ਕਹਾਣੀਨਾਮਾ ''ਚ ਪੜ੍ਹੋ ਅਜੋਕੇ ਸਮੇਂ ਨੂੰ ਬਿਆਨਦੀ ਕਹਾਣੀ ''ਦੂਰ ਗਏ ਪਰਛਾਵੇਂ''
Tuesday, Jan 03, 2023 - 06:27 PM (IST)

ਮੇਰਾ ਬਚਪਨ ਅਤੇ ਜਵਾਨੀ ਪਿੰਡ ਵਿੱਚ ਬੀਤੀ। ਪੜ੍ਹਾਈ ਵੀ ਸਾਰੀ ਪੇਂਡੂ ਖੇਤਰ ਦੀ ਈ ਐ।ਹਮ ਉਮਰ ਦੋਸਤਾਂ ਦਾ ਵੱਡਾ ਪਸਾਰਾ ਸੀ। ਹੌਲੀ-ਹੌਲੀ ਨਾਲ਼ ਪੜ੍ਹਦੇ ਮੁੰਡੇ-ਕੁੜੀਆਂ ਸੱਭੋ ਵਿਆਹੇ ਗਏ।ਕਈ ਰੁਜ਼ਗਾਰ ਦੀ ਭਾਲ਼ ਵਿੱਚ ਪਿੰਡ ਛੱਡ ਗਏ। ਮੈਂ ਵੀ ਚੰਡੀਗੜ੍ਹ ਸਰਕਾਰੀ ਅਫ਼ਸਰ ਹੋ ਗਿਆ। ਹਰ ਮਹੀਨੇ ਪਿੰਡ ਆਉਂਦਾ।ਫਿਰ ਦੋ ਤਿੰਨ ਮਹੀਨੇ, ਫਿਰ ਛੇ ਮਹੀਨੇ, ਬਾਅਦ ਹੀ ਕਿਧਰੇ ਗੇੜਾ ਲੱਗਦਾ। ਆਪਣੇ ਮਾਂ ਬਾਪ, ਛੋਟੇ ਭਾਈ ਅਤੇ ਉਹਦੇ ਬੱਚਿਆਂ ਨਾਲ ਸਮਾਂ ਬਿਤਾਉਂਦਾ। ਖ਼ੇਤਾਂ ਵੱਲ ਗੇੜਾ ਮਾਰਦਾ। ਸ਼ਰੀਕੇ 'ਚੋਂ ਚਾਚਿਆਂ, ਤਾਇਆਂ,ਭੈਣ ਭਰਾਵਾਂ ਨੂੰ ਮਿਲਦਾ। ਸ਼ਾਮ ਵੇਲੇ ਬਚਪਨ ਦੇ ਸਾਥੀਆਂ ਦੀ ਭਾਲ਼ 'ਚ ਨਿਕਲਦਾ ਤਾਂ ਇੱਕਾ ਦੁੱਕਾ ਮਿਲ਼ ਜਾਂਦੇ। ਪਿੰਡ ਦੀ ਗਰਾਊਂਡ, ਪ੍ਰਾਇਮਰੀ ਸਕੂਲ ਅਤੇ ਗੁਰਦੁਆਰਾ ਸਾਹਿਬ ਵਿਖੇ ਵੀ ਜਾਂਦਾ।ਕਈ ਭੁੱਲੇ ਵਿਸਰੇ ਪਾਤਰਾਂ ਨਾਲ ਮੇਲ ਮਿਲਾਪ ਹੁੰਦਾ।
ਮੇਰਿਆਂ ਵਾਂਗ ਭਰਾ ਦੇ ਬੱਚੇ ਵੀ ਕੈਨੇਡਾ ਚਲੇ ਗਏ ਤੇ ਬਜ਼ੁਰਗ ਅੱਗੇ ਕਬੀਲ ਦਾਰੀਆਂ ਦਾ ਪਸਾਰਾ ਵਧ ਗਿਆ। 'ਧੀ ਜੰਮੀ,ਭੈਣ ਵਿੱਸਰੀ, ਭੂਆ ਕੀਹਦੇ ਚਿੱਤ' ਦੇ ਅਖਾਣ ਮੁਤਾਬਕ ਪਿੰਡ ਦੀਆਂ ਫੇਰੀਆਂ ਦੀ ਗਿਣਤੀ ਵੀ ਘੱਟ ਗਈ।ਹੁਣ ਮੈਂ ਰੀਟਾਇਰਡ ਹੋ ਗਿਐਂ। ਲੰਬੇ ਅਰਸੇ ਬਾਅਦ ਪਿੰਡ ਗੇੜਾ ਲੱਗਾ। ਆਪਣੇ ਹਮ ਉਮਰਾਂ, ਬਚਪਨ ਦੇ ਦੋਸਤਾਂ ਦੀ ਭਾਲ਼ 'ਚ ਨਿਕਲਿਆ।ਕਈ ਰੱਬ ਨੂੰ ਪਿਆਰੇ ਹੋ ਗਏ,ਕਈ ਪ੍ਰਵਾਸ ਕਰ ਗਏ।ਅੱਜ ਪਿੰਡ ਵਿੱਚ ਗ਼ੈਰ ਪੰਜਾਬੀਆਂ ਅਤੇ ਗ਼ੈਰ ਮਰੂਸੀਆਂ ਦੀ ਭਰਮਾਰ ਹੋਣ ਦੇ ਬਾਵਜੂਦ ਵੀ ਪਿੰਡ ਉੱਜੜਿਆ ਪੁੱਜੜਿਆ-ਖ਼ਾਲੀ-ਖ਼ਾਲੀ ਲੱਗਿਆ। ਜਿਵੇਂ ਮੈਂ ਮੇਲੇ ਵਿੱਚ ਗੁਆਚਿਆ ਬਾਲ ਹੋਵਾਂ ਜਾਂ ਸਮੁੰਦਰ ਵਿੱਚ ਰਹਿ ਕੇ ਵੀ ਪਿਆਸਾ ।ਕਿਉਂ ਜੋ ਕੋਈ ਹਮ ਉਮਰ ਜਾਂ ਬਚਪਨ ਦਾ ਸਾਥੀ ਨਾ ਮਿਲਿਆ।ਸੋਚਿਆ ਉਨ੍ਹਾਂ ਦੇ ਘਰ ਜਾ ਕੇ ਬਜ਼ੁਰਗਾਂ ਨੂੰ ਹੀ ਮਿਲਦਾ ਜਾਵਾਂ ਪਰ ਉਹ ਵੀ ਹੁਣ 'ਗਾਂਹ ਚਲੇ ਗਏ।
ਬਚਪਨ ਦਾ ਮਿੱਤਰ ਬੁੱਲ੍ਹਾ ਝਾਊਂ ਜੋ ਬਹੁਤਾ ਰੌਣਕੀ ਸੀ, ਵੀ ਐਤਕਾਂ ਨਾ ਮਿਲਿਆ। ਪੁਰਾਣੀਆਂ ਤੰਗ ਗਲੀਆਂ ਜਿਨ੍ਹਾਂ 'ਚ ਕਦੇ ਖ਼ੂਬ ਰੌਣਕ ਸਜਦੀ ਸੀ, ਉਸ ਰੌਣਕ ਦੇ ਪ੍ਰਵਾਸ ਕਰ ਜਾਣ ਉਪਰੰਤ ਉਥੇ ਹੁਣ ਭਈਆਂ ਦੀ ਭਰਮਾਰ ਹੈ। ਨਿਰਾਸ਼ਾ 'ਚ ਘਰ ਵਾਪਸ ਮੁੜਿਆ ਤਾਂ ਰਸਤੇ ਵਿੱਚ ਪ੍ਰਾਇਮਰੀ ਸਕੂਲ ਦੀ ਮੇਰੀ ਹਮ ਜਮਾਤਣ ਗੱਡੇ ਵਾਲਿਆਂ ਦੀ ਨਿੰਮੋ ਮਿਲ ਗਈ ਜੋ ਕਿ ਪੇਕਿਆਂ ਤਾਈਂ ਮਿਲ ਕੇ ਵਾਪਸ ਬੱਸ ਅੱਡੇ ਜਾਂਦੀ ਪਈ ਸੀ। ਅਸੀਂ ਇਕ ਦੂਜੇ ਨੂੰ ਪਛਾਣਦਿਆਂ-ਝਿਜਕਦਿਆਂ ਬੁਲਾ ਹੀ ਲਿਆ। "ਪਿੰਡ ਤਾਂ ਹੁਣ ਖਾਣ ਨੂੰ ਹੀ ਆਉਂਦੈ,ਜੱਸੇ ਭਾਅ ਜੀ। ਮੈਂ ਤੇ ਤਰਸ ਗਈ ਕਿ ਕੋਈ ਜਾਣ ਪਛਾਣ ਵਾਲਾ ਮਿਲੇ," ਕਹਿੰਦਿਆਂ ਉਹ ਗੱਲੀਂ ਆਣ ਲੱਗੀ। ਮੈਂ ਵੀ ਬੱਸ ਅੱਡੇ ਵੱਲ ਉਸ ਦੇ ਨਾਲ ਹੀ ਹੋ ਤੁਰਿਆ। ਉਰਲੀਆਂ- ਪਰਲੀਆਂ,ਕੁੱਝ ਕਬੀਲਦਾਰੀ ਦੀਆਂ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ।-ਤੇ ਬੱਸ ਆ ਗਈ। "ਚੰਗਾ ਭਾਜੀ", ਕਹਿੰਦਿਆਂ ਉਹ ਬੱਸ ਜਾਂ ਚੜ੍ਹੀ।ਬੱਸ ਧੂੜ ਉਡਾਉਂਦੀ ਅੱਗੇ ਨਿਕਲ ਗਈ।ਉਥੋਂ ਖੜ੍ਹੋ ਕੇ ਮੈਂ ਪਿੰਡ ਨੂੰ ਉਦਾਸੀ ਭਰੀਆਂ ਨਜ਼ਰਾਂ ਨਾਲ ਨਿਹਾਰਿਆ।ਕਿਉਂ ਜੋ ਹੁਣ ਤੇ ਨਵੀਂ ਪੀੜ੍ਹੀ ਨੂੰ ਸਾਡੀ ਕੋਈ ਪਛਾਣ ਨਹੀਂ। ਸਾਡੇ ਹਾਣੀ ਪ੍ਰਾਣੀ ਹੁਣ ਨਾ ਰਹੇ- ਮੇਰੇ ਬੁੱਲ੍ਹਾਂ 'ਤੇ ਆਪ ਮੁਹਾਰੇ ਹੀ ਇਹ ਸ਼ਬਦ ਆ ਗਏ-
'ਉਠ ਦਰਦੀ ਚੱਲ ਘਰ ਨੂੰ ਚੱਲੀਏ,ਪੈ ਗਈਆਂ ਤਰਕਾਲਾਂ।
ਆਲ੍ਹਣਿਆਂ ਨੂੰ ਉੱਡ ਗਏ ਪੰਛੀ ਦੂਰ ਗਏ ਪਰਛਾਵੇਂ।'
ਸਤਵੀਰ ਸਿੰਘ ਚਾਨੀਆਂ