ਪੀਏਯੂ ਨੇ ਜਾਰੀ ਕੀਤੀ ਚਾਰੇ ਦੀ ਨਵੀਂ ਕਿਸਮ

Thursday, Sep 27, 2018 - 04:26 PM (IST)

ਪੀਏਯੂ ਨੇ ਜਾਰੀ ਕੀਤੀ ਚਾਰੇ ਦੀ ਨਵੀਂ ਕਿਸਮ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਆਪਣੀ ਵਿਕਸਿਤ ਕੀਤੀ ਨਵੀਂ ਕਿਸਮ ਓ ਐਲ 12 ਨੂੰ ਪੰਜਾਬ ਵਿਚ ਕਾਸ਼ਤ ਲਈ ਜਾਰੀ ਕੀਤਾ ਹੈ। ਜਵੀ ਦੀ ਇਹ ਕਿਸਮ ਜੋ ਚਾਰੇ ਲਈ ਬਹੁਤ ਢੁੱਕਵੀਂ ਹੈ ਨੂੰ ਰਾਜ ਪੱਧਰੀ ਪ੍ਰਵਾਨਗੀ ਕਮੇਟੀ ਨੇ ਭਰਪੂਰ ਵਿਚਾਰ ਵਟਾਂਦਰੇ ਮਗਰੋਂ ਆਪਣੀ ਪ੍ਰਵਾਨਗੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਕਮੇਟੀ ਦੀ ਪ੍ਰਧਾਨਗੀ ਡਾ. ਜਸਬੀਰ ਸਿੰਘ ਬੈਂਸ, ਨਿਰਦੇਸ਼ਕ ਖੇਤੀਬਾੜੀ ਵਿਭਾਗ ਪੰਜਾਬ ਕਰ ਰਹੇ ਸਨ ਅਤੇ ਇਸ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਸ਼ਾਮਲ ਸਨ। ਓ ਐਲ 12 ਦੀ ਇਹ ਕਿਸਮ ਪੰਜਾਬ ਦੇ ਸੇਂਜੂ ਇਲਾਕਿਆਂ ਲਈ ਸਿਫਾਰਸ਼ ਕੀਤੀ ਗਈ ਹੈ। ਇਸ ਦੇ ਪੌਦੇ ਲੰਬੇ ਹੁੰਦੇ ਹਨ ਜਿਨ੍ਹਾਂ ਦੇ ਪੱਤੇ ਲੰਬੇ ਅਤੇ ਚੌੜੇ ਹੁੰਦੇ ਹਨ। ਚਾਰੇ ਦੀ ਇਹ ਕਿਸਮ ਪਹਿਲਾਂ ਚੱਲ ਰਹੀਆਂ ਕਿਸਮਾਂ ਓ ਐਲ 11, ਓ ਐਲ 9 ਅਤੇ ਕੈਂਟ ਨਾਲੋਂ ਬਿਹਤਰ ਕਿਸਮ ਦੀ ਹੈ। ਇਸ ਦੇ ਹਰੇ ਚਾਰੇ ਦਾ ਅੰਦਾਜਾ ਝਾੜ 258 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਦੇ ਦਾਣਿਆਂ ਦੀ ਝਾੜ 8.6 ਕੁਇੰਟਲ ਪ੍ਰਤੀ ਏਕੜ ਹੈ । ਕਮੇਟੀ ਨੇ ਆਸ ਜਤਾਈ ਕਿ ਪਸ਼ੂ ਪਾਲਕਾਂ ਲਈ ਚਾਰੇ ਦੀ ਇਹ ਕਿਸਮ ਲਾਜ਼ਮੀ ਰੂਪ ਵਿਚ ਲਾਹੇਵੰਦ ਸਾਬਤ ਹੋਵੇਗੀ।

ਜਗਦੀਸ਼ ਕੌਰ


Related News