋਟਲ ਚਲੇ ਗਏ ਤੇ ਸ਼ਾਮ ਤੱਕ ਆਰਾਮ ਫਰਮਾਇਆ ।ਮਨਜੀਤ ਲੋਕਾਂ ਦੇ ਖਾਜ ਕਰਨ ਲੱਗ ਗਿਆ (ਭਾਵ ਲੋਕਲ ਲੋਕਾਂ ਦਾ ਦਿਮਾਗ ਚੱਟਣ ਭਾਵ ਪੁੱਛ ਗਿੱਛ ਕਰਨ ਲੱਗ ਗਿਆ) ਮਨਜੀਤ ਦਾ ਸੁਭਾਅ ਹੈ ਲੋਕਾਂ ਨਾਲ ਬਹੁਤ ਜਿਆਦਾ ਗੱਲਾਂ ਕਰਨਾ ਤੇ ਅਸੀ ਇਸ ਨੂੰ ਖਾਜ ਕਰਨਾ ਨਾਮ ਦਿੱਤਾ ।ਦੂਜੇ ਦਿਨ ਦੇਖਣ ਲਈ ਪੁਨਾਖਾ ਘਾਟੀ ਜਾਣ ਦੀ ਤਿਆਰੀ ਹੋ ਗਈ ।ਸਾਡੇ ਕੋਲ ਪਰਮਿਟ ਸਿਰਫ ਪਾਰੋ ਸ਼ਹਿਰ ਅਤੇ ਥਿੰਪੂ ਦਾ ਹੀ ਸੀ ਇਸ ਲਈ ਵੀਜ਼ਾ ਦਫਤਰ ਜਾ ਕੇ ਪਹਿਲਾਂ ਪੁਨਾਖਾ ਜਾਣ ਲਈ ਪਰਮਿਟ ਲਈ ਅਪਲਾਈ ਕੀਤਾ ਤੇ ਉਹਨਾਂ ਨੇ 30 ਮਿੰਟ ਤੱਕ ਪਰਮਿਟ ਲਿਜਾਣ ਲਈ ਕਿਹਾ ਵਾਪਸ ਆਉਣ ਦੀ ਵਜਾਏ ਅਸੀ ਉਥੇ ਬੈਠ ਕੇ ਹੀ ਇੰਤਜਾਰ ਕਰਨਾ ਮੁਨਾਸਿਬ ਸਮਝਿਆ ਤੇ ਪੂਰੇ 30 ਮਿੰਟ ਬਾਅਦ ਪਰਮਿਟ ਮਿਲ ਗਿਆ ।ਉਸ ਤੋ ਬਾਅਦ ਬਸ ਸਟੈਂਡ ਲਈ ਟੈਕਸੀ ਲੈ ਕੇ ਦੂਜੇ ਦਿਨ ਲਈ ਪੁਨਾਖਾ ਦੀਆਂ ਟਿਕਟਾਂ ਲੈ ਲਈਆਂ ਗਈਆਂ ।ਇੱਥੇ ਤੁਸੀ ਕਿਸੇ ਵੀ ਬੱਸ ਲਈ ਬੱਸ ਅੰਦਰ ਬੈਠ ਕੇ  ਟਿਕਟਾਂ ਨਹੀ ਲੈ ਸਕਦੇ ਇੱਕ ਦਿਨ ਪਹਿਲਾਂ ਤੁਹਾਨੂੰ ਟਿਕਟਾਂ ਬੱਸ ਸਟੈਂਡ ਤੋ ਹੀ ਮਿਲਦੀਆਂ ਹਨ ਤੇ ਸੀਟ ਨੰਬਰ ਦਿੱਤਾ ਜਾਂਦਾ ਹੈ ।ਸਾਡੇ ਪੰਜਾਬ ਦੀਆਂ ਬੱਸਾਂ ਵਾਗੂੰ ਨਹੀ ਕੇ ਸਵਾਰੀਆਂ ਨਾਲ ਨੱਕੋ ਨੱਕ ਭਰਕੇ ਬੱਸਾਂ ਤੁਰਦੀਆਂ ਹਨ ਇੱਥੇ ਜਿਨ੍ਹੀਆਂ ਬੱਸ ਵਿਚ ਸੀਟਾਂ ਹਨ ਉਹਨੇ ਹੀ ਬੰਦੇ ਬੱਸ ਵਿਚ ਸਫਰ ਕਰ ਸਕਦੇ ਹਨ ਜੇ ਬੱਸ ਵਿਚ ਟਰੈਫਿਕ ਪੁਲਸ ਵਾਲੇ ਇੱਕ ਵੀ ਬੰਦਾਂ ਬਿਨ੍ਹਾਂ ਸੀਟ ਤੋ ਖੜ੍ਹਾਂ ਦੇਖ ਲੈਣ ਤਾਂ ਚਲਾਨ ਕੱਟ ਦਿੱਤਾ ਜਾਂਦਾ ਹੈ ।ਸਵਾਰੀਆਂ ਦਾ ਸਮਾਨ ਛੱਤ ਤੇ ਰੱਖਿਆ ਜਾਂਦਾ ਹੈ ਬੱਸ ਦੇ ਅੰਦਰ ਨਹੀ ।ਦੂਜੇ ਦਿਨ ਸਵੇਰੇ ਬੱਸ ਸਟੈਡ ਤੋ ਬੱਸ ਵਿਚ ਬੈਠ ਕੇ ਪੁਨਾਖਾ ਲਈ ਰਵਾਨਾ ਹੋ ਗਏ ਰਸਤੇ ਵਿਚ ਬਹੁਤ ਹੀ ਰਮਣੀਕ ਤੇ ਖੂਬਸੂਰਤ ਨਜਾਰੇ ਸਾਡਾ ਇੰਤਜਾਰ ਕਰ ਰਹੇ ਸਨ। ਬੱਦਲ ਜਿਵੇਂ ਬੱਸ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰਦੇ ਸੜਕ ਤੇ ਫੈਲਦੇ ਫਿਰ ਰਹੇ ਸੀ ।ਪੂਰੇ ਛੇ ਘੰਟੇ ਬਾਅਦ ਬੱਸ ਪੁਨਾਖਾ ਪਹੁੰਚੀ ।ਕੁਦਰਤ ਦੀ ਬਣਾਈ ਇਸ ਘਾਟੀ ਦਾ ਕੀ ਕਹਿਣਾ ਏਨਾ ਖੂਬਸੂਰਤ ਨਜ਼ਾਰਾ ਦਿਲ ਕਰੇ ਕਿ ਇੱਥੇ ਹੀ ਵੱਸ ਜਾਈਏ ।

ਮੁਗਲ ਬਾਦਸ਼ਾਹ ਜਹਾਂਗੀਰ ਨੇ ਕਸ਼ਮੀਰ ਨੂੰ ਦੇਖ ਕੇ ਕਿਹਾ ਸੀ ਕਿ ਧਰਤੀ ਤੇ ਜੇ ਕਿਤੇ ਸਵਰਗ ਹੈ ਤਾਂ ਇੱਥੇ ਹੀ ਹੈ ਪਰ ਮੈਨੂੰ ਲੱਗਦਾ ਕਿ ਜੇ ਬਾਦਸ਼ਾਹ ਜਹਾਂਗੀਰ ਨੇ ਇਹ ਨਜ਼ਾਰਾ ਦੇਖਿਆ ਹੁੰਦਾਂ ਤਾਂ ਉਹਦੇ ਵਿਚਾਰ ਹੋਰ ਹੁੰਦੇ ।ਕਾਇਨਾਤ ਨੇ ਜੋ ਕੀਤਾ ਬਹੁਤ ਵਧੀਆ ਸੀ ਪਰ ਆਦਮ ਜਾਤ ਨੇ ਇਸ ਨੂੰ ਹੋਰ ਰੰਗ ਭਾਗ ਲਾਏ ਨਜ਼ਰੀ ਪਏ।ਇੱਥੇ ਬੋਧੀਆਂ ਵਲੋ ਨਦੀ ਦੇ ਕੰਢੇ ਬਣਾਇਆ ਵਿਸ਼ਾਲ ਮੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੇ ਕੁਦਰਤ ਇੱਕ ਉੱਤਮ ਕਲਾਕਾਰ ਹੈ ਤਾਂ ਇਨਸਾਨ ਵੀ ਕਿਸੇ ਗੱਲੋ ਘੱਟ ਨਹੀ ।ਨਦੀ ਉਪੱਰ ਲੱਕੜ ਦਾ ਪੁੱਲ ਪਾਰ ਕਰਕੇ ਮੱਠ ਦੇ ਅੰਦਰ ਦਾਖਲ ਹੁੰਦੇ ਏਦਾ ਲੱਗ ਰਿਹਾ ਸੀ ਜਿਵੇ ਸਮਾਂ ਸਾਨੂੰ ਕਈ ਯੁੱਗ ਪਿੱਛੇ ਲੈ ਆਇਆ ਹੋਵੇ ਇਹ ਮੱਠ 18ਵੀ ਸਦੀ ਦਾ ਬਣਿਆ ਹੋਇਆ ਹੈ ਲੱਕੜੀ ਦਾ ਬਣਿਆ ਵਿਸ਼ਾਲ ਮਹਿਲਨੁਮਾ ਮੱਠ ਸ਼ਾਂਤੀ ਨਾਲ ਭਰਿਆ ਪਿਆ ਸੀ ਅੰਦਰ ਦਾਖਲ ਹੁੰਦੇ ਹੀ ਇੱਕ ਅਜੀਬ ਜਿਹਾ ਸੁਕੂਨ ਮਿਲਿਆ ਕੁਦਰਤ ਤੇ ਇਨਸਾਨ ਮਿਲ ਕੇ ਕਾਇਨਾਤ ਦੇ ਨਕਸ਼ ਸੰਭਾਰਨ ਲਈ ਜੋ ਕਰ ਸਕਦੇ ਹਨ ਇਹ ਜਗ੍ਹਾ ਉਸ ਗੱਲ ਦੀ ਗਵਾਹੀ ਭਰਦੀ ਸੀ ।ਸ਼ਾਂਤਮਈ ਵਗਦੀ ਨਦੀ ਜਿਵੇ ਚਾਹੁੰਦੀ ਹੋਵੇ ਕਿ ਇਸ ਜਗ੍ਹਾਂ ਦੀ ਸਾਂਤੀ ਨੂੰ ਬਰਕਰਾਰ ਰੱਖਣਾ। ਆਪਣਾ ਪੂਰਾ ਯੋਗਦਾਨ ਪਾ ਰਹੀ ਸੀ ।ਇੱਥੋ ਵਾਪਸੀ ਲਈ ਸਾਡੇ ਤੋ ਇੱਕ ਗਲਤੀ ਹੋ ਗਈ ਕਿ ਅਸੀ ਵਾਪਸੀ ਦੀ ਟਿਕਟ ਨਹੀ ਲਈ ਕੰਡਕਟਰ ਨੇ ਦੱਸਿਆ ਕਿ ਅੱਜ ਵਾਪਸ ਥਿੰਪੂ ਲਈ ਹੋਰ ਕੋਈ ਬੱਸ ਨਹੀ। ਸਾਡੇ ਕੋਲ ਇਸ ਜਗ੍ਹਾਂ ਦਾ ਪਰਮਿਟ ਵੀ ਸਿਰਫ ਇੱਕ ਦਿਨ ਦਾ ਹੀ ਸੀ ਇਹ ਇੱਕ ਅਜੀਬ ਮਸਲਾ ਸੀ ਇੱਥੇ ਮਨਜੀਤ ਦਾ ਖਾਜ ਕਰਨਾ(ਮਗਜ ਮਾਰਨਾ) ਕੰਮ ਆਇਆ ਤੇ ਉਸਨੇ ਪਤਾ ਨਹੀ ਕਿਵੇ ਕੰਡਕਟਰ ਤੋ ਵਾਪਸੀ ਦੀਆਂ ਟਿਕਟਾਂ ਹਾਸਲ ਕਰ ਲਈਆਂ ਤੇ ਅਸੀ ਵਾਪਸ ਥਿੰਪੂ ਲਈ ਰਵਾਨਾ ਹੋ ਗਏ । ਸ਼ਾਮ ਹੋਣ ਤੇ ਵਾਪਸ ਥਿੰਪੂ ਆ ਗਏ ਅੱਜ ਦਾ ਦਿਨ ਥਿੰਪੂ ਵਿਚ ਆਖਰੀ ਦਿਨ ਸੀ ਇਸ ਤੋ ਬਾਅਦ ਅਸੀ ਪਾਰੋ ਸ਼ਹਿਰ ਹੁੰਦੇ ਹੋਏ ਵਾਪਸ ਆ ਜਾਣਾ ਸੀ। ਇਸ ਲਈ ਅੱਜ ਦਾ ਦਿਨ ਅਸੀ ਰੱਜ ਕੇ ਥਿੰਪੂ ਸ਼ਹਿਰ ਦੀਆਂ ਗਲੀਆਂ ਘੁੰਮਣਾ ਚਾਹੁੰਦੇ ਸੀ ਕਿਉਕਿ ਜਰੂਰੀ ਨਹੀ ਕਿ ਸਮਾਂ ਹਰ ਵਾਰ ਤੁਹਾਨੂੰ ਉਹੀ ਕਰਨ ਦਾ ਮੌਕਾ ਦੇਵੇ ਜੋ ਤੁਸੀ ਕਰਨਾ ਚਾਹੁੰਦੇ ਹੋ ਸੋ ਸੋਚਿਆ ਕਿ ਮੁੜ ਕੇ ਸ਼ਾਇਦ ਕਦੇ ਇਸ ਖੂਬਸੂਰਤ ਮੁਲਕ ਨੂੰ ਦੇਖਣ ਦਾ ਮੌਕਾ ਮਿਲੇ ਨਾ ਮਿਲੇ ਇਸ ਲਈ ਅੱਜ ਜਿੰਦਗੀ ਦੀ ਕਿਤਾਬ ਵਿਚ ਜਿਹੜੇ ਰੋਮਾਚਕ ਪੰਨੇ ਜੋੜ ਹੁੰਦੇ ਹਨ ਜੋੜ ਲਏ ਜਾਣ ।

ਮਨਜੀਤ ਦੀ ਤੰਮਨਾਂ ਸੀ ਕਿ ਸ਼ਾਮ ਨੂੰ ਪੱਬ ਬਾਰ ਵਿਚ ਜਾ ਕੇ ਗਲਾਸੀ ਖੜਕਾਈ ਜਾਵੇ ਤੇ ਖੂਬ ਆਨੰਦ ਮਾਣਿਆ ਜਾਵੇ ਜਿਸ ਲਈ ਸਾਰੇ ਹੀ ਰਾਜ਼ੀ ਸੀ ਇਸ ਦਾ ਸਬੱਬ ਇਹ ਬਣਿਆ ਕਿ ਹੋਟਲ ਜਿਥੇ ਅਸੀ ਸਟੇਅ ਕੀਤੀ ਹੋਈ ਸੀ ਉੱਥੇ ਕੰਮ ਕਰਦੀਆਂ ਭੂਟਾਨਣ ਕੁੜੀਆਂ ਦਾ ਮਨਜੀਤ ਨਾਲ ਉਸਦੇ ਮਿਲਾਪੜੇ ਸੁਭਾਅ ਕਰਕੇ ਜਿਆਦਾ ਹੀ ਮੋਹ ਹੋ ਗਿਆ । ਜਦੋ ਮਨਜੀਤ ਨੇ ਉਹਨਾਂ ਨੂੰ ਪੱਬ ਬਾਰੇ ਪੁੱਿਛਆ ਤਾਂ ਉਹਨਾਂ ਨੇ ਵੀ ਨਾਲ ਜਾਣ ਲਈ ਕਿਹਾ। ਮਨਜੀਤ ਲਈ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਕਿਉਕਿ ਜਰੂਰੀ ਨਹੀ ਕਿ ਮਰਦ ਤੇ ਔਰਤ ਵਿਚ ਸਿਰਫ ਜਿਸਮਾਨੀ ਰਿਸ਼ਤੇ ਹੀ ਹੁੰਦੇ ਹੋਣ ਕੁਝ ਰਿਸ਼ਤੇ ਜੋ ਭਾਵਨਾਵਾਂ ਨਾਲ ਜੁੜੇ ਹੁੰਦੇ ਹਨ ਉਹਨਾਂ ਦੀ ਕਦਰ ਮਨਜੀਤ ਵਰਗਾ ਇਨਸਾਨ ਹੀ ਸਮਝਦਾ ਹੈ । ਆਮ ਇਨਸਾਨ ਦੀ ਸੋਚ ਤੋ ਇਹ ਪਰੇ ਦੀ ਗੱਲ ਹੈ । ਸ਼ਾਮ ਨੂੰ ਇਹਨਾਂ ਦੋਸਤਾਂ ਵਰਗੀਆਂ ਕੁੜੀਆ ਨਾਲ ਮਨਜੀਤ, ਜਸਪ੍ਰੀਤ ਤੇ ਰਣਵੀਰ ਪੱਬ ਚਲੇ ਗਏ ਮੈਂ ਪਤਾ ਨਹੀ ਕਿਉ ਇਸ ਆਨੰਦ ਤੋ ਵਾਝਾਂ ਰਹਿ ਗਿਆ ਤੇ ਕਮਰੇ ਵਿਚ ਜਾ ਕੇ ਸੌ ਗਿਆ। ਜਿਸ ਲਈ ਮੈਂ ਬਾਅਦ ਵਿਚ ਪਛਤਾਇਆ ।ਮੇਰੇ ਇਹਨਾ ਦੋਸਤਾਂ ਨੇ ਸਦਾ ਨਾ ਭੁੱਲਣ ਵਾਲੀਆਂ ਯਾਦਾ ਪੱਲੇ ਬੰਨ ਲਿਆਦੀਆਂ ਤੇ ਕਾਫੀ ਰਾਤ ਨੂੰ ਵਾਪਸ ਆ ਕੇ ਸੌ ਗਏ ।ਸਵੇਰੇ ਮੈਂ ਇਹਨਾਂ ਦੇ ਸੁੱਤਿਆਂ ਹੀ ਤਿਆਰ ਹੋ ਕੇ ਮੇਨ ਰੋਡ ਤੇ ਚਲਾ ਗਿਆ ਮੇਰਾ ਵਿਚਾਰ ਰਾਜੇ ਦਾ ਮਹਿਲ ਤੇ ਅੰਸੈਬਲੀ ਦੇਖਣ ਦਾ ਸੀ ਸੋ ਟੇਕਸੀ ਵਾਲੇ ਨਾਲ ਗੱਲ ਕਰਕੇ ਟੈਕਸੀ ਬੇਠ ਗਿਆ ਰਾਜੇ ਦੇ ਮਹਿਲ ਨੂੰ ਸਿਰਫ ਮਹਿਲ ਦੇ ਕੋਲ ਦੀ ਜਾਂਦੀ ਸੜਕ ਤੋ ਹੀ ਦੇਖਿਆ ਜਾ ਸਕਦਾ ਹੈ। ਨੇੜੇ ਜਾਣ ਦੀ ਮਨਾਹੀ ਹੈ ਮਹਿਲ ਦੇਖਣ ਤੋ ਬਾਅਦ ਟੈਕਸੀ ਵਾਲੇ ਨੇ ਮੈਨੂੰ ਭੂਟਾਨ ਦੀ ਅਸੈਂਬਲੀ ਦਿਖਾਈ ਇਜਲਾਸ ਚੱਲਦਾ ਹੋਣ ਕਰਕੇ ਇੱਥੇ ਕਾਫੀ ਸਕਿਉਰਟੀ ਸੀ ਜਿਸ ਲਈ ਦੂਰੋ ਹੀ ਇਸ ਨੂੰ ਦੇਖ ਕੇ ਮੈ ਵਾਪਸ ਆ ਗਿਆ ।ਅੱਂਜ ਅਸੀ ਇਸ ਸ਼ਹਿਰ ਨੂੰ ਅਲਵਿਦਾ ਕਹਿਣਾ ਸੀ ਤੇ ਪਾਰੋ ਲਈ ਰਵਾਨਾ ਹੋਣਾ ਸੀ। ਸੋ ਤਿਆਰੀ ਕੀਤੀ ਤੇ ਖਾਣਾ ਖਾ ਕੇ ਹੋਟਲ ਦਾ ਬਿਲ ਪੇ ਕੀਤਾ ਜਾਣ ਲੱਗਿਆ ਹੋਟਲ ਵਿਚ ਕੰਮ ਕਰਦੇ ਸਾਰੇ ਸਟਾਫ ਨੇ ਸਾਨੂੰ ਨਿੱਘੀ ਵਿਦਾਇਗੀ ਦਿੱਤੀ ।

ਬੱਸ ਸਟੈਂਡ ਤੋ ਪਾਰੋ ਦੀਆਂ ਟਿਕਟਾਂ ਮਿਲ ਗਈਆਂ ਤੇ ਬੱਸ ਪਾਰੋ ਲਈ ਚੱਲ ਪਈ ਤਕਰੀਬਨ 3 ਘੰਟੇ ਬਾਅਦ ਬੱਸ ਪਾਰੋ ਸ਼ਹਿਰ ਦਾਖਲ ਹੋਈ ਇੱਥੇ ਦੀ ਆਬਾਦੀ ਥਿੰਪੂ ਤੋ ਵੀ ਕਿਤੇ ਥੋੜੀ ਖੂਬਸੂਰਤ ਤੇ ਪੂਰਾ ਸ਼ਾਂਤਮਈ ਸ਼ਹਿਰ ਪਾਰੋ ।ਸੜਕਾਂ ਤੇ ਟਾਂਵੀ ਟਾਂਵੀ ਕੋਈ ਕਾਰ ਜਾਂ ਬੱਸ ਹੋਰ ਕੁਝ ਨਹੀ ।ਬੱਸ ਸਟੈਂਡ ਤੇ ਉੱਤਰ ਕੇ ਇੱਕ ਢਾਬਾ ਹੈ ਇੱਥੇ ਅਸੀ ਆਮਲੇਟ ਖਾ ਕੇ ਸਮਾਨ ਅਤੇ ਟੈਂਟ ਇੱਥੇ ਹੀ ਰੱਖ ਦਿੱਤੇ ਤੇ ਇੱਥੇ ਦਾ ਮੇਨ ਟੂਰਿਸਟ ਆਕਰਸ਼ਣ ਟਾਈਗਰ ਨੈਸਟ ਦੇਖਣ ਲਈ ਟੈਕਸੀ ਕਰ ਲਈ ।ਟਾਈਗਰ ਨੈਸਟ ਵੀ ਬੋਧੀਆਂ ਦਾ ਬਣਾਇਆ ਇੱਕ ਮੱਠ ਹੈ ਜੋ ਪਹਾੜ ਦੀ ਚੋਟੀ ਤੇ ਬਿਲਕੁੱਲ ਕਿਨਾਰੇ ਤੇ ਬਣਾਇਆ ਇਨਸਾਨ ਦੇ ਹੌਸਲੇ ਤੇ ਕਲਾਕਾਰੀ ਦੀ ਗਵਾਹੀ ਭਰਦਾ ਹੈ ।ਇਹ ਮੱਠ 9000 ਹਜ਼ਾਰ ਫੁੱਟ ਦੀ ਉਚਾਈ ਤੇ ਹੈ ਤੇ ਪੈਦਲ ਹੀ ਤੁਰ ਕੇ ਇੱਥੇ ਪਹੁੰਚਣਾ ਪੇਂਦਾਂ ਹੈ ਸਾਡੀ ਟਰੈਕਿੰਗ ਕਰਨ ਦੀ ਤੰਮਨਾਂ ਜੋ ਅਜੇ ਤੱਕ ਸਿਰੇ ਨਹੀ ਚੜ੍ਹੀ ਸੀ। ਉਹ ਹੁਣ ਪੂਰੀ ਹੋ ਜਾਣੀ ਸੀ ਦੇਵਦਾਰ ਦੇ ਉੱਚੇ ਦਰੱਖਤ ਪਹਿਰੇਦਾਰਾਂ ਵਾਗੂੰ ਖੜ੍ਹੇ ਸਾਡਾ ਸਵਾਗਤ ਕਰ ਰਹੇ ਸੀ 10-12 ਦੇ ਕਰੀਬ ਹੋਰ ਵੀ ਟੂਰਿਸਟ ਜਾ ਰਹੇ ਸਨ। ਇਹਨਾਂ ਖੂਬਸੂਰਤ ਵਾਦੀਆਂ ਨੂੰ ਨਿਹਾਰਦੇ ਜਾਂਦੇ ਕੋਈ ਥਕਾਵਟ ਵੀ ਨਹੀ ਮਹਿਸੂਸ ਹੋ ਰਹੀ ਸੀ ਤਕਰੀਬਨ 1 ਘੰਟੇ ਵਿਚ ਅਸੀ ਇਸ ਮੱਠ ਵਿਚ ਪਹੁੰਚ ਗਏ ਪੰਜਾਬ ਦੇ ਗੁਰਦੁਆਰਿਆਂ ਵਾਂਗ ਇੱਥੇ ਖਾਣ ਲਈ ਕੋਈ ਲੰਗਰ ਨਹੀ ਸੀ ਭੂੱਖ ਬਹੁਤ ਜਿਆਦਾ ਲੱਗੀ ਹੋਣ ਕਰਕੇ ਸਾਡੇ ਤੋ ਰਿਹਾ ਨਾ ਗਿਆ ਤੇ ਅਸੀ ਇੱਥੇ ਬੈਠੇ ਲਾਮਿਆਂ ਤੋ ਹੀ ਕੁਛ ਖਾਣ ਲਈ ਮੰਗ ਲਿਆ ਉਹਨਾ ਵਲੋ ਵੀ ਦਰਿਆਦਿਲੀ ਦਿਖਾਈ ਗਈ ਤੇ ਸਾਨੂੰ ਪੀਣ ਲਈ ਚਾਹ ਤੇ ਨਾਲ ਬਿਸਕੁੱਟ ਦਿੱਤੇ ਗਏ ਇਹ ਵੀ ਇੱਕ ਲਕੜ ਦਾ ਬਣਿਆ ਮੱਠ ਸੀ ਜਿਸਦੇ ਕੋਲ ਇੱਕ ਪਾਣੀ ਦਾ ਚਸ਼ਮਾ ਡਿੱਗ ਰਿਹਾ ਸੀ ।ਥੋੜੀ ਦੇਰ ਆਰਾਮ ਕਰਨ ਤੋ ਬਾਅਦ ਵਾਪਸ ਚੱਲ ਪਏ ਤੇ ਤਕਰੀਬਨ 1 ਘੰਟੇ ਬਾਅਦ ਵਾਪਸ ਥੱਲੇ ਆ ਗਏ ਟੈਕਸੀ ਲੈ ਕੇ ਵਾਪਸ ਪਾਰੋ ਸ਼ਹਿਰ ਆ ਕੇ ਢਾਬੇ ਤੋ ਆਪਣਾ ਸਮਾਨ ਚੁੱਕ ਕੇ ਅਸੀ ਅੱਜ ਰਾਤ ਨਦੀ ਦੇ ਕਿਨਾਰੇ ਟੈਂਟ ਲਾ ਕੇ ਰਹਿਣ ਦਾ ਪ੍ਰੋਗਰਾਮ ਬਣਾ ਲਿਆ ਪਰ ਖਾਣ ਪੀਣ ਦਾ ਪ੍ਰਬੰਧ ਨਾ ਹੋਣ ਕਰਕੇ ਅਤੇ ਅਜਨਬੀ ਸ਼ਹਿਰ ਹੋਣ ਕਰਕੇ ਇਹ ਪ੍ਰੋਗਰਾਮ ਛੱਡਣਾ ਪਿਆ ਤੇ ਕਿਸੇ ਸਸਤੇ ਹੋਟਲ ਦੀ ਤਲਾਸ਼ ਕੀਤੀ ਗਈ ਕਾਫੀ ਜਦੋ ਜਹਿਦ ਤੋ ਬਾਅਦ ਇੱਕ ਹੋਟਲ ਲੱਭ ਗਿਆ।

ਕਮਰਾ ਸਾਫ ਸੁਥਰਾ ਸੀ ਸਮਾਨ ਰੱਖ ਕੇ ਆਰਾਮ ਕਰਨ ਲੱਗੇ ਤੇ ਸ਼ਾਮ ਹੋਣ ਤੇ ਇੱਥੋ ਘਰਦਿਆਂ ਵਾਸਤੇ ਕੁਝ ਸਮਾਨ ਖਰੀਦਣ ਲਈ ਮਾਰਕਿਟ ਚਲੇ ਗਏ। ਇੱਥੇ ਚੌਂਕ ਵਿਚ ਦੋ ਭੂਟਾਨਣ ਕੁੜੀਆਂ ਸੂਪ ਦੀ ਦੁਕਾਨ ਲਗਾਈ ਬੈਠੀਆਂ ਸਨ। ਉਹਨਾਂ ਤੋ ਸੂਪ ਪੀਦੇ ਹੋਏ ਮਨਜੀਤ ਦੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਉਹ ਰਾਤ ਦੇ 12-00 ਵਜੇ ਤੱਕ ਇੱਥੇ ਹੀ ਬੈਠੀਆ ਰਹਿੰਦੀਆਂ ਹਨ। ਪਰ ਫਿਰ ਵੀ ਉਹ ਪੂਰੀ ਤਰ੍ਹਾਂ ਸੁਰਖਿੱਅਤ ਹਨ ਹਿੰਦੁਸਤਾਨ ਵਾਂਗ ਏਥੇ ਔਰਤਾਂ ਨਾਲ ਕੋਈ ਛੇੜ-ਛਾੜ ਨਹੀ ਹੁੰਦੀ ਕੋਈ ਮਰਦ ਔਰਤ ਨੂੰ ਵਹਿਸ਼ੀ ਪੁਣੇ ਦੀ ਨਿਗਾਹ ਨਾਲ ਨਹੀ ਦੇਖਦਾ ।ਹੈਰਾਨੀ ਉਦੋ ਹੋਈ ਜਦੋ ਉਹਨਾਂ ਨੇ ਦੱਸਿਆ ਕਿ ਇੱਥੇ ਹਰ ਮੁੰਡੇ ਕੁੜੀ ਦੀ ਲਵ ਮੈਰਿਜ ਹੀ ਹੁੰਦੀ ਹੈ ਤੇ ਔਰਤ ਨੂੰ ਪੂਰੀ ਆਜ਼ਾਦੀ ਹੈ ਆਪਣਾ ਵਰ ਲੱਭਣ ਦੀ । ਅਸੀ ਆਪਣੇ ਪੰਜਾਬੀ ਸਮਾਜ ਬਾਰੇ ਸੋਚਿਆ ਜਿੱਥੇ ਫੋਕੀਆਂ ਅਣਖਾਂ ਲਈ ਕਤਲ ਵੀ ਹੋ ਜਾਂਦੇ ਹਨ ।ਰਾਤ ਕਾਫੀ ਹੋਣ ਤੋ ਬਾਅਦ ਵਾਪਸ ਕਮਰੇ ਵਿਚ ਆ ਗਏ ਤੇ ਕਾਫੀ ਰਾਤ ਤੱਕ ਇਸ ਪੂਰੇ ਸਫਰ ਨੂੰ ਯਾਦਾਂ ਦੀ ਸੀ ਡੀ ਵਿਚ ਕਮਜਅਦ ਕਰਕੇ ਦੇਖਦੇ ਰਹੇ ।ਸਵੇਰੇ ਉਠ ਕੇ ਮੈ ਤੇ ਮਨਜੀਤ ਸੈਰ ਕਰਨ ਲਈ ਚਲੇ ਗਏ ਸਵੇਰ ਕਮਾਲ ਦੀ ਕੁਦਰਤ ਹੈ ਕਾਦਰ ਦੀ ਜਿਨ੍ਹਾਂ ਦੇਖੋ ਉਹਨਾਂ ਹੀ ਥੋੜਾ ਲੱਗਦਾ ਹੈ । ਸ਼ਹਿਰ ਦੇ ਵਿਚਕਾਰ ਦੀ ਲੰਘਦੀ ਨਦੀ ,ਸ਼ਾਂਤ ਸੜਕਾਂ ਅਤੇ ਸੈਰ ਕਰਦੇ ਭੂਟਾਨ ਦੇ ਮਾਸੂਮ ਲੋਕ ਇੱਕ ਅਲੱਗ ਹੀ ਦੁਨੀਆਂ ਦਾ ਭੁਲੇਖਾ ਪਾ ਰਹੇ ਸੀ ।ਕਾਫੀ ਦੂਰ ਤੱਕ ਜਾਣ ਤੋ ਬਾਅਦ ਰਣਵੀਰ ਵੀ ਸਾਡੇ ਨਾਲ ਆ ਰਲੀਆ ਅਸੀ ਤਿੰਨੋ ਕਾਫੀ ਸਮਾਂ ਨਦੀ ਕਿਨਾਰੇ ਬੈਠ ਕੇ ਏਸ ਖੂਬਸੂਰਤ ਵਾਤਾਵਰਣ ਦਾ ਆਨੰਦ ਲੈਦੇ ਰਹੇ ।ਵਾਪਸ ਕਮਰੇ ਵਿਚ ਆ ਕੇ ਸਫਰ ਦੀ ਸਮਾਪਤੀ ਤੇ ਘਰ ਵਾਪਸੀ ਦੀ ਤਿਆਰੀ ਕੀਤੀ ਤੇ ਇਸ ਖੂਬਸੂਰਤ ਮੁਲਕ ਨੂੰ ਅਲਵਿਦਾ ਕਹਿ ਕੇ ਬੱਸ ਬੈਠ ਗਏ ਤੇ ਵਾਪਸ ਜੈ-ਗਾਉ ਆ ਗਏ ।ਫਿਰ ਉਹੀ ਗਰਮੀ ਅਤੇ ਹੁੰਮਸ ਦੰਦੀਆਂ ਚਿੜ੍ਹਾਉਦੀ ਸਾਡਾ ਇੰਤਜਾਰ ਕਰ ਰਹੀ ਸੀ ਜੈ ਗਾਉ ਆ ਕੇ ਸਰੀਰ ਫਿਰ ਗਰਮੀ ਨਾਲ ਨੁਚੜਣ ਲੱਗਾ ਪਰ ਹੁਣ ਭੂਟਾਨ ਪਿੱਛੇ ਰਹਿ ਗਿਆ ਸੀ ਵਾਪਸ ਭੱਜਣਾ ਵੀ ਕਿੱਥੇ ਸੀ। ਸੋ ਭਾਣਾ ਮੰਨ ਕੇ ਸਿਲੀਗੁੜੀ ਪਹੁਚੰਣ ਲਈ ਸਾਧਨ ਦਾ ਪਤਾ ਕੀਤਾ ।ਮਨਜੀਤ ਨੇ ਪਤਾ ਕੀਤਾ ਕਿ ਰੇਲਵੇ ਸਟੇਸ਼ਨ ਤੋ 4 ਵਜੇ ਟਰੇਨ ਸਿਲੀਗੁੜੀ ਲਈ ਜਾਂਦੀ ਹੈ ਆਟੋ ਲੈ ਕੇ ਸਟੇਸ਼ਨ ਆਏ ਤੇ ਭਾਰਤੀ ਰੇਲ ਆਪਣੀ ਆਦਤ ਅਨੁਸਾਰ ਫੇਰ ਲੇਟ ਸੀ ਪੂਰਾ 1 ਘੰਟਾਂ ਮਿੰਨਤਾਂ ਕਰਾ ਕੇ ਟਰੇਨ ਸਟੇਸ਼ਨ ਤੇ ਆਈ ।ਇਸ ਸਾਰੇ ਸਫਰ ਦੌਰਾਨ ਅਸੀ ਰੋਟੀ ਦਾਲ ਦਾ ਸਵਾਦ ਨਹੀ ਦੇਖਿਆ ਤੇ ਸਿਲੀਗੁੜੀ ਮਨਜੀਤ ਦੀ ਅਗਵਾਈ ਵਿਚ ਗੁਰਦੁਆਰੇ ਰਹਿਣ ਦਾ ਮਨ ਬਣਾਇਆ ਇੱਕ ਸ਼ਾਨਦਾਰ ਗੁਰੂਘਰ ਸਾਨੂੰ ਆਸਰਾ ਦੇਣ ਲਈ ਸਿਲੀਗੁੜੀ ਮੌਂਜੂਦ ਸੀ ।

ਪ੍ਰਬੰਧਕ ਮੈਨੇਜਰ ਨੇ ਸਾਰੀ ਪੁਛ ਪੜਤਾਲ ਕਰਨ ਤੋ ਬਾਅਦ ਸਾਨੂੰ ਲੌੜੀਦੇ ਪਛਾਣ ਸਬੂਤ ਲੈ ਕੇ ਕਮਰਾ ਦੇ ਦਿੱਤਾ ਜਦੋ ਨਹਾ ਧੋ ਕੇ ਲੰਗਰ ਗਏ ਤਾਂ ਗੁਰੂ ਘਰ ਦਾ ਪਰਛਾਦਾ ਖਾ ਕੇ ਆਪਣੇ ਸਿੱਖ ਹੋਣ ਤੇ ਮਾਣ ਮਹਿਸੂਸ ਹੋਇਆ ਸਿੱਖ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵੱਸਦੇ ਹੋਣ ਪਰ ਆਪਣੀ ਹੋਂਦ ਤੇ ਆਪਣੇ ਧਰਮ ਨੂੰ ਜਾਨ ਦੇ ਕੇ ਵੀ ਕਾਇਮ ਰੱਖਦੇ ਨੇ ਤੇ ਸਿੱਖ ਇੱਕੋ ਇੱਕ ਕੌਮ ਹੈ ਜਿਨ੍ਹਾਂ ਦੇ ਗੁਰੂ ਘਰ ਦਾ ਲੰਗਰ ਜਾਤ ਪਾਤ ਨਹੀ ਪੁੱਛਦਾ ।ਅਗਲੇ ਦਿਨ ਬੈਸਟ ਬੰਗਾਂਲ ਦੇ ਪਹਾੜੀ ਸ਼ਹਿਰ ਦਾਰਜਲਿੰਗ ਜਾਣ ਦਾ ਪ੍ਰੋਗਰਾਮ ਬਣਾਇਆ ।ਇੱਕ ਲੋਕਲ ਟੈਕਸੀ ਰਾਂਹੀ ਦਾਰਜਲਿੰਗ ਦੇ ਰਾਹ ਪਏ ਪਰ ਇਹ ਰਸਤੇ ਇਹ ਹਵਾਂਵਾਂ ਕਿਸੇ ਵੀ ਤਰ੍ਹਾਂ ਭੂਟਾਨ ਦੀ ਆਵੋ ਹਵਾ ਦੇ ਮੁਕਾਬਲੇ ਕੁਛ ਵੀ ਨਹੀ ਸਨ ।ਸਾਰਾ ਰਸਤਾ ਟਰੈਫਿਕ ਤੇ ਗੱਡਿਆਂ ਦੇ ਪ੍ਰਦੂਸ਼ਣ ਨਾਲ ਭਰਿਆ ਹੋਇਆ ।ਦਾਰਜਲਿੰਗ ਪਹੁੰਚੇ ਤਾਂ ਇੰਨ੍ਹਾਂ ਭੀੜ ਭੱੜਕਾ ਜਿਵੇ ਲੁਧਿਆਣਾ ਦੇ ਘੰਟਾਂ ਘਰ ਚੌਕ ਹੋਵੇ। ਇੱਥੇ ਸਾਡੀ ਨਜ਼ਰ ਵਿਚ ਕੋਈ ਖਾਸ ਚੀਜ਼ ਨਹੀ ਪਈ ਜੋ ਦੇਖਣ ਯੋਗ ਹੋਵੇ ਹਾਂ ਇੱਥੇ ਦੀ ਚਾਹ ਜਰੂਰ ਵਿਸ਼ਵ ਪ੍ਰਸਿੱਧ ਹੈ ਜੋ ਟੇਸਟ ਕਰਨਾ ਬਣਦਾ ਸੀ ਜਿਸ ਲਈ ਇੱਕ ਚਾਹ ਦੀ ਵਧੀਆ ਦੁਕਾਨ ਤੇ ਗਏ ਤੇ 100 ਰੁ ਪ੍ਰਤੀ ਕੱਪ ਵਾਲੀ ਸਟੈਟਰਡ ਦੀ ਚਾਹ ਦਾ ਲੁਤਫ ਲਿਆ ।ਗਰਮੀ ਤੋ ਕੋਈ ਰਾਹਤ ਨਹੀ ਸੀ ਅਸੀ ਛੇਤੀ ਇੱਥੋ ਵਾਪਸ ਜਾਣ ਦਾ ਮਨ ਬਣਾਇਆ ਤੇ ਟੈਕਸੀ ਲੈ ਕੇ ਵਾਪਸ ਸਿਲੀਗੁੜੀ ਆ ਗਏ ਰਾਤ ਗੁਰਦੁਆਰੇ ਵਿਚ ਹੀ ਰੁਕੇ ਤੇ ਸਵੇਰੇ ਇਸ ਲਈ ਖੁਸ਼ੀ ਖੁਸ਼ੀ ਸਟੇਸ਼ਨ ਪਹੁੰਚੇ ਕੇ ਹੁਣ ਆਉਣ ਦੇ ਸਮੇਂ ਵਾਂਗ ਔਖੇ ਨਹੀ ਹੋਣਾ ਪਵੇਗਾ ।ਹੁਣ ਤੱਕ ਭਾਰਤ ਦੀ ਸੱਭ ਤੋ ਉਚੱ ਕੋਟੀ ਦੀ ਗੱਡੀ ਵਿਚ ਬੈਠ ਕੇ ਜਾਣਾ ਹੈ ।2 ਵਜੇ ਰਾਜਧਾਨੀ ਐਕਸਪ੍ਰੈਸ ਰਾਂਹੀ ਦਿੱਲੀ ਲਈ ਰਵਾਨਾ ਹੋਏ ।ਟਰੇਨ ਏ ਸੀ ਹੋਣ ਕਾਰਨ ਗਰਮੀ ਤੇ ਸਫਰ ਦਾ ਪੂਰਾ ਆਨੰਦ ਲੈਦੇ ਹੋਏ ਦਿੱਲੀ ਵਾਪਸ ਆ ਗਏ । ਇਸ ਤਰ੍ਹਾਂ ਇਸ ਸਫਰ ਵਿਚ ਕੱਟੀ ਤਕਲੀਫ ਭੂਟਾਨ ਦੀਆਂ ਖੂਬਸੂਰਤ ਤਸਵੀਰਾਂ ਨੇ ਸਦਾ ਲਈ ਖਤਮ ਕਰ ਦਿੱਤੀ ਤੇ ਭੂਟਾਨ ਅਤੇ ਉਥੋ ਦੇ ਲੋਕ ਸਦਾ ਲਈ ਦਿਲ ਵਿਚ ਵੱਸ ਗਏ। ਇਹ ਉਹ ਪਲ ਹੁੰਦੇ ਹਨ ਜਿਨ੍ਹਾਂ ਨੇ ਕਦੇ ਵਾਪਸ ਨਹੀ ਆਉਣਾ ਹੁੰਦਾਂ ਤੇ ਇਹ ਸਫਰ ਦੀਆਂ ਯਾਦਾਂ ਸਦਾ ਤੁਹਾਨੂੰ ਇੱਕ ਮਿੱਠਾ ਅਹਿਸਾਸ ਦਿੰਦੀਆਂ ਹਨ ਜੋ ਜਿੰਦਗੀ ਵਿਚ ਕੁਝ ਹਾਸਿਲ ਕੀਤੇ ਦੀ ਗਵਾਹੀ ਭਰਦੀਆਂ ਹਨ।


author

Shyna

Content Editor

Related News