ਕਹਾਣੀਨਾਮਾ: ਆਪਣਿਆਂ ਦੇ ਹੰਝੂ
Friday, May 07, 2021 - 02:26 PM (IST)
''ਅੱਜ ਤਾਂ ਬੇਬੇ ਬਾਹਲੀ ਤੋੜਾ ਖੋਹੀ ਜੀ ਕਰੀ ਜਾਂਦੀ ਐ ” ਮਾਂ ਨੇ ਕੰਮ ਤੋਂ ਘਰ ਆਏ ਬਾਪੂ ਨੂੰ ਪਾਣੀ ਦਾ ਕੱਪ ਫੜਾਉਂਦੇ ਹੋਏ ਕਿਹਾ , ਬਾਪੂ ਨੇ ਕੰਡ ਵਾਲਾ ਮੂਕਾ ਸਿਰ ਤੋਂ ਲਹੁਦਿਆਂ ਕਿਹਾ , ਮੈਨੂੰ ਤਾਂ ਆਪ ਰਾਤ ਸੁਫ਼ਨੇ ਵਿੱਚ ਸੁੱਕੀਆਂ ਲੱਕੜਾਂ ਦਾ ਗੱਡਾ ਲੱਦਿਆ ਹੋਇਆ ਦਿਸਿਆ ਸੀ । ਅੱਜ ਵੀ ਸਾਰਾ ਦਿਨ ਕੰਮ ਤੇ ਮਨ ਕਾਹਲਾ ਪੈਂਦਾ ਰਿਹਾ ਵੀ ਹੁਣੇ ਹੀ ਘਰੇ ਵਗ ਜਾਂ ਪਰ ਆ ਪਾਪੀ ਪੇਟ ਚੰਦਰਾ ਕਿੱਥੇ ਬਹਿਣ ਦਿੰਦਾ ਘਰੇ ” ਚੱਲ ! ਗੱਗੂ ਦੇ ਬਾਪੂ ਆਪਾਂ ਪਤਾ ਲੈ ਆਈਏ ਬੰਦੇ ਦਾ ਕੋਈ ਭਰੋਸਾ ਹੁੰਦੈ , ਬਾਪੂ ਬਿਨ੍ਹਾਂ ਨਹਾਤਿਆਂ ਹੀ ਛੋਟੇ ਚਾਚੇ ਦੇ ਘਰ ਬੇਬੇ ਦਾ ਪਤਾ ਲੈਣ ਚਲਿਆ ਗਿਆ।”
ਬੇਬੇ ਦੇ ਮੂੰਹ ਵਿੱਚ ਚਾਚੀ ਚਮਚਿਆਂ ਨਾਲ ਪਾਣੀ ਪਾ ਰਹੀ ਸੀ। ਉਹਦੇ ਮੂੰਹ ਵਿੱਚੋਂ ਅੱਧਾ ਪਾਣੀ ਵਰਾਛਾਂ ਥਾਣੀ ਥੱਲ੍ਹੇ ਡੁੱਲ ਜਾਂਦਾ ਕਿਉਂਕਿ ਕੁਝ ਦਿਨ ਪਹਿਲਾਂ ਬੇਬੇ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀ ਜਿਸ ਕਰਕੇ ਉਹਦਾ ਇੱਕ ਪਾਸਾ ਸਾਰਾ ਹੀ ਖੜ੍ਹ ਗਿਆ ਸੀ। ਬਾਪੂ ਕਿੰਨਾ ਚਿਰ ਆਪਣੀ ਮਾਂ ਨੂੰ ਬੇਬੇ ਬੇਬੇ ਕਹਿ ਕੇ ਬਲਾਉਂਦਾ ਰਿਹਾ ਪਰ ਉਹਨੂੰ ਕੋਈ ਸੁਧ ਬੁੱਧ ਨਹੀਂ ਸੀ । ਉਹ ਕਈ ਦਿਨਾਂ ਦੀ ਐਨੀ ਤੰਗ ਸੀ ਕਿ ਉਹਦੀ ਹਾਲਤ ਦੇਖਕੇ ਹਰ ਕੋਈ ਆਖਦਾ, ਰੱਬਾ ਕਿਉਂ ਤਸੀਹੇ ਭਰਾਉਂਦਾ ਵਿਚਾਰੀ ਤੋਂ, ਜੇ ਲੈ ਕੇ ਜਾਣੀ ਆ ਤਾਂ ਇਉਂ ਹੀ ਲੈ ਜਾ।ਬਾਪੂ ਨੇ ਆਪਣੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਰਾਲਾਂ ਸਾਫ਼ ਕਰਦਿਆਂ ਕਿਹਾ , ਉਏ ਰੱਬਾ ! ਜੀਹਨੇ ਆਪਣੀ ਜ਼ਿੰਦਗੀ ਵਿੱਚ ਕੁੱਤੇ ਦੇ ਸੋਟੀ ਨੀ ਮਾਰੀ , ਉਹਨੂੰ ਐਨਾ ਕਸ਼ਟ ਕਿਉ ਦੇਈ ਜਾਨਾਂ ਪਤੰਦਰਾ,” ਬਾਪੂ ਦੇ ਇਨ੍ਹਾਂ ਬੋਲਾਂ ਨੇ ਕੋਲ ਬੈਠੇ ਸਾਰੇ ਜੀਆ ਜੰਤ ਨੂੰ ਹੁਬਕੀ ਹੁਬਕੀ ਰੁਆ ਦਿੱਤਾ ।
ਦੋ ਘੰਟੇ ਬੈਠੇ ਬੇਬੇ ਨੂੰ ਅਸੀਂ ਸਾਰੇ ਨੱਪਦੇ ਘੁੱਟਦੇ ਰਹੇ , ਫੇਰ ਮਾਂ ਅਤੇ ਬਾਪੂ ਘਰ ਚਲੇ ਗਏ ਪਰ ਜੀਅ ਘਰੇ ਆਉਣ ਨੂੰ ਨਾ ਕੀਤਾ । ਸਵੇਰ ਦੇ ਚਾਰ ਕੁ ਵਜੇ ਸਨ ਗੁਰਦੁਆਰੇ ਦੇ ਪਾਠੀ ਨੇ ਮੁੱਖ ਵਾਕ ਹੀ ਬੋਲਿਆ ਸੀ ਕਿ ਬੇਬੇ ਨੂੰ ਦੋ ਕੁ ਡੂੰਘੇ ਜਿਹੇ ਸਾਹ ਆਏ ਤੇ ਉਹਦਾ ਸਰੀਰ ਦਰਿਆ ਦੇ ਪਾਣੀ ਵਾਂਗ ਸ਼ਾਂਤ ਹੋ ਗਿਆ ਤੇ ਅੱਖਾਂ ਛੱਤਣੇ ਲੱਗ 'ਈਆਂ।ਸਾਰੇ ਘਰਾਂ ਨੂੰ ਪਤਾ ਲੱਗ ਗਿਆ ਕਿ ਬੇਬੇ ਪੂਰੀ ਹੋ ਗਈ ਐ। ਬੇਬੇ ਭਾਵੇਂ ਨੱਬੇ ਵਰ੍ਹਿਆਂ ਤੋਂ ਉੱਤੇ ਸੀ , ਸੁੱਖ ਨਾਲ ਪੋਤੇ ਪੜੋਤਿਆਂ ਵਾਲੀ ਸੀ ਪਰ ਘਰ ਦਾ ਜੀਅ ਤਾਂ ਅਕਸਰ ਘਰ ਦਾ ਜੀਅ ਹੀ ਹੁੰਦੈ। ਅਸੀਂ ਸਾਰੇ ਬਹੁਤ ਰੋਏ।ਸਾਰੇ ਸਾਕ ਸਕੀਰੀਆਂ 'ਚ ਫੋਨ ਲੱਗਣੇ ਸ਼ੁਰੂ ਹੋ ਗਏ ਅਤੇ ਘਰ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ। ਲੋਕ ਕਹਿਣ ਛੇਤੀ ਕਰੋ ਭਾਈ ਉਤੋਂ ਆਹ ਭਿਆਨਕ ਬਿਮਾਰੀ ਫੈਲੀ ਹੋਈ ਹੈ ,ਕਹਿੰਦੇ ਪੁਲਿਸ ਵਾਲੇ ਬਾਹਲਾ ਕੱਠ ਨੀ ਹੋਣ ਦਿੰਦੇ। ਦੋ ਕੁ ਘੰਟਿਆਂ ਵਿੱਚ ਬੇਬੇ ਨੂੰ ਨਵਾਉਣ ਦੀ ਤਿਆਰੀ ਹੋ ਗਈ , ਅਸੀਂ ਬੇਬੇ ਦਾ ਮੰਜਾ ਬੁੜੀਆਂ ਦੇ ਕੋਲ ਕਰ ਦਿੱਤਾ। ਏਨੇ ਨੂੰ ਇੱਕ ਦਿਲ ਨੂੰ ਵਿੰਨ੍ਹਦੀ ਹੋਈ ਅਵਾਜ਼ ਕੰਨਾਂ ਵਿੱਚ ਪਈ ਜਿਹਦੇ ਵੈਣਾਂ ਨੇ ਧੁਰ ਅੰਦਰ ਤੱਕ ਵਿੰਨ੍ਹ ਕੇ ਰੱਖ ਦਿੱਤਾ। ਹੌਲੀ ਹੌਲੀ ਇਹ ਨੇੜੇ ਆਉਂਦੀ ਜਾਂਦੀ ਸੀ । ਜਦ ਦੇਖਿਆ ਤਾਂ ਇਹ ਮੇਰੀ ਭੁਆ ਸੀ ਜਿਹੜੀ ਆਪਣੀ ਮਾਂ ਸਮੇਤ ਆਪਣੇ ਦੋ ਜਵਾਨ ਭਰਾਵਾਂ ਅਤੇ ਜਵਾਨ ਭਤੀਜੇ ਨੂੰ ਵੈਣ ਪਾ ਪਾ ਕੇ ਰੋ ਰਹੀ ਸੀ, ” ਨੀ ਤੂੰ ਆਪਣੇ ਪੁੱਤਾਂ ਦੇ ਵਿਛੋੜੇ ਦਾ ਗਮ ਅੰਦਰੇ ਅੰਦਰ ਲੈ ਕੇ ਤੁਰ ਗਈ ਨੀ ਅਮੜੀਏ ! ਨੀ ਮਾਂ ਤੂੰ ਮੈਨੂੰ ਘੜੀ ਪਲ 'ਡੀਕ ਲੈਂਦੀ ਨੀ ਮੇਰੀਏ ਅਮੜੀਏ।
ਖ਼ੂਨ ਦਾ ਰਿਸ਼ਤਾ ਬਹੁਤ ਅਜੀਬ ਕਿਸਮ ਦਾ ਹੁੰਦੈ ਹੈ ਇਹ ਆਵਦਿਆਂ ਦੇ ਹੰਝੂਆਂ ਨੂੰ ਸਹਾਰ ਨਹੀਂ ਸਕਦਾ। ਭੂਆ ਦੇ ਇਹ ਵੈਣ ਸੁਣ ਭਾਪੇ ਸਮੇਤ ਹੋਰ ਮੇਰੇ ਚਾਚੇ , ਚਾਚੀਆਂ ਤੇ ਅਸੀਂ ਭੁੱਬਾਂ ਮਾਰ ਮਾਰ ਰੋਣ ਲੱਗੇ , ਜਿਹੜੇ ਹੰਝੂ ਕੁਝ ਘੰਟੇ ਪਹਿਲਾਂ ਸ਼ਾਂਤ ਹੋ ਗਏ ਸਨ ਇੱਕ ਵਾਰ ਫੇਰ ਪਰਨਾਲਿਆਂ ਵਾਂਗ ਵਹਿਣ ਲੱਗੇ । ਭੂਆ ਆਪਣਾ ਆਪ ਖਪਾ ਕੇ ਬੇਬੇ ਨੂੰ ਨਹਾਉਣ ਲੱਗੀ। ਮੈਂ ਰੋਂਦੇ ਹੋਏ ਨੇ ਭੂਆ ਨੂੰ ਕਿਹਾ, ਭੁਆ ਮੈਨੂੰ ਬੇਬੇ 'ਤੇ ਪਾਣੀ ਪਾ ਲੈਣ ਦਿਉ , ਬੇਬੇ ਮੈਨੂੰ ਜਿਉਂਦੀ ਹੋਈ ਕਹਿੰਦੀ ਹੁੰਦੀ ਸੀ, ਜਦ ਮੈਂ ਮਰ ਗਈ ਤਾਂ ਸੱਤੇ ਮੈਨੂੰ ਤੂੰ ਨਹਾਈਂ ਪੁੱਤ। ਉਹਨੇ ਮੇਰੇ ਤੋਂ ਪਾਣੀ ਦੇ ਦੋ ਕੱਪ ਬੇਬੇ ਤੇ ਪੁਆ ਦਿੱਤੇ।ਜਦ ਸਾਰੇ ਕਿਰਿਆ ਕਰਮ ਤੋਂ ਬਾਅਦ ਬੇਬੇ ਨੂੰ ਸ਼ਮਸ਼ਾਨ ਘਾਟ ਵਿੱਚ ਲਿਜਾਇਆ ਗਿਆ ਤਾਂ ਮੇਰੀ ਤਾਈ ਆਪਣਾ ਆਪ ਖੋ ਬੈਠੀ। ਉਹਦੇ ਦਿਲ ਵਿੰਨ੍ਹਵੇ ਵੈਣ ਇੱਕ ਵਾਰ ਫਿਰ ਸੀਨਾ ਚੀਰ ਕੇ ਲੈ ਗਏ , ਬੇਬੇ ਦੇ ਦੋ ਪੁੱਤ ਅਤੇ ਇੱਕ ਪੋਤਾ ਅਤੇ ਪਤੀ ਮਰ ਚੁੱਕੇ ਸਨ। ਤਾਈ ਨੇ ਬੇਬੇ ਦਾ ਮੂੰਹ ਦੇਖਦਿਆਂ ਆਪਣੇ ਮਰ ਚੁੱਕੇ ਪਤੀ ਅਤੇ ਪੁੱਤ ਨੂੰ ਯਾਦ ਕੀਤਾ । ਉਹਦੇ ਵੈਣਾਂ ਦੇ ਬੋਲ ਅੰਬਰ ਪਾੜ ਪਾੜ ਕੰਨਾਂ ਵਿੱਚ ਗੂੰਜ ਰਹੇ ਸਨ , ਵੇ ਚੰਨ ਤੂੰ ਆਪਣੀ ਮਾਂ ਦਾ ਜਾਂਦੀ ਵਾਰ ਦਾ ਮੂੰਹ ਵੇਖ ਲੈਦਾਂ ਵੇ ਬਾਹਲੀਆਂ ਕਾਹਲੀਆਂ ਕਰਨ ਵਾਲਿਆਂ ਚੰਨਾਂ , ਵੇ ਤੂੰ ਦਾਦੀ ਮਰਦੀ ਦੇ ਮੂੰਹ ਪਾਣੀ ਪਾ ਦਿੰਦਾ ਵੇ ਦੇਸ਼ਾਂ ਦੇ ਰਾਜਿਆ ਪੁੱਤਾ , ਹਾਏ... ਸਾਡੇ ਘਰ ਦੇ ਸਾਰੇ ਮੈਂਬਰ ਇੱਕ ਵਾਰ ਫਿਰ ਤਾਈ ਦੇ ਇਨ੍ਹਾਂ ਡੂੰਘੇ ਵੈਣਾਂ ਨਾਲ ਭੁੱਬਾਂ ਮਾਰ ਮਾਰ ਰੋਣ ਲੱਗੇ , ਹੁੰਝੂ ਆਪਣੇ ਆਪ ਬੇਰੋਕ ਵਹਿੰਦੇ ਜਾ ਰਹੇ ਸਨ । ਬਥੇਰਾ ਮਨ ਨੂੰ ਬੰਨ੍ਹ ਕੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਰੋਣਾ ਪਰ ਮਨ ਫੇਰ ਉੱਛਲ ਉੱਛਲ ਪੈਂਦਾ। ਹੋਰ ਕਿੰਨੇ ਹੀ ਲੋਕ ਸ਼ਮਸ਼ਾਨ ਘਾਟ ਵਿੱਚ ਕੰਨ੍ਹਾਂ ਨੂੰ ਫੋਨ ਲਾਈ ਹੱਸ ਹੱਸ ਗੱਲਾਂ ਕਰ ਰਹੇ ਸਨ । ਤਾਈ ਆਪਣਾ ਆਪ ਖਪਾ ਕੇ ਉਠ ਬੈਠੀ ਤੇ ਬੇਬੇ ਨੂੰ ਚਿਖਾ ਵਿੱਚ ਪਾ ਕੇ ਲਾਂਬੂ ਲਾ ਦਿੱਤਾ ਅਤੇ ਪਹਿਲਾਂ ਕਈ ਵਾਰੀ ਵਾਂਗ ਅਸੀਂ ਆਪਣੇ ਪਰਿਵਾਰ ਦਾ ਜੀਅ ਤੋਰ ਕੇ ਘਰ ਵਾਪਸ ਮੁੜ ਆਏ।
ਸਤਨਾਮ ਸਮਾਲਸਰੀਆ
ਸੰਪਰਕ: 9914298580