ਰੇਖਾ ਚਿੱਤਰ ਦੇ ਨਕਸ਼ੇ ਵਿੱਚੋਂ ਦਿਸਦਾ ਕਾਲਮਨਵੀਸ ''''ਤਰਸੇਮ ਬਸ਼ਰ''''

02/09/2019 3:01:01 PM

ਆਪਣੀ ਸੋਚ ਨਾਲ ਪਾਠਕ ਨੂੰ ਤੌਰ ਲੈਣਾ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੁੰਦਾ। ਪਾਠਕਾਂ ਦੀ ਘਟ ਰਹੀ ਗਿਣਤੀ ਦੇ ਦੌਰ ਵਿੱਚ ''ਤਰਸੇਮ ਬਸ਼ਰ'' ਕਾਲਮ ਨਵੀਸੀ ਵਿੱਚ ਇੱਕ ਅਜਿਹਾ ਨਾਂ ਹੈ ਜਿਸਦੇ ਕਾਲਮ ਨੂੰ ਪਾਠਕ ਉਡੀਕਦੇ ਵੀ ਹਨ ਤੇ ਮਾਣਦੇ ਵੀ ਹਨ । ਸਾਹਿਤਕ ਪੱਤਰਕਾਰਤਾ ਦੇ ਪਿਛਲੇ ਦੋ ਦਹਾਕਿਆਂ ਵਿੱਚ ਜੇਕਰ ਪ੍ਰਮੁੱਖ ਪੰਜਾਬੀ ਕਾਲਮ ਨਵੀਸਾਂ ਦਾ ਜ਼ਿਕਰ ਹੋਵੇਗਾ ਤਾਂ ਤਰਸੇਮ ਬਸ਼ਰ ਉਹਨਾਂ ਵਿੱਚ ਇੱਕ ਨਾਂ ਹੈ ।ਗੋਰੇ ਰੰਗ ਥੋੜ੍ਹੇ ਜਿਹੇ ਭਾਰੀ ਸਰੀਰ ਤੇ ਦਰਮਿਆਨੇ ਕੱਦ ਦੇ ਤਿੱਖੇ ਨੈਨ-ਨਖਸ਼ਾਂ ਵਾਲੇ ਤਰਸੇਮ ਬਸ਼ਰ ਦੇ ਸੈਂਕੜੇ ਕਾਲਮ ਪੰਜਾਬ ਦੇ ਲੱਗਭੱਗ ਸਾਰੇ ਪ੍ਰਮੁੱਖ ਅਖਬਾਰਾਂ ਵਿੱਚ ਰਸਾਲਿਆਂ ਵਿੱਚ ਛਪਦੇ ਰਹੇ ਹਨ। ਉਸਦੀਆਂ ਲਿਖਤਾਂ ਦੀ ਵਿਸ਼ੇਸ਼ਤਾ ਰਹੀ ਹੈ ਕਿ ਉਸਨੇ ਹਮੇਸ਼ਾ ਦਿਲਚਸਪ ਤਹਿਰੀਰ ਵਿੱਚ ਸਮਾਜਿਕ ,ਰਾਜਨੀਤਿਕ ਤੇ ਹੋਰ ਪਹਿਲੂਆਂ ਤੇ ਆਪਣੀ ਉਂਗਲ ਰੱਖੀ ਤੇ ਸਮਝਾਉਣ ਵਿੱਚ ਵੀ ਸਫਲ ਰਿਹਾ ਕਿ ਉਹ ਕੀ ਕਹਿਣਾ ਚਾਹੁੰਦਾ ਹੈ । ਹਾਲਾਂਕਿ ਉਹ ਨਿਰੋਲ ਸਾਹਿਤਕ ਇਨਸਾਨ ਹੈ ਪਰ ਸਾਹਿਤ ਵਿੱਚ ਕਾਲਮ ਨਵੀਸੀ ਤੋਂ ਇਲਾਵਾ ਉਸਨੇ ਕਹਾਣੀ ਤੇ ਮਿੰਨੀ ਕਹਾਣੀ ਵਿਧਾ ਨੂੰ ਹੀ ਲਿਖਣ ਵਾਸਤੇ ਅਪਣਾਇਆ ਤੇ ਇਸ ਵਿਧਾ, ਵਿੱਚ ਉਹ ਪੰਜਾਬੀ ਦੇ ਕਹਾਣੀਕਾਰਾਂ ਵਿੱਚ ਸਥਾਪਿਤ ਹਸਤਾਖਰ ਦੇ ਤੌਰ ਤੇ ਮੌਜੂਦ ਹੈ ।ਮਾਸੀ ਮੈਂ ਚੱਲਿਐ, ਠੰਡੀ ਹਵਾ, ਜ਼ਨਾਜਾ, ਰਫੀ ਦਾ ਰੇਡਿਓ, ਅਹਿਸਾਸ, ਤਸੱਦਦ, ਮਮਤਾ ਦਾ ਰਾਗ, ਪਾਸਵਰਡ, ਬੱਧੀਜੀਵੀ, ਹਸਮੁੱਖ, ਚਿੱਟੀ ਟੋਪੀ, ਤਰਸ, ਪਰਛਾਵੇਂ ਆਦਿ ਕਹਾਣੀਆਂ ਤੋਂ ਮੈਂ ਅਤਿਅੰਤ ਪ੍ਰਭਾਵਿਤ ਹੋਇਆ ਹਾਂ। ਉਰਦੂ ਅਦਬ ਨਾਲ ਉਸਦਾ ਵਿਸ਼ੇਸ਼ ਲਗਾਵ ਰਿਹਾ ਹੈ। ਸ਼ਾਇਰੀ ਨੂੰ ਉਹ ਰੱਜ ਕੇ ਮਾਣਦਾ ਹੈ, ਚੰਗਾ ਸ਼ੇਅਰ ਉਸਦੇ ਰੌਂਗਟੇ ਖੜ੍ਹੇ ਕਰ ਦਿੰਦਾ ਹੈ ਪਰ ਉਸਨੇ ਕਦੀ ਵੀ ਕਵਿਤਾ ਲਿਖੀ ਨਹੀਂ। ਥੋੜ੍ਹਾ ਸਪੱਸ਼ਟਵਾਦੀ ਹੁੰਦਿਆਂ ਉਹ ਕਹਿ ਦਿੰਦਾ ਹੈ ਕਿ ਮਿਆਰੀ ਕਵਿਤਾ ਕਦੇ ਲਿਖੀ ਹੀ ਨਹੀਂ ਗਈ। ਬਸ਼ਰ ਅਨੁਸਾਰ ਉਸਨੇ ਜੋ ਵੀ ਲਿਖਿਆ ਛਪਿਆ ਹੈ। ਪਾਠਕਾਂ ਨੇ ਪ੍ਰਵਾਨ ਕੀਤਾ ਹੈ ਪਰ ਮਹਿਜ ਛਪਣ ਲਈ ਹੀ ਲਿਖਣਾ ਉਸਨੂੰ ਨਹੀਂ ਭਾਉਂਦਾ। ਇਸ ਪੱਖੋਂ ਉਹ ''ਮੂਡੀ'' ਲੇਖਕ ਹੈ ।
ਸੈਂਕੜੇ ਰਚਨਾਵਾਂ ਨੂੰ ਪਾਠਕਾਂ ਦੀ ਮਹੱਬਤ ਮਿਲੀ ਪਰ ਆਪਣੀ ਇੱਕ ਵੀ ਕਿਤਾਬ ਪਾਠਕਾਂ ਨੂੰ ਹੁਣ ਤੱਕ ਨਾ ਦੇਣ ਤੇ ਉਹ ਕਹਿੰਦਾ ਹੈ ਮਿੰਨੀ ਕਹਾਣੀਆਂ ਦੀ ਕਿਤਾਬ ਛਪਵਾਉਣ ਵਾਸਤੇ ਕਈ ਵਾਰ ਸੋਚਿਆ ਪਰ ਮਸ਼ਰੂਫੀਅਤ ਅਤੇ ਮਾਨਸਿਕ ਖਿੰਡਾਵ ਦੇ ਮੁਸਲਸਲ ਦੌਰ ਕਾਰਨ ਕਿਤਾਬ ਨੂੰ ਸੰਪਾਦਿਤ ਕਰਨ ਲਈ ਉਹ ਆਪਣੇ ਆਪ ਨੂੰ ਇਕੱਠਾ ਹੀ ਨਹੀਂ ਕਰ ਸਕਿਆ, ਭਾਵੇਂ ਕਿ ਉਹ ਜਾਣਦਾ ਹੈ ਕਿ ਕਿਤਾਬ ਲਈ ਪਾਠਕਾਂ ਦੀ ਕਮੀ ਦਾ ਉਸਨੂੰ ਬਹੁਤਾ ਫਿਕਰ ਨਹੀਂ। ਭਾਵੇਂ ਕਿਤਾਬ ਛਪਣ ਦੇ ਮੁੱਦੇ ਤੇ ਮੈਨੂੰ ਉਹ ਇਹ ਕਹਿ ਰਿਹਾ ਸੀ ਪਰ ਮੇਰੇ ਅਨੁਸਾਰ ਕਿਤਾਬ ਛਪਵਾਉਣ ਦੀ 
ਉਤਸੁਕਤਾ ਵੀ ਨਹੀਂ ਜਾਪੀ ਕਦੇ “ਕਦੇ ਵਿੱਚ ।ਉਹ ਜੋ ਕਹਿ ਰਿਹਾ ਸੀ ਸਿਰਫ ਰਸਮ ਪੂਰਤੀ ਲਈ ਸੀ। ਸ਼ੋਹਰਤ ਪੱਖੋਂ ਉਹ ਇੱਕ ਸੰਤੁਸ਼ਟ ਵਿਅਕਤੀ ਹੈ । 2006 ਤੋਂ ਲਗਾਤਾਰ ਅਖਬਾਰਾਂ ਲਈ ਲਿਖਣ ਵਾਲੇ ਤਰਸੇਮ ਬਸ਼ਰ ਨੇ ਇਸ ਦੌਰ ਵਿੱਚ ਅਨੇਕਾ ਉਤਰਾਅ-ਚੜਾਅ ਦੇਖੇ ਪਰ ਉਹ ਆਪਣੀ ਸਾਦਾ ਜਿੰਦਗੀ ਵਿੱਚ ਖੁਸ਼ ਰਿਹਾ ਹੈ ।
ਆਪਣੀਆ ਲਿਖਤਾਂ ਲਈ ਉਸਨੇ ਕੀਮਤ ਵੀ ਚੁਕਾਈ ਹੈ। ਤਰਸੇਮ ਬਸ਼ਰ ਸੋਚਦਾ ਰਹਿੰਦਾ ਕਿ ਕਲਮ ਚੁੱਕਣਾ ਸੁਖਾਲਾ ਕੰਮ ਨਹੀਂ ਇਸ ਦੀ ਆਪਣੀ ਇੱਕ ਕੀਮਤ ਹੈ ਉਹ ਚੁਕਾਉਣੀ ਵੀ ਪੈਂਦੀ ਹੈ। ਉੱਥੇ ਖੜਿਆਂ ਉਸਨੂੰ ਅਫਸੋਸ ਹੁੰਦਾ ਹੈ ਕਿ ਸ਼ੋਹਰਤ ਲਈ ਕਲਮ ਚੱਕਣ ਵਾਲੇ ਬਹੁਤੇ ਲੇਖਕ ਇਸ ਜਿੰਮੇਵਾਰੀ ਨੂੰ ਹਲਕੇ 'ਚ ਲੈਂਦੇ ਹਨ। ਆਪਣੀ ਲੇਖਣੀ ਦੇ ਇਸ ਦੌਰ ਵਿੱਚ ਉਸਨੇ ਪੰਜਾਬ ਦੇ ਬਦਲ ਰਹੇ ਸਮਾਜਿਕ ਰਾਜਨੀਤਿਕ ਵਾਤਾਵਰਣ ਨੂੰ ਨੇੜੇ ਤੋਂ ਤੱਕਿਆ ਹੈ । ਇਸੇ ਦੌਰ ਵਿੱਚ ਵੱਡੀਆਂ ਸਖਸ਼ੀਅਤਾਂ ਦਾ ਸਾਥ ਅਤੇ ਪ੍ਰਸੰਸ਼ਾ ਵੀ ਮਾਣੀ ਹੈ।
ਉਹ ਕਹਿੰਦਾ ਹੈ ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ, ਤੁਹਾਡਾ ਸਾਥ ਕਿਸੇ ਵੀ ਤਰ੍ਹਾਂ ਦੇ ਲੋਕਾਂ ਦਾ ਹੋਵੇ ਲੇਖਕ ਦੀ ਜਾਗੀਰ, ਜਾਇਦਾਦ ਉਸਦੇ ਅੰਦਰ ਦਾ ''ਖਲਾਅ'' ਹੁੰਦਾ ਹੈ। ਇਹੀ ਖਲਾਅ ਲਿਖਤਾਂ ਲਈ ਜ਼ਰਖੇਂਜ ਜ਼ਮੀਨ ਹੁੰਦੀ ਹੈ । ਤਰਸੇਮ ਬਸ਼ਰ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਇਨਸਾਨ ਦੇ ਤੌਰ ਤੇ ਉਹ ਇੱਕ ਮਹਾ ਜਜਬਾਤੀ ਮਨੁੱਖ ਹੈ, ਕਿਸੇ ਕਹਾਣੀ ਦੇ ਕਾਲਪਨਿਕ ਜਜਬਾਤੀ ਕਿਰਦਾਰ ਵਾਂਗ, ਜਿਸ ਨੂੰ ਜਿੰਦਗੀ ਵਿੱਚ ਦੇਖਿਆ ਘੱਟ ਹੀ ਜਾਂਦਾ ਹੈ, ਜਿਸਨੂੰ ਸਿਰਫ ਸੋਚਿਆ ਜਾ ਸਕਦਾ ਹੈ। ਉਸਦੇ ਪਾਤਰ ਮਹਿਜ ਉਸਦੇ ਪਾਤਰ ਨਹੀਂ ਹੁੰਦੇ ਬਲਕਿ ਹਮੇਸ਼ਾਂ ਜਿੰਦਾ ਰਹਿਣ ਵਾਲੇ ਉਸ ਦੀ ਰੂਹ ਦਾ ਹਿੱਸਾ ਹੁੰਦੇ ਹਨ। ਬਲਵੰਤ ਗਾਰਗੀ ਦੀ ਵਾਰਤਿਕ ਤੋਂ ਪ੍ਰਭਾਵਿਤ ਹੋ ਕੇ ਲਿਖਣ ਲੱਗੇ ਤਰਸੇਮ ਬਸ਼ਰ ਨੂੰ ਸਾਹਿਤ ਪੜ੍ਹਨ ਦੀ ਚੇਟਕ ਦਰਅਸਲ ਹਾਲਾਤਾਂ ਨੇ ਲਾਈ ।ਬਚਪਨ ਦੇ ਦਿਨਾਂ ਵਿੱਚ ਅੱਤਵਾਦ ਦੇ ਦੌਰ ਵੇਲੇ ਜਦੋਂ ਆਪਣੀ ਜਨਮ-ਭੁੰਮੀ ਪਿੰਡ ਪਿਆਰੇਆਣਾ ਜ਼ਿਲਾ ਫਿਰੋਜਪੁਰ, ਆਪਣੇ ਪਿਆਰੇ ਮਿੱਤਰ ਛੱਡਣ ਦੀ ਨੌਬਤ ਆ ਗਈ ਤਾਂ ਜਲਾਵਤਨੀ ਦੇ ਇੰਨ੍ਹਾਂ ਦਿਨਾਂ ਵਿੱਚ ਕਿਤਾਬਾਂ ਹੀ ਉਸ ਦੀਆਂ ਸਾਥੀ ਰਹੀਆਂ। ਮੁਨਸ਼ੀ ਪ੍ਰੇਮ ਚੰਦ, ਸ਼ਰਤ ਚੰਦਰ, ਸਆਦਤ ਹਸਨ ਮੰਟੋ, ਕੇਵਲ ਕ੍ਰਿਸ਼ਨ, ਨਾਨਕ ਸਿੰਘ, ਬਲਵੰਤ ਗਾਰਗੀ ਆਦਿ ਨੂੰ ਰੱਜ ਕੇ ਪੜ੍ਹਿਆ ਪਰ ਲਿਖਿਆ ਕੁੱਝ ਨਹੀਂ, ਕੋਸ਼ਿਸ਼ ਵੀ ਨਹੀਂ ਕੀਤੀ। ਉਹਨਾਂ ਦੀਆਂ ਲਿਖਤਾਂ ਮਾਣਦਾ ਰਿਹਾ, ਪ੍ਰਭਾਵਿਤ ਹੁੰਦਾ ਰਿਹਾ। ਆਪਣਾ ਪਹਿਲਾ ਆਰਟੀਕਲ 
ਉਸਨੇ 2006 ਵਿੱਚ ਲਿਖਿਆ। ਉਸਦੀਆਂ ਲਿਖਤਾਂ ਵਿੱਚ ਅੱਜ ਵੀ ਪਿਆਰੇਆਣੇ ਦਾ ਜ਼ਿਕਰ ਬਹੁਤ ਵਾਰੀ ਪਾਇਆ ਜਾਂਦਾ ਹੈ ਉਹ ਇੱਕ ਦਿਲਚਸਪ ਗੱਲ ਦੱਸਦਾ ਹੈ ਕਿ ਉਹ ਆਪਣਾ ਤਖੱਲਸ ਤਰਸੇਮ'' ਪਿਆਰੇਆਣਾ ''ਹੀ ਰੱਖਣਾ ਚਾਹੁੰਦਾ ਸੀ ਪਰ ਪੰਜਾਬੀ ਦੇ ਇੱਕ ਅਖਬਾਰ ਦੇ ਸੰਪਾਦਕ ਨੇ ਉਹਨਾਂ ਨੂੰ ''ਬਸ਼ਰ'' ਤਖੱਲਸ ਦੇ ਦਿੱਤਾ। ਬਜ਼ਾਰੀਕਰਨ ਦੀ ਇਸ ਮਾਇਆਵੀ ਦੌਰ ਵਿੱਚ ਤਰਸੇਮ ਬਸ਼ਰ ਕੋਈ ਬਹੁਤ ਵਿਵਹਾਰਿਕ ਮਨੁੱਖ ਨਹੀਂ ਹੈ। ਅਕਸਰ ਫੈਸਲਿਆਂ ਦੀ ਘੜੀ ਵਿੱਚ ਕਮਜ਼ੋਰ ਪੈ ਜਾਣ ਵਾਲਾ ਸਾਧਾਰਨ ਮਨੁੱਖ। ਮੈਂ ਲੇਖਕ ਦੇ ਤੌਰ ਤੇ ਜਿੱਥੇ ਤਰਸੇਮ ਬਸ਼ਰ ਦੇ ਮਾਨਵਤਾਵਾਦੀ ਚੇਹਰੇ ਤੋ ਪ੍ਰਭਾਵਿਤ ਰਿਹਾ, ਉਸਦੀ ਪਾਤਰਾਂ ਦੇ ਮਨੋਵਿਗਿਆਨ ਨੂੰ ਸਮਝਣ ਤੇ ਫਿਰ ਲਿਖਣ ਦੀ ਉਸਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋਇਆ ਹਾਂ ਉੱਥੇ ਹੀ ਉਸਨੂੰ ਮਿਲਨ ਤੋਂ ਬਾਅਦ ਬੇਚੈਨ ਵੀ ਰਿਹਾ ਹਾਂ। ਇੰਨੇ ਸੰਵੇਦਨਸ਼ੀਲ ਬੰਦੇ ਦੀ ਜ਼ਿੰਦਗੀ ਆਸਾਨ ਹਰਗਿਜ ਨਹੀ ਹੋ ਸਕਦੀ । ਮੈਂ ਕਦੇ ਇੰਨ੍ਹਾਂ ਭਾਵੁਕ ਮਨੁੱਖ ਨਹੀਂ ਦੇਖਿਆ ਜੋ ਮੰਟੋ ਦੇ ਪਾਗਲਖਾਨੇ ਵਿੱਚ ਰਹਿੰਦਿਆਂ ਉਸ ਦੀ ਮਾਨਸਿਕ ਟੁੱਟ ਭੱਜ ਦੀ ਗੱਲ ਕਰਦਿਆਂ ਅੱਖਾਂ ਭਰ ਆਉਂਦਾ ਹੋਵੇ। ਜਿਵੇਂ ਇਹ ਕਸ਼ਟ ਖੁਦ ਉਸਨੇ ਸਿਹਾ ਹੋਵੇ।
ਸ਼ਾਇਦ ਸਿਹਾ ਹੈ ਜਾਂ ਫਿਰ ਸਹਿ ਵੀ ਰਿਹਾ ਹੈ। ਉਹਦੇ ਨਾਲ ਗੱਲਬਾਤ ਦੇ ਦੌਰ ਵਿੱਚ ਇੱਕ ਦੋ ਵਾਰ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਸ਼ਿਵ ਨਾਲ ਮੁਖਾਤਿਬ ਹਾਂ, ਜਿਸ ਵਿੱਚ ਮੰਟੋ ਦੀ ਰੂਹ ਬੈਠੀ ਹੈ। ਉਹ ਦਿਖਾਵੇ ਦਾ ਲੇਖਕ ਨਹੀਂ ਬੱਸ ਲੇਖਕ ਹੈ! ਹਾਂ ਸੱਚ ਹਲਕੀ ਚੀਜ਼ ਨਾ ਉਸਨੇ ਪੜ੍ਹੀ ਹੈ ਤੇ ਨਾ ਓਹੋ ਸੁਣਦਾ ਹੈ । ਸੰਗੀਤ ਦੇ ਸੰਬੰਧ ਵਿੱਚ ਉਹ ਕਹਿੰਦਾ ਹੈ ਕਿ ਜਿਵੇਂ ਦਾਦਰਾ, ਠੁਮਰੀ, ਅਲਾਪਾਂ ,ਤਾਨਾਂ ਨਾਲ ਉਸਦਾ ਪਿਛਲੇ ਜਨਮ ਦਾ ਸੰਬੰਧ ਹੈ, ਉਸਨੂੰ ਕਲਾਸੀਕਲ ਸਾਹਿਤ ਤੇ ਕਲਾਸੀਕਲ ਸੰਗੀਤ ਪਸੰਦ ਹੈ। ਇੱਕ ਦਿਲਚਸਪ ਪਹਿਲੂ ਹੋਰ ਦੱਸਦਾ ਹੈ ਕਿ ਕਿਸੇ ਰਚਨਾ ਨੂੰ ਲਿਖਣ ਲਈ ਉਸ ਨੂੰ ਬਹੁਤਾ ਵਕਤ ਕਦੇ ਨਹੀਂ ਲਾਇਆ ਉਸਦੇ ਜਿਹਨ ਵਿੱਚ ਹੁੰਦੀ ਹੈ ਤੇ ਰਚਨਾ ਬਸ ਕਾਗਜ ਤੇ ਉਤਾਰਨਾ ਹੁੰਦਾ ਹੈ ਚੰਗੇ ਸ਼ੰਗੀਤ ਨੂੰ 
ਸੁਣਦਿਆਂ ਰਚਨਾ ਕਿਸੇ ਆਮਦ ਦੀ ਤਰ੍ਹਾਂ ਕਾਗਜ ਤੇ ਆ ਕੇ ਬੈਠ ਜਾਂਦੀ ਹੈ। ਲੇਖ ਲਿਖਦਿਆਂ ਇੱਕ ਲੇਖਕ ਤੋਂ ਵੀ ਵੱਧ ਇੱਕ ਤਰਸੇਮ ਬਸ਼ਰ ਨਾਂ ਦਾ ਇਨਸਾਨ ਮੇਰੇ ਅੱਗੇ ਆ ਜਾਂਦਾ ਹੈ। ਜਿਸ ਵਿੱਚ ਇਨਸਾਨੀਅਤ ਕੁੱਟ ਕੁੱਟ ਕੇ ਭਰੀ ਹੈ।ਜਿਸ ਦੀਆਂ ਅੱਖਾਂ ਬਹੁਤ ਛੇਤੀ ਨਮ ਹੋ ਜਾਂਦੀਆਂ ਹਨ। ਪੰਜਾਬੀ ਪੱਤਰਕਾਰਤਾ ਦੇ ਦੌਰ ਵਿੱਚ ਉਸਨੂੰ ਇੱਕ ਪਿਰਤ ਪਾਈ ।ਉਹ ਗਰੀਬਾਂ ਕੋਲ ਗਿਆ, ਅਪਾਹਿਜਾਂ ਦੇ ਘਰ ਗਿਆ। ਉਹਨਾਂ ਦੀਆਂ ਕਹਾਣੀਆਂ ਨੂੰ ਅਖਬਾਰਾਂ ਜ਼ਰੀਏ ਲੋਕਾਂ ਤੱਕ ਪਹੁੰਚਾਇਆ ਕਿਉਂਕਿ ਉਹ ਇਸ ਦਰਦ ਨੂੰ ਸਮਝਦਾ ਸੀ ਉਹ ਇਸ ਦਰਦ ਨਾਲ ਰਹਿੰਦਾ ਸੀ। ਉਸਦੀ ਆਪਣੀ ਬੇਟੀ ਜਨਮ ਤੋਂ ਗੂੰਗੀ-ਬੋਲੀ ਹੈ । 
ਤਰਸੇਮ ਬਸ਼ਰ ਨੂੰ ਜਾਨਣਾ ਹੋਵੇ ਤਾਂ ਮੇਰੀ ਜਾਚੇ ਉਸ ਦੀਆਂ ਲਿਖਤਾਂ ਨੂੰ ਪੜ੍ਹਨਾ ਜ਼ਰੂਰੀ ਹੈ। ਕਿਉਂਕਿ ਜੋ ਉਹ ਹੈ ਅਕਸਰ ਉਹ ਨਹੀਂ ਹੁੰਦਾ। ਜੇ 
ਤੁਸੀਂ ਲੇਖਕ ਨਹੀਂ ਹੋ ਤਾਂ ਉਹ ਤੁਹਾਨੂੰ ਇਸ ਤਰ੍ਹਾਂ ਮਿਲੇਗਾ ਜਿਵੇਂ ਉਹ ਕੋਈ ਬਹੁਤ ਸਾਧਾਰਨ ਮਨੁੱਖ ਹੈ, ਇਸਨੂੰ ਕੁੱਝ ਨਹੀ ਪਤਾ ਪਰ ਜੇਕਰ ਤੁਸੀਂ ਕੋਈ ਬੁੱਧੀਜੀਵੀ ਪੱਧਰ ਦੀ ਗੱਲ ਕੀਤੀ ਜਾਂ ਕਿਸੇ ਵੀ ਮੁੱਦੇ ਤੇ ਗੰਭੀਰ ਗੱਲ ਕੀਤੀ ਤਾਂ ਉਹ ਕੁੱਝ ਹੋਰ ਹੀ ਨਜ਼ਰ ਆਵੇਗਾ। ਤੁਸੀਂ ਕਿਸੇ ਵੀ ਮੁੱਦੇ ਤੇ ਉਸ ਨਾਲ ਗੱਲ ਕਰ ਦੇਖੋ, ਮਜ਼ਾ ਆ ਜਾਵੇਗਾ। ਵਿਦਵਤਾ ਝਾੜਨ ਤੋਂ ਪਰ੍ਹੇ ਇੱਕ ਹਲੀਮੀ ਭਰਿਆ ਇਨਸਾਨ। ਇਹਨਾਂ ਦਿਨਾਂ 'ਚ ਉਸ ਨੇ ਕੁੱਝ ਘੱਟ ਲਿਖਿਆ ਹੈ ਪਰ ਮੈਨੂੰ ਪਤਾ ਹੈ ਕਿ ਲਿਖੇਗਾ ਤਾਂ ਲਗਾਤਾਰ ਲਿਖੇਗਾ ਸ਼ਾਇਦ ਥੱਕ ਗਿਆ ਹੋਵੇ, ਸ਼ਾਇਦ ਤਿੰਨ ਸਾਲਾਂ ਬੇਟੇ ਅਗਮ ਨਾਲ ਰੁੱਝ ਗਿਆ ਹੋਣੈ। ਥੱਕਣ ਦੀ ਗੱਲ ਸੰਭਵ ਹੈ। ਕਦੇ-ਕਦੇ ਨਹੀਂ ਬਲਕਿ ਅਕਸਰ ਹੀ ਉਹ ਸੋਚਦਾ ਹੈ ਕਿ ਸਮਾਂ ਰੁੱਕ ਜਾਵੇ, ਉਹ ਸਮੇਂ ਨੂੰ ਖੜਾ੍ਹ; ਲੈਣਾ 
ਚਾਹੁੰਦਾ ਹੈ, ਉਹ ਨਹੀਂ ਚਾਹੁੰਦਾ ਉਸਦੀ ਮਾਂ ਹੋਰ ਬੁੱਢੀ ਹੋਵੇ, ਹੋਰ ਕਮਜ਼ੋਰ ਹੋ ਜਾਵੇ ਕਿਉਂਕਿ ਜਿਸ-ਜਿਸ ਤਰ੍ਹਾਂ “ਸਦੀ ਅਪਾਹਿਜ ਬੱਚੀ ਵੱਡੀ ਹੋਵੇਗੀ ਮਾਂ ਉਸ ਕੋਲ ਹੋਣੀ ਜਰੂਰੀ ਹੈ ।ਸਮੇਂ ਨਾਲ ਇਸ ਜੰਗ ਵਿੱਚ ਉਸ ਦਾ ਥੱਕ ਜਾਣਾ ਕੋਈ ਵੱਡੀ ਗੱਲ ਨਹੀਂ। 
ਜ਼ਿੰਦਗੀ ਦੇ ਸੰਘਰਸ਼ ਵਿੱਚ ਵੀ ਉਸ ਦੇ ਇਮਤਿਹਾਨ ਥੋੜ੍ਹੇ ਨਹੀਂ ਰਹੇ। ਪਹਿਲੇ ਦਿਨ ਹੀ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਬਚਪਨ ਥੋੜ੍ਹਾ ਹੀ ਬੀਤਿਆ ਕਿ ਜਨਮ-ਭੂੰਮੀ ਛੁੱਟ ਗਈ। ਫਿਰ ਬੱਚੀ ਦੀ ਅਪੰਗਤਾ ਤੇ ਫਿਰ ਇੱਕ ਲੇਖਕ ਨਾਲ ਸਿਆਸੀ ਖੁੰਦਕਾਂ ਦੀ ਖਲਜਗਨ। ਲਗਾਤਾਰ ਸੰਘਰਸ਼ ਨੇ ਉਸਨੂੰ ਥਕਾ ਜ਼ਰੂਰ ਹੋਣੈ ਪਰ ਮੈਨੂੰ ਪਤਾ ਹੈ ਉਹ ਟੁੱਟ ਨਹੀਂ ਸਕਦਾ, ਹਾਰ ਨਹੀਂ ਸਕਦਾ। ਅੰਤ ਵਿੱਚ ਇੱਕ ਗੱਲ ਹੋਰ, ਲੋਕ ਪ੍ਰਸਿੱਧੀ ਵਾਸਤੇ ਢਕਵੰਜ ਕਰਦੇ ਹਨ ਪਰ ਉਹ ਬਹੁਤ ਕੁੱਝ ਸਹਿੰਦਿਆਂ ਵੀ ਇਸ ਤਰ੍ਹਾਂ ਦੀ ਕੋਈ ਹਲਕੀ ਗੱਲ ਨਹੀਂ ਕਰ ਸਕਦਾ। ਉਸ ਨੇ ਕਦੇ ਨਹੀਂ ਕਿਹਾ ਕਿ ਲੇਖਕ ਦੇ ਤੌਰ ਤੇ ਮੈਂ ਇਹ ਸਿਹਾ, ਓਹ ਸਿਹਾ ਉਹ ਆਪਣੇ ਪਾਠਕਾਂ ਦੇ ਪਿਆਰ ਨਾਲ ਸੰਤੁਸ਼ਟ ਹੈ। ਮੈਨੂੰ ਨਹੀਂ ਲੱਗਦਾ ਇੱਕ ਰੇਖਾ-ਚਿੱਤਰ ਵਿੱਚ ਮੈਂ ਬਹੁਤਾ ਕੁੱਝ ਹੋਰ ਲਿਖ ਸਕਦਾ ਹਾਂ ਪਰ ਇੰਨਾਂ ਕਹਾਂਗਾ ਤਰਸੇਮ ਬਸ਼ਰ ਮਤਲਬ ਇੱਕ ਹਲੀਮੀ ਇਨਸਾਨ ਡੂੰਘਾ ਲੇਖਕ ਜਿਸ ਦੀ ਕਿਤਾਬ ਆਉਂਣੀ ਬਹੁਤ ਜਰੂਰੀ ਹੈ। ਕਾਸ਼! ਮੇਰਾ ਲੇਖ ਤੇ ਮੇਰੀ ਸਲਾਹ ਉਸਨੂੰ ਵੀ ਪਸੰਦ ਆ ਜਾਵੇ । 

ਬਲਜੀਤ ਮੌਜੀਆ
ਮੋਬਾਇਲ- 98141-63071


Aarti dhillon

Content Editor

Related News