ਸਮਾਜ ਵਿਚ ਰਹਿੰਦੇ ਲੋਕਾਂ ਨੂੰ ਠੱਗ ਰਿਹਾ ਅੰਧ-ਵਿਸ਼ਵਾਸਾਂ ਦਾ ਬੋਲਬਾਲਾ
Monday, Aug 03, 2020 - 05:14 PM (IST)

''ਪਰਾਂ ਹੋ ਜੋ? ਮਾਰ ਦੂੰ ਮੈਂ ਥੋਨੂੰ ਸਾਰਿਆਂ ਨੂੰ, ਵੱਢ ਦੂੰ ਵੱਢ, ਕ੍ਰਿਪਾਨ ਮੇਰੇ ਲਵੇ ਆ। ਤੁਸੀਂ ਮੈਨੂੰ ਕੀ ਸਮਝਾਉਨੇ ਓ, ਗਿਆਨੀ-ਧਿਆਨੀ ਬੰਦੇ ਨੂੰ ਬਥੇਰੇ ਦੇਖੇ ਨੇ ਥੋਡੇ ਵਰਗੇ। ਪੀਰਾਂ-ਫਕੀਰਾਂ ਦੀ ਸ਼ਕਤੀ ਨੀ ਦੇਖਦੇ ਹੁੰਦੇ। ਜਗ੍ਹਾ ਪੱਟੀ ਤੀ ਮੇਰੀ ਦੇਖ ਲਓ, ਸੱਤ ਦਿਨ ਨੀਂ ਪੈਣ ਦਿੱਤੇ। ਮੁੱਧੇ ਮੂੰਹ ਮਾਰਿਆ ਪਲਟਾ ਕੇ। ਅਸੀਂ ਪੀਰ ਹੁੰਨੇ ਆਂ ਪੀਰ। ਮੈਂ ਵੀ ਕੈਲੇ ਦੀ ਨੂੰਹ ਆਂ। ਕੱਪੜੇ ਲੈ ਕੇ ਜਾਉਂ, ਕਿੰਨਾ ਚਿਰ ਹੋ ਗਿਆ ਨੰਗੀ ਫਿਰਦੀ ਨੂੰ, ਨਾਲੇ ਮੌਸ ਆਲੇ ਦਿਨ ਰੋਟੀ ਖਾ ਕੇ ਜਾਇਆ ਕਰੂੰ''। ਇੰਨੀਆਂ ਗੱਲਾਂ ਕਹਿ ਕੇ ਬਲਜੀਤ ਕੌਰ ਬੇਹੋਸ਼ ਹੋ ਗਈ। ਅੱਧੇ ਕੁ ਘੰਟੇ ਬਾਅਦ ਹੋਸ਼ ਆਈ ਤਾਂ ਉਸ ਦੇ ਘਰ ਵਾਲੇ ਨੇ ਪਾਣੀ ਦਿੱਤਾ। ਉਸ ਦੀ ਜੇਠਾਣੀ ਨੇ ਚਾਹ ਬਣਾ ਦਿੱਤੀ। ਪਤਾ ਨਹੀਂ ਅਚਾਨਕ ਬਲਜੀਤ ਕੌਰ ਨੂੰ ਕੀ ਹੋ ਜਾਂਦਾ ਹੈ ਕਿ ਉਹ ਅਵਾ-ਤਵਾ ਬੋਲਣਾ ਸ਼ੁਰੂ ਕਰ ਦਿੰਦੀ ਹੈ।
ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ
ਕਦੇ ਕਹਿੰਦੀ ਮੈਂ ਗਿਆਨੀ ਧਿਆਨੀ ਬੰਦਾਂ। ਫੇਰ ਕਹਿ ਦਿੰਦੀ ਪੀਰ ਬੋਲਦਾਂ। ਕਦੇ ਕਹਿ ਦਿੰਦੀ ਕੈਲੇ ਦੀ ਨੂੰਹ ਬੋਲਦੀ ਆਂ। ਕਦੇ ਵੀ ਸਕੂਲ ਦਾ ਮੂੰਹ ਨਾ ਵੇਖਣ ਵਾਲੀ ਬਲਜੀਤ ਕੌਰ ਨੂੰ ਜਦੋਂ ਕਸਰ ਹੋ ਜਾਣੀ ਤਾਂ ਉਹ ਪੰਜਾਬੀ ਦੀ ਜਗ੍ਹਾ ਹਿੰਦੀ ਵੀ ਬੋਲਣ ਲੱਗ ਪੈਂਦੀ। ਸਾਰਾ ਪਰਿਵਾਰ ਮੁਸ਼ਕਲ ਵਿੱਚ ਪੈ ਜਾਂਦਾ। ਭਾਵੇਂ ਕਿਸੇ ਨੂੰ ਮਾਰਨ ਵਾਸਤੇ ਉਸ ਕੋਲ ਕ੍ਰਿਪਾਨ ਨਹੀਂ ਸੀ। ਫੇਰ ਵੀ ਹੱਥਾਂ ਨੂੰ ਇਸ ਤਰ੍ਹਾਂ ਘੁਮਾਉਂਦੀ, ਜਿਵੇਂ ਕ੍ਰਿਪਾਨ ਫੜੀ ਹੋਵੇ। ਕਸਰ ਹੋਣ ਤੋਂ ਪਹਿਲਾਂ ਉਸ ਨੂੰ ਅੰਗੜਾਈਆਂ ਆਉਣ ਲੱਗ ਜਾਦੀਆਂ। ਵੱਡੀਆਂ-ਵੱਡੀਆਂ ਉਬਾਸੀਆਂ ਲੈਣ ਲਗਦੀ, ਕਿਸੇ ਰਾਕਸ਼ ਦੀ ਤਰ੍ਹਾਂ, ਉਸ ਦਾ ਮੂੰਹ ਖੁੱਲ ਕੇ ਬੰਦ ਹੋਣ ਦਾ ਨਾਮ ਹੀ ਨਹੀਂ ਸੀ ਲੈਂਦਾ। ਜਵਾਕ ਡਰ ਦੇ ਮਾਰੇ ਬਾਹਰ ਭੱਜ ਜਾਂਦੇ। ਰਾਤ ਨੂੰ ਉਸ ਕੋਲ ਸੌਣ ਤੋਂ ਡਰਦੇ। ਆਂਢ-ਗੁਆਂਢ 'ਚ ਗੱਲਾਂ ਹੁੰਦੀਆਂ ਕਿ ਪਤਾ ਨਹੀਂ ਬਲਜੀਤ ਕੌਰ ਨੂੰ ਕਿੰਨੀਆਂ ਕੁ ਓਪਰੀਆਂ ਚੀਜਾਂ ਨੇ ਘੇਰ ਲਿਆ ਹੈ।
ਪੜ੍ਹੋ ਇਹ ਵੀ ਖਬਰ - ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ
ਜ਼ਿਲਾ ਕੈਥਲ ਦੇ ਇੱਕ ਪਿੰਡ ਵਿੱਚ ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰਨ ਵਾਲੇ ਧੰਨਾ ਸਿੰਘ ਦਾ ਪਰਿਵਾਰ ਸੁੱਖੀ ਰਹਿ ਰਿਹਾ ਸੀ। ਘਰ ਵਿੱਚ ਦੋ ਮੁੰਡੇ ਤੇ ਇੱਕ ਕੁੜੀ ਬਹੁਤ ਛੋਟੇ ਸਨ। ਵੱਡਾ ਮੁੰਡਾ ਮਸਾਂ ਹੀ ਸੱਤ ਕੁ ਸਾਲ ਦਾ ਹੋਵੇਗਾ। ਬਲਜੀਤ ਕੌਰ ਹਰ ਰੋਜ਼ ਸਵੇਰੇ ਪਿੰਡ ਦੇ ਗੁਰਦੁਆਰੇ ਵਿੱਚ ਮੱਥਾ ਟੇਕ ਕੇ, ਨਾਲ ਹੀ ਬਣੀ ਪੀਰ ਦੀ ਜਗ੍ਹਾ 'ਤੇ ਸਲਾਮ ਕਰ ਆਉਂਦੀ। ਗੁਰਦੁਆਰੇ 'ਚ ਬੈਠੇ ਪਾਠੀ ਨੂੰ ਪਿੰਡ ਵਾਲਿਆਂ ਦਾ ਇਹ ਕੰਮ ਚੰਗਾ ਨਹੀਂ ਸੀ ਲਗਦਾ ਕਿ ਗੁਰੂ ਘਰ ਮੱਥਾ ਟੇਕਣ ਵਾਲੇ ਲੋਕ ਪੱਥਰਾਂ ਜਾਂ ਮੜ੍ਹੀਆਂ-ਮਸਾਣੀਆਂ ਨੂੰ ਪੂਜਦੇ ਫਿਰਨ ਪਰ ਪਿੰਡ ਵਿੱਚ ਪੀਰ ਦੀ ਜਗ੍ਹਾ ਸਦੀਆਂ ਪੁਰਾਣੀ ਸੀ।
ਪੜ੍ਹੋ ਇਹ ਵੀ ਖਬਰ - ਨੌਕਰੀ ਅਤੇ ਕਾਰੋਬਾਰ ’ਚ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ
ਹੁਣ ਉਸ ਦੇ ਦੁਆਲੇ ਚਾਰ ਦੀਵਾਰੀ ਕੱਢ ਕੇ ਗੁਰਦੁਆਰਾ ਬਣਾ ਦਿੱਤਾ ਗਿਆ ਸੀ। ਦੱਸਿਆ ਜਾਦਾ ਸੀ ਕਿ ਇਸ ਜਗ੍ਹਾ ਕਿਸੇ ਸੇਠ ਨੇ ਭੱਠਾ ਲਾਇਆ ਹੋਇਆ ਸੀ। ਜਦੋਂ ਇੱਟ ਵਧੀਆ ਨਾ ਨਿਕਲੀ ਤਾਂ ਪੀਰ ਦੀ ਜਗ੍ਹਾ ਬਣਾਈ ਗਈ। ਫੇਰ ਵੀ ਇੱਟਾਂ ਦੇ ਭੱਠੇ ਨੇ ਸੇਠ ਦੇ ਪੈਰ ਨਾ ਲੱਗਣ ਦਿੱਤੇ। ਥੱਕ ਹਾਰ ਕੇ ਉਸ ਨੂੰ ਇੱਟਾਂ ਦਾ ਭੱਠਾ ਬੰਦ ਕਰਨਾ ਪਿਆ। ਹੌਲੀ ਹੌਲੀ ਸਮਾਂ ਪਾ ਕੇ ਭੱਠੇ ਵਾਲੀ ਜਗ੍ਹਾ ਖਤਮ ਹੋ ਗਈ ਪਰ ਪੀਰ ਦੀ ਪੂਜਾ ਹੋਣ ਲੱਗ ਪਈ। ਪਰਿਵਾਰਾਂ ਵਿੱਚ ਹੋ ਰਹੇ ਵਾਧੇ ਕਾਰਨ ਹੁਣ ਪੀਰ ਦੀ ਜਗ੍ਹਾ ਪਿੰਡ ਦੇ ਵਿਚਕਾਰ ਆ ਗਈ। ਇੱਕ ਦਿਨ ਗੁਰਦੂਆਰੇ ਵਿੱਚ ਬੈਠੇ ਪਾਠੀ ਨੇ ਪੀਰ ਦੀ ਜਗ੍ਹਾ ਪੁੱਟ ਕੇ ਬਾਹਰ ਸੁੱਟ ਦਿੱਤੀ। ਲੋਕਾਂ ਨੂੰ ਕਿਸੇ ਅਣਹੋਣੀ ਘਟਨਾ ਹੋਣ ਦਾ ਹਰ ਸਮੇਂ ਡਰ ਲੱਗਿਆ ਰਹਿੰਦਾ ਕਿ ਪੀਰ ਦੀ ਇਸ ਕਰੋਪੀ ਦਾ ਨਤੀਜਾ ਸਾਰੇ ਪਿੰਡ ਨੂੰ ਭੁਗਤਣਾ ਪਵੇਗਾ।
ਪੜ੍ਹੋ ਇਹ ਵੀ ਖਬਰ - ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ
ਪੀਰ ਦੀ ਜਗ੍ਹਾ ਪੁੱਟਣ ਦੇ ਸੱਤ ਦਿਨਾਂ ਬਾਅਦ ਗੁਰਦੁਆਰੇ ਦਾ ਪਾਠੀ ਦਿਲ ਦਾ ਦੌਰਾ ਪੈਣ ਕਰਕੇ ਚੱਲ ਵਸਿਆ। ਭਾਵੇਂ ਇੱਕ ਦੋ ਦੌਰੇ ਉਸਨੂੰ ਪਹਿਲਾਂ ਵੀ ਪੈ ਚੁੱਕੇ ਸਨ। ਇਸ ਘਟਨਾ ਨੇ ਪਿੰਡ ਦੇ ਲੋਕਾਂ ਵਿੱਚ ਪੀਰ ਦੀ ਸ਼ਰਧਾ ਅਤੇ ਵਿਸ਼ਵਾਸ ਹੋਰ ਵਧਾ ਦਿੱਤਾ। ਲੋਕਾਂ ਦਾ ਮਨ ਜਿੱਤ ਲਿਆ ਸੀ ਪੀਰ ਨੇ ਇਹ ਨਤੀਜਾ ਕੱਢ ਕੇ, ਨਹੀਂ ਤਾਂ ਆਮ ਤੌਰ 'ਤੇ ਕਰਦਾ ਕੋਈ ਹੋਰ ਅਤੇ ਭਰਦਾ ਕੋਈ ਹੋਰ ਹੈ। ਸਾਰਿਆਂ ਦੇ ਮਨ ਵਿੱਚ ਇਹੋ ਡਰ ਸੀ ਕਿ ਪਾਠੀ ਆਪਣੀ ਦਲੇਰੀ ਵਿਖਾ ਗਿਆ, ਪੀਰ ਦੀ ਜਗ੍ਹਾ ਪੁੱਟ ਦਿੱਤੀ ਪਰ ਹੁਣ ਲੋਕਾਂ ਦੀ ਖੈਰ ਨਹੀਂ। ਦੁਬਾਰਾ ਜਗ੍ਹਾ ਬਣਾਈ ਗਈ।
ਇਹ ਡਰ ਬਲਜੀਤ ਕੌਰ ਨੂੰ ਵੀ ਪ੍ਰੇਸ਼ਾਨ ਕਰ ਰਿਹਾ ਸੀ। ਜਿਹੜਾ ਓਪਰੀ ਕਸਰ ਵਿੱਚ ਬਦਲ ਗਿਆ। ਗਿਆਨੀ, ਪੀਰ ਅਤੇ ਤੀਸਰੀ ਔਰਤ ਤਿੰਨ ਚੀਜਾਂ ਉਸ ਦਾ ਸਰੀਰ ਮੱਲ ਕੇ ਬੈਠ ਗਈਆਂ। ਇਹੋ ਜਿਹੇ ਕਸਰ-ਮਸਰ ਵਾਲੇ ਨੂੰ ਕਿਸੇ ਡਾਕਟਰ ਕੋਲ ਵਿਖਾਇਆ ਜਾਵੇ। ਇਹ ਗੱਲ ਪਿੰਡ ਦੇ ਕਿਸੇ ਘਰ ਦੀ ਦੇਹਲੀ 'ਤੇ ਨਹੀਂ ਸੀ ਲਿਖੀ ਹੋਈ। ਸਗੋਂ ਓਪਰੀਆਂ ਕਸਰਾਂ ਦੇ ਇਲਾਜ 'ਕਰਨੀ' ਵਾਲੇ ਸਾਧ ਕਰਦੇ ਹਨ। ਇਸੇ ਕਰਕੇ ਅੱਜ ਬਲਜੀਤ ਕੌਰ ਦਾ ਇਲਾਜ ਕਰਨ ਲਈ ਇੱਕ ਸਿਆਣਾ ਬੁਲਾਇਆ ਗਿਆ। ਦੋ ਦਿਨ ਓਪਰੀਆਂ ਚੀਜਾਂ ਨੂੰ ਕਾਬੂ ਕਰਦਾ ਰਿਹਾ ਪਰ ਤੀਸਰੇ ਦਿਨ ਹੱਥ ਖੜੇ ਕਰਕੇ ਭੱਜ ਗਿਆ।
ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ
ਲੋਕਾਂ ਦੇ ਕਹਿਣ 'ਤੇ ਧੌਲੀ ਧਾਰ ਹੇਠਾਂ ਵੀ ਇਸਨਾਨ ਕਰਵਾਇਆ ਗਿਆ। ਪੂਰੇ ਛੇ ਮਹੀਨੇ ਜਾਂਦੇ ਰਹੇ ਪਰ ਓਪਰੀਆਂ ਚੀਜਾਂ ਨੇ ਟਸ ਤੋਂ ਮਸ ਨਾ ਕੀਤੀ। ਇਸ ਹਾਲਤ ਵਿੱਚ ਧੰਨਾ ਸਿੰਘ ਨਾਲ ਸਾਰਾ ਗੁਆਂਢ ਖੜਾ ਸੀ। ਜਿੱਥੇ-ਜਿੱਥੇ ਕਿਸੇ ਦੀ ਪਹੁੰਚ ਸੀ। ਸਾਰਿਆਂ ਨੇ ਕਰਨੀ ਧਰਨੀ ਵਾਲੇ ਬਾਬਿਆਂ ਬਾਰੇ ਦੱਸ ਪਾਈ। ਪਹਿਲਾਂ ਘਰ ਆਇਆ ਸਿਆਣਾ ਧੰਨਾ ਸਿੰਘ ਨੂੰ ਕਹਿ ਕੇ ਗਿਆ ਸੀ ਕਿ ਸਾਰੇ ਪੁਆੜੇ ਦੀ ਜੜ੍ਹ ਇਹ ਭੁੱਸਰਿਆ ਹੋਇਆ ਪੀਰ ਆ। ਇਸ ਨੂੰ ਕਾਬੂ ਕਰਨ ਵਾਲਾ ਮਾਂ ਦਾ ਪੁੱਤ ਪੰਜਾਬ ਵਿੱਚ ਕੋਈ ਨੀਂ ਜੰਮਿਆ। ਯੂ.ਪੀ. ਦਾ ਕੋਈ ਮੁਸਲਮਾਨ ਇਸ ਨੂੰ ਕਾਬੂ ਕਰ ਸਕਦਾ ਹੈ। ਜਿਹੜਾ ਗੁਰੂ ਦਾ ਪੂਰਾ ਚੰਡਿਆ ਹੋਵੇ। ਸਾਧ-ਸਿਆਣਿਆਂ ਮਗਰ ਫਿਰਨ ਕਰਕੇ ਧੰਨਾ ਸਿੰਘ ਕੰਗਾਲ ਹੁੰਦਾ ਜਾ ਰਿਹਾ ਸੀ। ਦਿਹਾੜੀ ਕਰੇ ਤਾਂ ਸਿਆਣੇ ਕੋਲ ਕੌਣ ਜਾਵੇ। ਜਿੰਨੇ ਦਿਨ ਸਿਆਣਾ ਇਲਾਜ ਕਰਦਾ, ਉਨੇ ਦਿਨ ਧੰਨਾ ਸਿੰਘ ਨੂੰ ਸਿਆਣੇ ਕੋਲ ਬੈਠਣਾ ਪੈਂਦਾ।
ਯੂ.ਪੀ. ਤੋਂ ਆਇਆ ਸਿਆਣਾ ਬਲਜੀਤ ਕੌਰ ਉਪਰ ਆਪਣੀਆਂ ਕਲਾਮਾਂ ਪੜ੍ਹਨ ਲੱਗਾ। ਉਹ ਬਾਸੀਆਂ ਲੈਣ ਲੱਗ ਪਈ। ਸਿਆਣੇ ਵੱਲ ਅੱਖ ਮਾਰਦੀ ਹੋਈ ਕਹਿਣ ਲੱਗੀ ਬੂਬਨਿਆਂ ਬਥੇਰੇ ਆ ਗਏ ਤੇਰੇ ਵਰਗੇ, ਮੈਂ ਗਿਆਨੀ ਆਂ ਗਿਆਨੀ, ਮੈਨੂੰ ਨੀਂ ਲਿਜਾ ਸਕਦਾ ਕੋਈ ਪੀਰਾਂ-ਫਕੀਰਾਂ ਨੂੰ ਵਸ 'ਚ ਨੀ ਕਰਿਆ ਜਾਣਦਾ। ਕਿੰਨੀਆਂ ਕੁ ਲੈ ਕੇ ਜਾਂਵੇਗਾ। ਤਿੰਨ ਦਾ ਪਤਾ ਬਾਕੀ ਦੀ ਫੌਜ ਪੰਜ ਹੋਰ ਨੇ।'' ਪੂਰੇ ਸੱਤ ਦਿਨ ਯੂ.ਪੀ. ਤੋਂ ਆਏ ਸਿਆਣੇ ਨੂੰ ਬਲਜੀਤ ਕੌਰ ਦੀਆਂ ਓਪਰੀਆਂ ਚੀਜਾਂ ਨੇ ਗਧੀ-ਗੇੜ ਪਾਈ ਰੱਖਿਆ। ਸਿਆਣੇ ਨੇ ਧੰਨਾ ਸਿੰਘ ਤੋਂ ਕਦੇ ਸਿਗਰੇਟਾਂ ਮੰਗਵਾ ਲਈਆਂ, ਕਦੇ ਮੁਰਗਾ, ਕਦੇ ਸ਼ਰਾਬ।
50 ਹਜ਼ਾਰ ਦੇ ਕਰਜ਼ੇ ਥੱਲੇ ਆਏ ਧੰਨਾ ਸਿੰਘ ਦਾ ਯੂ.ਪੀ. ਤੋਂ ਆਇਆ ਬਾਬਾ ਵੀ ਕੁਝ ਨਾ ਸੰਵਾਰ ਸਕਿਆ ਤਾਂ ਦਵਾਈ ਬੂਟੀ ਵਾਲੇ ਪਾਸੇ ਆ ਗਏ। ਪਿੰਡ ਦੇ ਇੱਕ ਫੌਜੀ ਨੇ ਦੱਸਿਆ ਕਿ ਦਿਮਾਗ ਵਿੱਚ ਕੋਈ ਨੁਕਸ ਵੀ ਹੋ ਸਕਦੈ। ਉਸ ਦੇ ਕਹਿਣ 'ਤੇ ਇੱਕ ਦੇਸੀ ਵੈਦ ਕੋਲੋਂ ਦਵਾਈ ਸ਼ੁਰੂ ਕੀਤੀ ਗਈ। ਜਿਹੜਾ ਨਾਲੋ-ਨਾਲ ਸਿਆਣਪ ਵੀ ਕਰਦਾ ਸੀ। ਕਈ ਔਰਤਾਂ ਨੇ ਬਲਜੀਤ ਕੌਰ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਸੀ ਕਿ ਭੈਣ ਬਲਜੀਤ ਕੁਰੇ ਦਵਾਈ ਦੱਪਿਆਂ ਵਾਲੀ ਬੀਮਾਰੀ ਨੀ ਹੈਗੀ, ਕਦੇ ਪੀਰ-ਫਕੀਰ ਤੇ ਓਪਰੀ ਹਵਾ ਦਵਾਈ ਨਾਲ ਠੀਕ ਹੋਏ ਨੇ। ਕਿਸੇ ਪਹੁੰਚੇ ਹੋਏ ਸਿਆਣੇ ਨੂੰ ਬੁਲਾ ਕੇ ਸਾਰੇ ਘਰ ਦਾ ਇਲਾਜ ਕਰਵਾ ਲਵੋ।
ਨਹੀਂ ਤਾਂ ਇਹੋ ਜਿਹੀਆਂ ਚੀਜਾਂ ਕਈ ਪੀੜ੍ਹੀਆਂ ਤੱਕ ਖਹਿੜਾ ਨੀ ਛੱਡਦੀਆਂ ਪਰ ਬਲਜੀਤ ਕੁਰ ਸਿਆਣਿਆਂ ਨੂੰ ਆਪਣਾ ਸਾਰਾ ਖਵਾ ਕੇ ਅੱਕ ਚੁੱਕੀ ਸੀ। ਪੰਜਾਬ ਦੀ ਹੱਦ ਇਸ ਪਿੰਡ ਨਾਲ ਲੱਗਣ ਕਰਕੇ ਤਰਕਸੀਲ ਸੁਸਾਇਟੀ ਬਾਰੇ ਵੀ ਕੁਝ ਲੋਕ ਜਾਣਦੇ ਸਨ। ਜਿਸ ਕਰਕੇ ਧੰਨਾ ਸਿੰਘ ਨੇ ਥੱਕ-ਹਾਰ ਕੇ ਤਰਕਸੀਲ ਇਕਾਈ ਨਾਲ ਸੰਪਰਕ ਕੀਤਾ ਤੇ ਆਪਣੀ ਸਾਰੀ ਕਹਾਣੀ ਦੱਸੀ। ਤਰਕਸੀਲ ਆਗੂਆਂ ਨੇ ਬਲਜੀਤ ਕੌਰ ਨੂੰ ਸੰਮੋਹਕ ਨੀਂਦ 'ਚ ਲਿਆ ਕੇ ਅਚੇਤ ਮਨ ਵਿੱਚ ਬੈਠੇ ਡਰ ਨੂੰ ਕੱਢ ਦਿੱਤਾ ਅਤੇ ਉਹ ਠੀਕ ਹੋ ਗਈ। ਮਨੋਰੋਗੀ ਹੋਈ ਬਲਜੀਤ ਕੌਰ ਨੂੰ ਠੀਕ ਹੋਣ ਲਈ ਫਿਰ ਵੀ ਇੱਕ ਮਹੀਨਾ ਲੱਗ ਗਿਆ ਸੀ।
ਬਲਜੀਤ ਕੌਰ ਦਾ ਗੁਰਦੁਆਰੇ ਆਉਣ-ਜਾਣ ਹੋਣ ਕਰਕੇ ਗ੍ਰੰਥੀ ਦੇ ਪਰਿਵਾਰ ਨਾਲ ਆਪਣਿਆਂ ਤੋਂ ਵੱਧ ਪਿਆਰ ਅਤੇ ਪੀਰ ਵਿੱਚ ਡੂੰਘੀ ਸ਼ਰਧਾ ਸੀ। ਜਿਸ ਕਰਕੇ ਇਨ੍ਹਾਂ ਦੋਹਾਂ ਘਟਨਾਵਾਂ ਨੇ ਬਲਜੀਤ ਕੌਰ ਨੂੰ ਮਨੋਰੋਗੀ ਬਣਾ ਦਿੱਤਾ। ਸਾਧ-ਸਿਆਣੇ ਓਪਰੀਆਂ ਕਸਰਾਂ ਦੇ ਨਾ 'ਤੇ ਲੁੱਟਦੇ ਰਹੇ।
ਬ੍ਰਿਸ ਭਾਨ ਬੁਜਰਕ ਕਾਹਨਗੜ੍ਹ
ਰੋਡ ਪਾਤੜਾਂ ਜ਼ਿਲਾ ਪਟਿਆਲਾ
9876101698