ਕਹਾਣੀਨਾਮਾ : ਮਿੱਟੀ ਦੀ ਜਾਤ (ਮਿੰਨੀ ਕਹਾਣੀ)
Saturday, May 08, 2021 - 04:16 PM (IST)
ਬਾਬਾ ਗੇਬਾ ਗੁਰਦੁਆਰਾ ਸੰਗਤਸਰ ’ਚ ਪਿਛਲੇ 30 ਵਰ੍ਹਿਆਂ ਤੋਂ ਗਾਜੀ ਦੀ ਸੇਵਾ ਨਿਭਾ ਰਿਹਾ ਸੀ। ਉਹ ਪਿੰਡ ਮੱਲਕਿਆਂ ਦੇ ਇੱਕ ਗਰੀਬ ਪਰਿਵਾਰ ਦਾ ਸੀ ਅਤੇ ਉਸ ਦੇ ਮਾਂ-ਬਾਪ ਦੀ ਬਚਪਨ ਵਿੱਚ ਹੀ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਉਦੋਂ ਉਸ ਨੂੰ ਪਾਲਣ ਵਾਲਾ ਕੋਈ ਦਾਦਾ-ਦਾਦੀ, ਚਾਚਾ-ਚਾਚੀ ਵੀ ਨਹੀਂ ਸੀ। ਇਸ ਕਰਕੇ ਪਿੰਡ ਦਾ ਇੱਕ ਗਿਆਨੀ ਸਾਧੂ ਸਿੰਘ ਉਸ ਨੂੰ ਆਪਣੇ ਨਾਲ ਗੁਰਦੁਆਰਾ ਸੰਗਤਸਰ ਵਿੱਚ ਲੈ ਗਿਆ ਸੀ, ਉਦੋਂ ਉਸ ਦੀ ਉਮਰ ਮਸਾਂ 5 ਕੁ ਵਰ੍ਹਿਆਂ ਦੀ ਸੀ। ਬਾਬਾ ਸਾਧੂ ਸਿੰਘ ਆਪ ਵੀ ਇਕੱਲਾ ਹੀ ਸੀ। ਉਸ ਦਾ ਕੋਈ ਪਰਿਵਾਰ ਨਹੀਂ ਸੀ । ਉਸ ਨੇ ਗੇਬੇ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਅਤੇ ਗੁਰਮੁਖੀ ਪੜ੍ਹਨੀ ਸਿਖਾਈ । ਹੁਣ ਗੇਬਾ ਭਰ ਜੋਬਨ ਵਿੱਚ ਸੀ ਅਤੇ ਗੁਰੂ ਦਾ ਸੱਚਾ ਸਿੱਖ ਬਣ ਕੇ ਗੁਰਬਾਣੀ ਨਿੱਤਨੇਮ ਅਨੁਸਾਰ ਪੜ੍ਹਦਾ ਅਤੇ ਸਵੇਰੇ-ਸ਼ਾਮ ਨੇੜੇ-ਨੇੜੇ ਦੇ ਪਿੰਡਾਂ ਤੋਂ ਗਜਾ ਕਰ ਕੇ ਲਿਆਉਂਦਾ। ਨੇੜਲੇ ਪਿੰਡਾਂ ਦੇ ਸਾਰੇ ਲੋਕ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਨ ਲੱਗ ਪਏ ਸਨ।
ਉਸ ਦਾ ਧਰਮ ਦਾ ਪਿਤਾ ਸਾਧੂ ਸਿੰਘ ਤਾਂ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਸੀ ਅਤੇ ਗੇਬਾ ਉਸ ਦੇ ਦਰਸਾਏ ਰਾਹ ਉੱਤੇ ਚਲਦਾ ਆ ਰਿਹਾ ਸੀ। ਇੱਕ ਦਿਨ ਉਹ ਪੰਜਗਰਾਈਂ ਦੇ ਪੁਲ ਕੋਲੋਂ ਗਜਾ ਕਰ ਕੇ ਗਿਆਰਾਂ ਕੁ ਵਜੇ ਦੇ ਕਰੀਬ ਵਾਪਸ ਮੁੜ ਰਿਹਾ ਸੀ। ਉਹ ਪੁਲ ਕੋਲ ਬਣੇ ਸੈੱਡ ਵਿੱਚ ਰੋਜ਼ਾਨਾ ਦੀ ਤਰ੍ਹਾਂ ਇੱਕ ਮੰਦਬੁੱਧੀ ਲੜਕਾ, ਜਿਹੜਾ ਕਈ ਵਰ੍ਹਿਆਂ ਤੋਂ ਉੱਥੇ ਰਹਿ ਰਿਹਾ ਸੀ, ਨੂੰ ਰੋਟੀ ਖੁਆਉਣ ਲਈ ਵੜਿਆ ਤਾਂ ਉਸ ਨੇ ਦੇਖਿਆ ਕਿ ਉਸਦੀਆਂ ਅੱਖਾਂ ਚੜ੍ਹੀਆਂ ਹੋਈਆਂ, ਹੱਥ-ਪੈਰ ਨੀਲੇ ਪਏ ਹੋਏ ਸਨ । ਸਰੀਰ ’ਚ ਕੋਈ ਸਾਹ ਬਾਕੀ ਨਹੀਂ ਬਚਿਆ ਸੀ ।ਉਸ ਨੇ ਮੂੰਹ ਵਿੱਚ ਕਿਹਾ, ‘‘ਵਾਹਿਗੁਰੂ ਭਲਾ ਕਰੀਂ। ਉਸਦੀਆਂ ਅੱਖਾਂ ਆਪਣੇ ਹੱਥਾਂ ਦੀ ਛੋਹ ਨਾਲ ਬੰਦ ਕਰ ਦਿੱਤੀਆ । ਉਹ ਉਸ ਨੂੰ ਹਰ ਰੋਜ਼ ਰੋਟੀ ਖੁਆ ਕੇ ਜਾਂਦਾ ਸੀ ਅਤੇ ਲੋੜੀਂਦੇ ਕੱਪੜੇ ਵੀ ਦੇ ਕੇ ਜਾਂਦਾ ਸੀ। ਸ਼ਾਇਦ ਲਾਵਾਰਿਸ ਹੋਣ ਦਾ ਦਰਦ ਸਭ ਤੋਂ ਵੱਧ ਉਸ ਨੇ ਹੰਢਾਇਆ ਸੀ। ਉਸ ਨੇ ਪੁਲ ਦੇ ਕੋਲ ਬੋਹੜ ਹੇਠ ਲੱਗੇ ਤਖਤਪੋਸ਼ ਉੱਤੇ ਬੈਠੇ ਕੁਝ ਜੱਟਾਂ , ਮਜ਼੍ਹਬੀਆਂ ਅਤੇ ਕਈ ਹੋਰ ਜਾਤਾਂ ਦੇ ਬੈਠੇ ਬੰਦੇ, ਜਿਹੜੇ ਤਾਸ਼ ਖੇਡ ਰਹੇ ਸਨ, ਉਨ੍ਹਾਂ ਵਿੱਚੋਂ ਦੋ ਬੰਦਿਆਂ ਦੇ ਨਾਂ ਲੈ ਕੇ ਆਵਾਜ਼ ਮਾਰੀ , ‘‘ਬਾਈ ਜੈਲਿਆ, ਬਾਈ ਸ਼ਿੰਦਿਆ, ਆਈ ਕੇਰਾਂ ਯਾਰ ! ਆਹ ਗੁਰੂ ਦਾ ਪਿਆਰਾ ਤਾਂ ਵਾਹਿਗੁਰੂ ਨੂੰ ਪਿਆਰਾ ਹੋ ਗਿਆ ਏ, ਉਨ੍ਹਾਂ ਨੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਆਪਣੀ ਬਾਜ਼ੀ ਵਿੱਚ ਰੁੱਝੇ ਰਹੇ।
ਉਹ ਹੁਣ ਉਨ੍ਹਾਂ ਦੇ ਕੋਲ ਜਾ ਕੇ ਕਹਿਣ ਲੱਗਾ ਓਏ ਭਰਾਵੋ ! ਆਓ ਯਾਰ ਆਪਾਂ ਉਹਦੀ ਮਿੱਟੀ ਨੂੰ ਬਿਲੇ ਲਾ ਦੇਈਏ, ਆਹ ਨਹਿਰ ਕੋਲ ਬਣੇ ਜੱਟਾਂ ਜਾਂ ਮਜ਼੍ਹਬੀਆਂ ਦੇ ਸ਼ਮਸ਼ਾਨਘਾਟ ਵਿੱਚੋਂ ਕਿਸੇ ਇੱਕ ਵਿੱਚ ਇਸ ਦਾ ਸਸਕਾਰ ਕਰ ਦਿੰਦੇ ਹਾਂ। ਹੁਣ ਸਾਰੇ ਆਪਣੇ ਤਾਸ਼ ਦੇ ਪੱਤੇ ਸੁੱਟੇ ਕੇ ਉਸ ਵੱਲ ਭੂਸਰੇ ਸਾਨ੍ਹ ਵਾਂਗ ਝਾਕਣ ਲੱਗੇ ਅਤੇ ਕਹਿਣ ਲੱਗੇ, ਇਹ ਓਏ ! ਅਸੀਂ ਇਹਦਾ ਸਸਕਾਰ ਕਿਉਂ ਕਰਨ ਦੇਈਏ ਆਪਣੇ ਸਿਵਿਆਂ ’ਚ, ਤੈਨੂੰ ਇਹਦੀ ਕੋਈ ਜਾਤ ਕੁਜਾਤ ਦਾ ਪਤੈ ਐ, ਅਖੇ ਇਹਦੀ ਮਿੱਟੀ ਬਿਲੇ ਲਾ ਦੇਈਏ। ਗੇਬੇ ਨੇ ਕਿਹਾ, ‘‘ਓਏ ਭਲਿਓ ਮਿੱਟੀ ਦੀ ਕੋਈ ਜਾਤ ਨਹੀਂ ਹੁੰਦੀ, ਪ੍ਰਮਾਤਮਾ ਨੇ ਸਾਨੂੰ ਇਨਸਾਨ ਬਣਾ ਕੇ ਭੇਜਿਆ ਹੈ, ਇਹ ਜਾਤਾਂ ਕੁਜਾਤਾਂ ਬੰਦੇ ਦੀਆਂ ਬਣਾਈਆਂ ਨੇ, ਕਿਉਂ ਏਨੇ ਨਿਰਦਈ ਬਣਦੇ ਹੋ, ਕੋਈ ਕੁੱਤਾ-ਬਿੱਲਾ ਉਹਦੀ ਦੇਹ ਖਰਾਬ ਕਰ ਦੇਵੇਗਾ, ਰੱਬ ਦਾ ਵਾਸਤਾ ਆਓ ਆਪਾਂ ਰਲ ਕੇ ਉਹਦਾ ਸਸਕਾਰ ਕਰ ਦੇਈਏ। ਹੁਣ ਜੈਲਾ ਉਹਨੂੰ ਭੱਜ ਕੇ ਪੈ ਗਿਆ, ਓਏ ਤੈਨੂੰ ਆਪਣੀ ਜਾਤ ਦਾ ਪਤਾ ਵੱਡਾ ਉਹਦਾ ਹੇਜੀ । ਗੇਬਾ ਬਾਬਾ ਭਰੇ ਹੋਏ ਮਨ ਨਾਲ ਉਨ੍ਹਾਂ ਕੋਲੋਂ ਤੁਰ ਪਿਆ।
ਏਨੇ ਨੂੰ ਉਹਨੂੰ ਉੱਥੇ ਦੋ ਬੀਬੀਆਂ ਰੇਹੜੀ ਉੱਤੇ ਲੱਕੜਾਂ ਲੈਣ ਆਉਂਦਿਆਂ ਮਿਲ ਪਈਆਂ, ਉਹਨੇ ਸਾਰੀ ਵਿਥਿਆ ਦੱਸ ਕੇ ਉਨ੍ਹਾਂ ਤੋਂ ਰੇਹੜੀ ਮੰਗਵੀਂ ਲੈ ਕੇ ਉਸ ਰੱਬ ਦੇ ਭਗਤ ਦੀ ਲਾਸ਼ ਰੇਹੜੀ ਵਿੱਚ ਆਪਣਾ ਸਾਈਕਲ ਉਨ੍ਹਾਂ ਕੋਲ ਖੜ੍ਹਾ ਕਰ ਕੇ ਗੁਰਦੁਆਰੇ ਜਾ ਕੇ ਉਸ ਦਾ ਸੰਸਕਾਰ ਕਰਨ ਲਈ ਲੈ ਗਿਆ।ਉਹ ਰੇਹੜੀ ਚਲਾਉਂਦਾ ਸੋਚ ਰਿਹਾ ਸੀ ਕਿ ਉਹ ਨਾਨਕ ਬੇਆਸਰਿਆਂ ਦਾ ਆਸਰਾ ਹੈ । ਹਰੇਕ ਮਨੁੱਖ ਉਸ ਦੀ ਸੰਤਾਨ ਹੈ, ਰੱਬਾ ਇਨ੍ਹਾ ਜਾਤਾਂ ਧਰਮਾਂ ਵਾਲਿਆਂ ਨੂੰ ਸੁਮੱਤ ਬਖਸ਼ ਕਿ ਮਾਨਸ ਤੋਂ ਵੱਡੀ ਜਾਤ ਅਤੇ ਧਰਮ ਕੀ ਹੋ ਸਕਦਾ ਹੈ।
ਸਤਨਾਮ ਸਮਾਲਸਰੀਆ
97108-60004