ਨਰਮੇ ਉਪਰ ਮਿਲੀ ਬੱਗ ਦੇ ਹਮਲੇ ਸੰਬੰਧੀ ਸੁਚੇਤ ਰਹਿਣ ਕਿਸਾਨ-ਪੀ.ਏ.ਯੂ. ਮਾਹਿਰ

Monday, Sep 10, 2018 - 12:08 PM (IST)

ਪੀ.ਏ.ਯੂ. ਦੇ ਮਾਹਿਰਾਂ ਨੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਫਸਲ ਉਪਰ ਮੀਲੀ ਬੱਗ ਦੇ ਹਮਲੇ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੇ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ।  ਖੇਤਾਂ ਦੇ ਆਸ-ਪਾਸ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜ਼ਮੀਨ ਤੇ ਉਗੇ ਨਦੀਨ ਜਿਵੇਂ ਕਿ ਕਾਂਗਰਸ ਘਾਹ, ਕੰਘੀ ਬੂਟੀ, ਪੀਲੀ ਬੂਟੀ, ਧਤੂਰਾ, ਮਕੋਅ, ਇਟਸਿਟ, ਆਦਿ ਨਦੀਨਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ, ਜੇਕਰ ਫਸਲ ਦੇ ਕੁਝ ਬੂਟੇ ਮੀਲੀ ਬੱਗ ਦੁਆਰਾ ਪ੍ਰਭਾਵਿਤ ਨਜ਼ਰ ਆਉਂਦੇ ਹਨ ਤਾਂ ਇਹਨਾਂ ਬੂਟਿਆਂ ਨੂੰ ਪੁੱਟਣ ਤੋਂ ਬਾਅਦ ਪਾਣੀ ਦੇ ਖਾਲਿਆਂ ਵਿਚ ਸੁੱਟਣ ਦੀ ਥਾਂ ਖਾਲੀ ਥਾਂ ਦੇਖ ਕੇ ਦਬਾ ਦੇਣਾ ਚਾਹੀਦਾ ਹੈ । 

ਜੇਕਰ ਮੀਲੀ ਬੱਗ ਦਾ ਹਮਲਾ ਨਜ਼ਰ ਆਵੇ ਤਾਂ ਇਸਦੀ ਰੋਕਥਾਮ ਲਈ 500 ਮਿਲੀਲਿਟਰ ਅਪਲੋਡ/ਟ੍ਰਿਬਊਨ 25 ਐਸ ਸੀ (ਬੂਪਰੋਫੈਜ਼ਿਨ) ਜਾਂ 500 ਮਿਲੀਲਿਟਰ ਕਿਊਰਾਕਰਾਨ/ਕਰੀਨਾ/ਪ੍ਰੋਫੈਕਸ/ਸੈਲਰੋਨ 50 ਈ.ਸੀ. (ਪ੍ਰੋਫੈਨੋਫਾਸ) ਜਾਂ 800 ਮਿਲੀਲਿਟਰ ਏਕਾਲਕਸ/ਕੁਇਨਲਫਾਸ/ ਕੁਇਨਗਾਰਡ 25 ਈ.ਸੀ. (ਕੁਇਨਲਫਾਸ) ਨੂੰ 125-150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਦੀ ਲੋੜ ਹੈ । 
ਧਿਆਨ ਦੇਣ ਯੋਗ ਗੱਲ ਇਹ ਹੈ ਕਿ ਮੀਲੀ ਬੱਗ ਦੀ ਸੁਚੱਜੀ ਰੋਕਥਾਮ ਲਈ ਛਿੜਕਾਅ ਦਾ ਬੂਟੇ ਦੇ ਉਪਰ ਤੋਂ ਹੇਠਾਂ ਤਕ ਸਾਰੇ ਪੱਤਿਆਂ ਤੇ ਪਹੁੰਚਣਾ ਬਹੁਤ ਜ਼ਰੂਰੀ ਹੈ। ਇਸ ਸੰਬੰਧੀ ਕਿਸੇ ਵੀ ਕਿਸਮ ਦੀ ਹੋਰ ਜਾਣਕਾਰੀ ਲਈ ਡਾ. ਵਿਜੈ ਕੁਮਾਰ ਨਾਲ ਮੋਬਾਈਲ ਨੰ. 97794-51214 ਤੇ ਸੰਪਰਕ ਕੀਤਾ ਜਾ ਸਕਦਾ ਹੈ।


Related News