ਅੰਤਰਰਾਸ਼ਟਰੀ ਬਾਲੜੀ ਦਿਵਸ ’ਤੇ ਵਿਸ਼ੇਸ਼ : ‘ਬਾਲ ਵਿਆਹ ਇਸ ਸ਼ੋਸ਼ਣ ਦਾ ਸਭ ਤੋਂ ਘਟੀਆ ਰੂਪ’
Tuesday, Oct 11, 2022 - 04:10 PM (IST)

ਅੰਤਰਰਾਸ਼ਟਰੀ ਸੰਸਥਾ ਯੂਨੀਸੈਫ ਵਲੋਂ ਹਰ ਸਾਲ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ ਸਾਲ 2012 ਵਿੱਚ ਮਨਾਇਆ ਗਿਆ ਸੀ। ਬਾਲੜੀਆਂ ਨੂੰ ਮੁੱਦਤ ਤੋਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਾਲ ਵਿਆਹ ਇਸ ਸ਼ੋਸ਼ਣ ਦਾ ਸਭ ਤੋਂ ਘਟੀਆ ਰੂਪ ਹੈ। ਇਸ ਨਾਲ ਬਾਲੜੀਆਂ ਜਿੱਥੇ ਪੜ੍ਹਾਈ ਤੋਂ ਬਾਂਝੀਆਂ ਰਹਿ ਜਾਂਦੀਆਂ ਹਨ, ਉੱਥੇ ਹੀ ਛੋਟੀ ਉਮਰ ਵਿੱਚ ਕਮਜ਼ੋਰ ਬੱਚੇ ਪੈਦਾ ਕਰ ਕੇ ਪੂਰੇ ਸਮਾਜ ਵਿੱਚ ਸਿਹਤ ਦੀ ਸਮੱਸਿਆ ਦਾ ਕਾਰਨ ਬਣਦੀਆਂ ਹਨ। ਬਾਲੜੀ ਦਿਵਸ ਨਾਲ ਜੁੜੇ ਮੁੱਖ ਮੁੱਦੇ ਪੜ੍ਹਾਈ ਦੌਰਾਨ ਸਕੂਲ ਛੱਡਣਾ, ਜਬਰ-ਜ਼ਿਨਾਹ ਦੀਆਂ ਘਟਨਾਵਾਂ, ਬਾਲੜੀ ਵਿਆਹ, ਲਿੰਗ ਆਧਾਰਿਤ ਸ਼ੋਸ਼ਣ ਤੇ ਹਿੰਸਾ, ਬਾਲੜੀਆਂ ਦੀ ਵਿੱਦਿਆ ਸਮੱਸਿਆ ਆਦਿ ਸ਼ਾਮਲ ਹਨ। 19 ਦਸੰਬਰ 2011 ਨੂੰ ਯੂਨਾਈਟਿਡ ਨੈਸ਼ਨ ਜਨਰਲ ਅਸੈਂਬਲੀ ਨੇ 11 ਅਕਤੂਬਰ 2012 ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ। ਇਸ ਮਤੇ ਵਿੱਚ ਬਾਲੜੀਆਂ ਦੇ ਸਸ਼ਕਤੀਕਰਨ ਲਈ ਵੱਖ-ਵੱਖ ਤਰੀਕਿਆਂ ਰਾਹੀਂ ਉਪਰਾਲੇ ਕਰਨ ’ਤੇ ਜੋਰ ਦਿੱਤਾ ਗਿਆ।
ਮਹਿਲਾਵਾਂ ਅਤੇ ਕੁੜੀਆਂ ਦੇ ਅਧਿਕਾਰਾਂ ਲਈ ਪੁਕਾਰ ਪਹਿਲੀ ਵਾਰ 1995 ਵਿੱਚ ਬੀਜਿੰਗ ਵਿੱਚ ਜਨਾਨੀਆਂ ਬਾਰੇ ਵਿਸ਼ਵ ਕਾਨਫਰੰਸ ਵਿੱਚ ਬੀਜਿੰਗ ਐਲਾਨਨਾਮੇ ਦੁਆਰਾ ਕੀਤੀ ਗਈ ਸੀ। ਇਹ ਇਤਿਹਾਸ ਵਿੱਚ ਸਭ ਤੋਂ ਪਹਿਲਾ ਬਲੂਪ੍ਰਿੰਟ ਸੀ, ਜਿਸ ਨੇ ਪੂਰੀ ਦੁਨੀਆ ਵਿੱਚ ਕਿਸ਼ੋਰ ਕੁੜੀਆਂ ਦੁਆਰਾ ਦਰਪੇਸ਼ ਮੁੱਦਿਆਂ ਨੂੰ ਹੱਲ ਕਰਨ ਦੀ ਜ਼ਰੂਰਤ ਦੀ ਪਛਾਣ ਕੀਤੀ ਸੀ। ਅੰਤਰਰਾਸ਼ਟਰੀ ਏਜੰਸੀਆਂ ਅਨੁਸਾਰ ਦੁਨੀਆ ਭਰ ਵਿੱਚ 62 ਮਿਲੀਅਨ ਤੋਂ ਵੱਧ ਕੁੜੀਆਂ ਦੀ ਸਿੱਖਿਆ ਤੱਕ ਪਹੁੰਚ ਨਹੀਂ ਹੈ। 5 ਤੋਂ 14 ਸਾਲ ਦੀ ਉਮਰ ਦੀਆਂ ਕੁੜੀਆਂ ਉਸੇ ਉਮਰ ਦੇ ਮੁੰਡਿਆਂ ਨਾਲੋਂ ਘਰੇਲੂ ਕੰਮਾਂ ਵਿੱਚ 160 ਮਿਲੀਅਨ ਘੰਟੇ ਜ਼ਿਆਦਾ ਬਿਤਾਉਂਦੀਆਂ ਹਨ। ਵਿਸ਼ਵ ਪੱਧਰ ’ਤੇ ਚਾਰ ਵਿੱਚੋਂ ਇੱਕ ਕੁੜੀ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਦੁਨੀਆ ਭਰ ਦੇ ਦੇਸ਼ਾਂ ਅਤੇ ਪਰਿਵਾਰਾਂ ਨੂੰ 11 ਅਕਤੂਬਰ 2016 ਨੂੰ ਬਾਲ ਵਿਆਹ ਪ੍ਰਥਾ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ। ਦੁਨੀਆ ਭਰ ਵਿੱਚ ਬਹੁਤ ਸਾਰੀਆਂ ਕੁੜੀਆਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਅਕਸਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ।
ਅੰਤਰਰਾਸ਼ਟਰੀ ਗੈਰ ਸਰਕਾਰੀ ਸੰਸਥਾ ਪਲਾਨ ਇੰਟਰਨੈਸ਼ਨਲ ਦੀ ਮੁਹਿੰਮ ‘‘ਕਿਉਂਕਿ ਮੈਂ ਇੱਕ ਕੁੜੀ ਹਾਂ’’ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਬਾਲਿਕਾ ਦਿਵਸ ਦੀ ਸ਼ੁਰੂਆਤ ਹੋਈ। ਪਲਾਨ ਇੰਟਰਨੈਸ਼ਨਲ ਇੱਕ ਗੈਰ-ਸਰਕਾਰੀ ਸੰਸਥਾ ਹੈ, ਜੋ ਦੁਨੀਆ ਭਰ ਦੇ ਲਗਭਗ 70 ਦੇਸ਼ਾਂ ਵਿੱਚ ਕੰਮ ਕਰਦੀ ਹੈ। ਇਸਨੇ 2007 ਵਿੱਚ ਮੁਹਿੰਮ ਦੀ ਅਗਵਾਈ ਕੀਤੀ ਸੀ, ਜਿਸਦਾ ਉਦੇਸ਼ ਵਿਸ਼ਵ ਪੱਧਰ ਖ਼ਾਸ ਤੌਰ ’ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਕੁੜੀਆਂ ਦੇ ਪਾਲਣ ਪੋਸ਼ਣ ਦੀ ਜ਼ਰੂਰਤ ਬਾਰੇ ਜਾਗਰੂਕਤਾ ਫੈਲਾਉਣਾ ਸੀ। ਕੈਨੇਡਾ ਵਿੱਚ ਪਲਾਨ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਪਹਿਲਕਦਮੀ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੇ ਸਮਰਥਕਾਂ ਦੇ ਗੱਠਜੋੜ ਦੀ ਮੰਗ ਕਰਨ ਲਈ ਕੈਨੇਡੀਅਨ ਫੈਡਰਲ ਸਰਕਾਰ ਨਾਲ ਸੰਪਰਕ ਕੀਤਾ। ਅੰਤ ਵਿੱਚ ਪਲਾਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮਤੇ ਵਿੱਚ ਕਿਹਾ ਗਿਆ ਹੈ ਕਿ ਕੁੜੀਆਂ ਦਾ ਦਿਵਸ ਕੁੜੀਆਂ ਦੇ ਸਸ਼ਕਤੀਕਰਨ ਅਤੇ ਨਿਵੇਸ਼, ਜੋ ਆਰਥਿਕ ਵਿਕਾਸ ਲਈ ਮਹੱਤਵਪੂਰਨ ਹਨ, ਗ਼ਰੀਬੀ ਅਤੇ ਅਤਿ-ਗ਼ਰੀਬੀ ਦੇ ਖਾਤਮੇ ਸਮੇਤ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲਿਆਂ ਨੂੰ ਮਾਨਤਾ ਦਿੰਦਾ ਹੈ। ਹਰ ਸਾਲ ਇਸ ਦਿਨ ਦਾ ਇੱਕ ਵਿਸ਼ੇਸ਼ ਥੀਮ ਹੁੰਦਾ ਹੈ।
ਬਾਲੜੀਆਂ ਦੇ ਦਿਵਸ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਦੇਸ਼ਾਂ ਵਿੱਚ ਸਮਾਗਮਾਂ ਦੀ ਯੋਜਨਾ ਬਣਾਈ ਗਈ ਹੈ। ਕੁਝ ਪ੍ਰੋਗਰਾਮ ਸੰਯੁਕਤ ਰਾਸ਼ਟਰ ਦੁਆਰਾ ਸਪਾਂਸਰ ਕੀਤੇ ਜਾਂਦੇ ਹਨ, ਕੁੱਝ ਗੈਰ-ਸਰਕਾਰੀ ਸੰਸਥਾਵਾਂ ਜਿਵੇਂ ਗਰਲ ਗਾਈਡਜ਼ ਆਸਟ੍ਰੇਲੀਆ ਗਤੀਵਿਧੀਆਂ ਦਾ ਸਮਰਥਨ ਕਰਦੀਆਂ ਹਨ ਅਤੇ ਕੁੱਝ ਸਥਾਨਕ ਸੰਸਥਾਵਾਂ ਨੇ ਆਪਣੇ-ਆਪਣੇ ਈਵੈਂਟ ਤਿਆਰ ਕੀਤੇ ਹਨ। ਇਸ ਸਾਲ ਅਸੀਂ ਅੰਤਰਰਾਸ਼ਟਰੀ ਬਾਲੜੀ ਦਿਵਸ ਦੀ 10ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ। ਇਨ੍ਹਾਂ 10 ਸਾਲਾਂ ਵਿੱਚ ਸਰਕਾਰਾਂ, ਨੀਤੀ ਨਿਰਮਾਤਾਵਾਂ ਅਤੇ ਆਮ ਲੋਕਾਂ ਵਲੋਂ ਕੁੜੀਆਂ ਨਾਲ ਜੁੜ੍ਹੇ ਮਹੱਤਵਪੂਰਨ ਮੁੱਦਿਆਂ ’ਤੇ ਧਿਆਨ ਵਧਾਇਆ ਗਿਆ ਹੈ। ਕੁੜੀਆਂ ਦੀ ਵਿਸ਼ਵ ਪੱਧਰ ’ਤੇ ਆਵਾਜ਼ ਪਹੁੰਚਾਉਣ ਦੇ ਵਧੇਰੇ ਮੌਕੇ ਪੈਦਾ ਕੀਤੇ ਗਏ ਹਨ ਫਿਰ ਵੀ ਕੁੜੀਆਂ ਦੇ ਅਧਿਕਾਰਾਂ ਵਿੱਚ ਨਿਵੇਸ਼ ਸੀਮਤ ਰਹਿੰਦਾ ਹੈ। ਕੁੜੀਆਂ ਆਪਣੀ ਸਮਰੱਥਾ ਨੂੰ ਪੂਰਾ ਕਰਨ ਲਈ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਜਲਵਾਯੂ ਪਰਿਵਰਤਨ, ਕੋਵਿਡ-19 ਅਤੇ ਮਾਨਵਤਾਵਾਦੀ ਸੰਘਰਸ਼ ਦੇ ਸਮਕਾਲੀ ਸੰਕਟਾਂ ਦੁਆਰਾ ਬਦਤਰ ਬਣਾਇਆ ਗਿਆ ਹੈ। ਕੁੜੀਆਂ ਆਪਣੀ ਸਿੱਖਿਆ, ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਅਤੇ ਹਿੰਸਾ ਰਹਿਤ ਜ਼ਿੰਦਗੀ ਲਈ ਲੋੜੀਂਦੀਆਂ ਸੁਰੱਖਿਆਵਾਂ ਲਈ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਜਾਰੀ ਰੱਖਦੀਆਂ ਹਨ।
ਅਪਾਹਜ ਕੁੜੀਆਂ ਨੂੰ ਸਹਾਇਤਾ ਅਤੇ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਵਾਧੂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਵਿਡ-19 ਨੇ ਦੁਨੀਆ ਭਰ ਦੀਆਂ ਕੁੜੀਆਂ ਦੇ ਬੋਝ ਨੂੰ ਹੋਰ ਵਧਾਇਆ ਅਤੇ ਵਿਗਾੜ ਦਿੱਤਾ ਹੈ। ਭਾਰਤ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਬਾਲੜੀਆਂ ਚਰਚਾ ਅਤੇ ਬਹਿਸ ਦਾ ਵਿਸ਼ਾ ਰਹੀਆਂ ਹਨ। ਕੁੜੀਆਂ ਨੂੰ ਬਹੁਤੇ ਪਰਿਵਾਰਾਂ ਵਿੱਚ ਅਕਸਰ ਇੱਕ ਅਣਚਾਹਿਆ ਬੱਚਾ ਮੰਨਿਆ ਜਾਂਦਾ ਹੈ, ਜਿਸ ਤੋਂ ਛੁਟਕਾਰਾ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇੱਕ ਪਾਸੇ ਅਸੀਂ ਕੁੜੀਆਂ ਨੂੰ ਦਫ਼ਤਰਾਂ ਵਿਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੁੰਦੇ ਹੋਏ ਦੇਖਦੇ ਹਾਂ, ਦੂਜੇ ਪਾਸੇ ਕੁੜੀਆਂ ਦੇ ਪੇਸ਼ਿਆਂ ਵਿੱਚ ਦਾਖਲ ਹੋਣ ਦੇ ਨਾਲ ਉਨ੍ਹਾਂ ਵਿਰੁੱਧ ਅਪਰਾਧਾਂ ਦੇ ਗ੍ਰਾਫ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤੀ ਆਬਾਦੀ ਦੇ ਵੱਡੇ ਹਿੱਸੇ ਵਾਲੇ ਪੇਂਡੂ ਖੇਤਰਾਂ ਵਿੱਚ ਕੁੜੀਆਂ ਪ੍ਰਤੀ ਰਵੱਈਏ ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਆਈ। ਕਈ ਪਰਿਵਾਰ ਅਜੇ ਵੀ ਇਹ ਮੰਨਦੇ ਹਨ ਕਿ ਕੁੜੀਆਂ ਲਈ ਸਿੱਖਿਆ ਬੇਕਾਰ ਹੈ। ਉਨ੍ਹਾਂ ਨੂੰ ਘਰ ਦੇ ਕੰਮ, ਬੱਚੇ ਪੈਦਾ ਕਰਨ ਅਤੇ ਬੱਚੇ ਦੇ ਪਾਲਣ-ਪੋਸ਼ਣ ’ਤੇ ਧਿਆਨ ਦੇਣਾ ਚਾਹੀਦਾ ਹੈ।
ਸ਼ਹਿਰੀ ਖੇਤਰਾਂ ਵਿਚ ਵੀ ਕੁੜੀਆਂ ਦੀਆਂ ਸੰਭਾਵਨਾਵਾਂ ਉਜਵਲ ਨਹੀਂ ਹਨ। ਬੇਸ਼ੱਕ ਉਹ ਦਫ਼ਤਰਾਂ ਵਿੱਚ ਰੁਤਬੇ ਅਤੇ ਅਹੁਦਿਆਂ ਨੂੰ ਹਾਸਲ ਕਰ ਰਹੀਆਂ ਹਨ ਪਰ ਅਕਸਰ ਉਨ੍ਹਾਂ ਨੂੰ ਦਫ਼ਤਰਾਂ ਵਿਚ ਮਰਦਾਂ ਦੇ ਬਰਾਬਰ ਦਾ ਸਨਮਾਨ ਨਹੀਂ ਮਿਲਦਾ। ਹਰ ਰੋਜ਼ ਮਾਸੂਮ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਹਨ। ਸਕੂਲ ਭੇਜਣ ਦੀ ਥਾਂ ਉਨ੍ਹਾਂ ਤੋਂ ਘਰਾਂ ਵਿੱਚ ਨੌਕਰਾਂ ਦੀ ਤਰ੍ਹਾਂ ਕੰਮ ਕਰਵਾਇਆ ਜਾਂਦਾ ਹੈ। ਨਵਜੰਮੀਆਂ ਬੱਚੀਆਂ ਨੂੰ ਕੂੜੇ ਦੇ ਢੇਰਾਂ ਤੇ ਅਤੇ ਨਾਲੇ-ਨਾਲੀਆਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿੱਥੇ ਕੁੱਤੇ ਅਤੇ ਹੋਰ ਜੰਗਲੀ ਜਾਨਵਰ ਉਨ੍ਹਾਂ ਦਾ ਮਾਸ ਨੋਚ-ਨੋਚ ਕੇ ਖਾ ਰਹੇ ਹਨ। ਕੁੜੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਜਦਕਿ ਮੁੰਡਿਆਂ ਨੂੰ ਵਧੀਆਂ ਪ੍ਰਾਇਵੇਟ ਸਕੂਲਾਂ ਵਿੱਚ ਪੜ੍ਹਾਇਆਂ ਜਾਂਦਾ ਹੈ। ਮੁੰਡਿਆਂ ਨੂੰ ਕੁੜੀਆਂ ਦੇ ਮੁਕਾਬਲੇ ਵਧੀਆਂ ਕੱਪੜੇ, ਵਧੀਆਂ ਖਾਣਾ ਅਤੇ ਜ਼ਿਆਦਾ ਜੇਬ ਖ਼ਰਚ ਦਿੱਤਾ ਜਾਂਦਾ ਹੈ। ਭਾਰਤ ਵਿਚ 1991 ਦੀ ਮਰਦਮਸ਼ੁਮਾਰੀ ਵਿਚ ਪ੍ਰਤੀ 1000 ਮੁੰਡਿਆਂ ਦੇ ਮੁਕਾਬਲੇ 945 ਕੁੜੀਆਂ ਸਨ, ਜੋ 2011 ਵਿੱਚ ਘਟਕੇ 914 ਰਹਿ ਗਈਆਂ ਹਨ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 2011 ਵਿੱਚ ਇਨ੍ਹਾਂ ਦੀ ਗਿਣਤੀ 867 ਰਹਿ ਗਈ ਹੈ। ਹਰਿਆਣਾ ਵਿੱਚ ਇਨ੍ਹਾਂ ਦੀ ਗਿਣਤੀ 830 ਰਹਿ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਇਹ ਗਿਣਤੀ ਘੱਟ ਕੇ 906 ਰਹਿ ਗਈ ਹੈ। ਜੰਮੂ ਕਸ਼ਮੀਰ ਵਿੱਚ ਇਹ ਗਿਣਤੀ 859 ਹੋ ਗਈ ਹੈ।
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ 130 ਮਿਲੀਅਨ ਬੱਚੇ ਸਕੂਲ ਨਹੀਂ ਜਾਂਦੇ ਹਨ, ਜਿਨ੍ਹਾਂ ’ਚੋਂ 60 ਫੀਸਦੀ ਕੁੜੀਆਂ ਹਨ। 2011 ਦੀ ਜਨਗਣਨਾ ਅਨੁਸਾਰ ਦੇਸ਼ ਵਿੱਚ ਕਰੀਬ 11 ਫ਼ੀਸਦੀ ਸਕੂਲਾਂ ਅਤੇ 53 ਫ਼ੀਸਦੀ ਘਰਾਂ ਵਿੱਚ ਟੋਆਇਲਟ ਦੀ ਸਹੂਲਤ ਨਹੀਂ ਹੈ। ਇੱਕ ਗੈਰ ਸਰਕਾਰੀ ਸੰਸਥਾ ਦੀ ਰਿਪੋਰਟ ਅਨੁਸਾਰ ਕਰੀਬ 63 ਫ਼ੀਸਦੀ ਕੁੜੀਆਂ ਨੇ ਮੰਨਿਆ ਕਿ ਉਨ੍ਹਾਂ ਦਾ ਗੰਭੀਰ ਸਰੀਰਕ ਸੋਸ਼ਣ ਜਾਂ ਬਲਾਤਕਾਰ ਕੀਤਾ ਗਿਆ ਅਤੇ 29 ਫ਼ੀਸਦੀ ਨਾਲ ਸਰੀਰਕ ਛੇੜਖਾਨੀ ਕੀਤੀ ਗਈ। ਹਰ ਰੋਜ ਔਸਤਨ 106 ਮਹਿਲਾਵਾਂ ਅਤੇ ਕੁੜੀਆਂ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਉਰੋ ਦੀ ਰਿਪੋਰਟ ਅਨੁਸਾਰ ਸਾਲ 2019 ਵਿੱਚ ਬੱਚਿਆਂ ਨਾਲ ਅਪਰਾਧ ਸਬੰਧੀ 148185 ਮਾਮਲੇ ਰਜਿਸਟਰਡ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਅਪਰਾਧਾਂ ਵਿੱਚ ਸ਼ਾਮਿਲ ਵਿਅਕਤੀਆਂ ਵਿੱਚੋਂ 24672 ਬੱਚਿਆਂ ਦੇ ਜਾਣਕਾਰ ਹੀ ਸਨ ਅਤੇ 2153 ਅਪਰਾਧੀ ਪਰਿਵਾਰ ਦੇ ਮੈਂਬਰ ਸਨ। ਦੇਸ਼ ਵਿੱਚ ਵੱਧ ਰਹੇ ਅਪਰਾਧਾਂ ਦਾ ਸਭ ਤੋਂ ਵੱਧ ਅਸਰ ਕੁੜੀਆਂ ਅਤੇ ਜਨਾਨੀਆਂ ’ਤੇ ਪੈ ਰਿਹਾ ਹੈ। ਕੁੜੀਆਂ ’ਤੇ ਵੱਧਦੇ ਤੇਜ਼ਾਬੀ ਹਮਲੇ, ਆਨਰ ਕਿਲਿੰਗ ਦੇ ਮਾਮਲੇ ਦੇਸ਼ ਵਿੱਚ ਕੁੜੀਆਂ ਦੀ ਸੁਰੱਖਿਆ ਦੇ ਪੋਲ੍ਹ ਖੋਲ੍ਹ ਰਹੇ ਹਨ। ਸਿਹਤਮੰਦ ਅਤੇ ਸਿੱਖਿਅਤ ਕੰਨਿਆਵਾਂ ਆਉਣ ਵਾਲੇ ਸਮੇਂ ਦੀ ਮੁੱਖ ਜ਼ਰੂਰਤ ਹਨ। ਇੱਕ ਬੇਹਤਰੀਨ ਪਤਨੀ, ਮਾਂ, ਕਰਮਚਾਰੀ, ਨੇਤਾ ਅਤੇ ਹੋਰ ਖੇਤਰਾਂ ਵਿੱਚ ਇਹ ਆਪਣੇ ਯੋਗਦਾਨ ਰਾਹੀਂ ਦੇਸ਼ ਦੇ ਵਿਕਾਸ ਵਿੱਚ ਸਹਾਇਕ ਸਿੱਧ ਹੋਣਗੀਆਂ ਪਰ ਇਹ ਸਾਰਾ ਕੁਝ ਤਾਂ ਸੰਭਵ ਹੋਵੇਗਾ ਜਦੋਂ ਦੇਸ਼ ਵਿੱਚ ਕੰਨਿਆ ਜਨਮ ਦਰ ਵਿੱਚ ਵਾਧਾ ਹੋਵੇਗਾ ਅਤੇ ਬੱਚੀਆਂ ਸੁਰੱਖਿਅਤ ਹੋਣਗੀਆਂ।
ਸਰਕਾਰ ਵਲੋਂ ਕੁੜੀਆਂ ਦੀ ਭਲਾਈ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਕੁੜੀਆਂ ਦੀ ਸੁਰੱਖਿਆ ਲਈ ਕਈ ਕਾਨੂੰਨ ਬਣਾਏ ਗਏ ਹਨ ਪਰ ਅਸਲੀਅਤ ਇਹ ਹੈ ਕਿ ਇਹ ਕਾਨੂੰਨ ਅਤੇ ਭਲਾਈ ਸਕੀਮਾਂ ਲਈ ਅਸਰਦਾਇਕ ਸਾਬਿਤ ਨਹੀਂ ਹੋਏ। ਅੰਤਰਰਾਸ਼ਟਰੀ ਬਾਲੜੀ ਦਿਵਸ 11 ਅਕਤੂਬਰ ਨੂੰ ਇੱਕ ਸਾਲਾਨਾ ਅਤੇ ਅੰਤਰਰਾਸ਼ਟਰੀ ਤੌਰ ’ਤੇ ਮਨਾਇਆ ਜਾਣ ਵਾਲਾ ਸਮਾਰੋਹ ਹੈ, ਜੋ ਕੁੜੀਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਵਧਾਉਂਦਾ ਹੈ। ਇਸ ਸਾਲ ਦੀ ਥੀਮ ‘‘ਸਾਡਾ ਸਮਾਂ ਹੁਣ ਹੈ-ਸਾਡੇ ਅਧਿਕਾਰ, ਸਾਡਾ ਭਵਿੱਖ’’ ਹੈ। ਇਹ ਦਿਨ ਬਹੁਤ ਸਾਰੀਆਂ ਸੰਸਕ੍ਰਿਤੀਆਂ ਵਿੱਚ ਲੜਕਿਆਂ ਦੀ ਭੂਮਿਕਾ ਦੇ ਮੁਕਾਬਲੇ ਲੜਕੀਆਂ ਦੀ ਬਹੁਤਾਤ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ, ਜਿੱਥੇ ਸਾਡੀ ਨਸਲ ਦੇ ਮਰਦਾਂ ਨੂੰ ਮਰਦ ਹੋਣ ਦੇ ਕਾਰਨ ਸਿੱਖਿਆ ਅਤੇ ਮੌਕਿਆਂ ਤੱਕ ਬਿਹਤਰ ਪਹੁੰਚ ਹੁੰਦੀ ਹੈ। ਹਰ 10 ਵਿੱਚੋਂ 01 ਲੜਕੇ ਦੇ ਮੁਕਾਬਲੇ 04 ਵਿੱਚੋਂ 01 ਕੁੜੀ ਬੇਰੁਜ਼ਗਾਰ, ਅਨਪੜ੍ਹ, ਜਾਂ ਅਣਸਿੱਖਿਅਤ ਹੈ।
ਕੁਲਦੀਪ ਚੰਦ
ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜ਼ਿਲ੍ਹਾ ਰੂਪਨਗਰ ਪੰਜਾਬ