ਰਮਜ਼ਾਨ ਦੇ ਮਹੀਨੇ ਲਈ ਵਿਸ਼ੇਸ਼ : ਜਾਣੋ ਇਸਲਾਮ ’ਚ ‘ਰੋਜ਼ੇ ਦਾ ਮਹੱਤਵ’
Thursday, Mar 14, 2024 - 10:46 AM (IST)
ਫਾਕਾ ਕਰਨਾ ਚੰਗੀ ਗੱਲ ਹੈ। ਤਿੰਨ-ਚਾਰ ਦਿਨ ਛੱਡ ਕੇ ਇਕ ਵਕਤ ਭੁੱਖੇ ਰਹਿਣਾ ਹਾਜ਼ਮੇ ਨੂੰ ਠੀਕ ਰੱਖਦਾ ਹੈ। ਇਹ ਮਨੁੱਖ ਨੂੰ ਤੰਦਰੁਸਤ ਰਹਿਣ ’ਚ ਮਦਦ ਦਿੰਦਾ ਹੈ। ਜੇਕਰ ਭੁੱਖ ਬਰਦਾਸ਼ਤ ਕਰਨ ਦੀ ਆਦਤ ਹੈ ਤਾਂ ਅਸੀਂ ਕਿਸੇ ਵੀ ਸਫ਼ਰ ’ਚ ਪ੍ਰੇਸ਼ਾਨ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਭੁੱਖ ਬਰਦਾਸ਼ਤ ਕਰਨ ਨਾਲ ਸਾਡੇ ਅੰਦਰ ਉਨ੍ਹਾਂ ਗ਼ਰੀਬਾਂ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ, ਜੋ ਭੁੱਖੇ ਰਹਿਣ ਲਈ ਮਜਬੂਰ ਹਨ, ਕਿਉਂਕਿ ਭੁੱਖ ਦੇ ਨਾਲ ਰੂਹਾਨੀ ਤਾਜ਼ਗੀ ਮਿਲਦੀ ਹੈ ਅਤੇ ਈਸ਼ਵਰ ਦੀ ਯਾਦ ’ਚ ਦਿਲ ਲੱਗਦਾ ਹੈ।
ਇਸਲਾਮ ’ਚ ਇਸ ਆਦਤ ਹੀ ਬਹੁਤ ਤਾਰੀਫ ਕੀਤੀ ਗਈ ਹੈ ਪਰ ਇਹ ਜ਼ਰੂਰੀ ਹੈ ਇਹ ਸਭ ਕੁਝ ਕਰਨਾ, ਈਸ਼ਵਰ ਦੇ ਹੁਕਮ ਅਤੇ ਹਜਰਤ ਮੁਹੰਮਦ (ਸਲ.) ਦੇ ਤਰੀਕੇ ਮੁਤਾਬਕ ਹੋਵੇ। ਰੋਜ਼ਾ ਆਪਣੇ-ਆਪ ’ਚ ਸੱਚੇ ਈਸ਼ਵਰ ਲਈ ਹਰ ਚੀਜ਼ ਤੋਂ ਵੱਖ ਕਰ ਲੈਣ ਅਤੇ ਮੁਕੰਮਲ ਤੌਰ ’ਤੇ ਈਸ਼ਵਰ ਵੱਲ ਮੁੜਨ ਦਾ ਨਾਂ ਹੈ। ਇਸਲਾਮ ’ਚ ਨਮਾਜ਼ ਤੋਂ ਬਾਅਦ ਰੋਜ਼ੇ ਦਾ ਹੀ ਨੰਬਰ ਆਉਂਦਾ ਹੈ, ਜੋ ਅੱਲ੍ਹਾ ਨੇ ਮੁਸਲਮਾਨਾਂ ਲਈ ਜ਼ਰੂਰੀ (ਫਰਜ਼) ਕੀਤੇ ਹਨ। ਨਮਾਜ ਦੀ ਤਰ੍ਹਾਂ ਇਹ ਇਬਾਦਤ ਵੀ ਸ਼ੁਰੂ ਦਿਨ ਤੋਂ ਸਾਰੇ ਪੈਗੰਬਰਾਂ ਦੇ ਪੈਰੋਕਾਰਾਂ ’ਤੇ ਫਰਜ਼ ਰਹੀ ਹੈ।
ਰੋਜ਼ਾ ਹਰ ਸਾਲ ਪੂਰੇ ਮਹੀਨੇ ਲਈ ‘ਸ਼ਰੀਅਤ-ਏ-ਮੁਹੰਮਦੀਆ’ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਿਤਾਉਣ ਦੇ ਮਕਸਦ ਨਾਲ ਟ੍ਰੇਨਿੰਗ ਪੀਰੀਅਡ ਲੈ ਕੇ ਆਉਂਦਾ ਹੈ। ਪੂਰਾ ਮਹੀਨਾ ਤੜਕੇ ਸਹਰੀ ਲਈ ਉੱਠੋ, ਮਿੱਥੇ ਸਮੇਂ ’ਤੇ ਖਾਣਾ-ਪੀਣਾ ਛੱਡ ਦਿਓ, ਦਿਨ ਭਰ ਕੰਮ ਕਰ ਸਕਦੇ ਹੋ ਅਤੇ ਸ਼ਾਮ ਨੂੰ ਫਿਰ ਮਿੱਥੇ ਸਮੇਂ ’ਤੇ ਰੋਜ਼ਾ ਇਫਤਾਰ (ਖੋਲ੍ਹੋ) ਕਰੋ, ਫਿਰ ਤਰਾਵੀਹ (ਰਮਜ਼ਾਨ ਦੇ ਮਹੀਨੇ ਦੀ ਖਾਸ ਨਮਾਜ) ਲਈ ਮਸਜਿਦ ’ਚ ਜਾਓ ਆਦਿ।
ਮਸਲਾ ਇਹ ਪੈਦਾ ਹੁੰਦਾ ਹੈ ਕਿ ਈਸ਼ਵਰ ਸਾਨੂੰ ਭੁੱਖਾ ਕਿਉਂ ਰੱਖਣਾ ਚਾਹੁੰਦਾ ਹੈ ਅਤੇ ਬਦਲੇ ਵਿਚ ਉਹ ਸਾਨੂੰ ਕੀ ਦੇਣਾ ਚਾਹੁੰਦਾ ਹੈ। ਈਸ਼ਵਰ ਆਖਦਾ ਹੈ, ਮੈਂ ਮਨੁੱਖ ਨੂੰ ਨੇਕ ਅਤੇ ਪਵਿੱਤਰ ਬਣਾਉਣਾ ਚਾਹੁੰਦਾ ਹਾਂ। ਪ੍ਰਮਾਤਮਾ ਨੇ ਵਰਤ ਰੱਖਣ ਦੇ ਬਦਲੇ ਮਨੁੱਖ ਨੂੰ ਮਹਾਨ ਇਨਾਮ ਦੇਣ ਦਾ ਵਾਅਦਾ ਕੀਤਾ ਹੈ। ਰੱਬ ਕਹਿੰਦਾ ਹੈ ਕਿ ਹਰ ਚੰਗੇ ਕੰਮ ਦਾ ਫਲ ਦਸ ਗੁਣਾ ਹੈ ਅਤੇ ਇਸ ਤੋਂ ਵੱਧ ਸੱਤ ਗੁਣਾ ਹੋ ਸਕਦਾ ਹੈ, ਪਰ ਰੋਜ਼ਾ ਇਸ ਤੋਂ ਵੱਖਰਾ ਹੈ। ਇਸ ਦੀ ਚੰਗਿਆਈ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਕੁਝ ਕਹਿੰਦੇ ਹਨ ਕਿ ਜਦੋਂ ਕੋਈ ਵਿਅਕਤੀ ਵਰਤ ਰੱਖਦਾ ਹੈ ਤਾਂ ਉਹ ਨਾ ਸਿਰਫ਼ ਭੁੱਖਾ ਰਹਿੰਦਾ ਹੈ, ਸਗੋਂ ਕਈ ਤਰ੍ਹਾਂ ਦੀਆਂ ਸਰੀਰਕ ਇੱਛਾਵਾਂ ਤੋਂ ਵੀ ਦੂਰ ਰਹਿੰਦਾ ਹੈ। ਇਸ ਤੋਂ ਇਲਾਵਾ ਉਹ ਆਮ ਨਾਲੋਂ ਵੱਧ ਨਮਾਜ਼ ਪੜ੍ਹਦਾ ਹੈ ਅਤੇ ਰੱਬ ਦਾ ਜ਼ਿਕਰ ਕਰਦਾ ਹੈ, ਭਾਵ ਉਹ ਇੰਨੇ ਚੰਗੇ ਕਰਮ ਕਮਾ ਲੈਂਦਾ ਹੈ ਕਿ ਫਰਿਸ਼ਤੇ ਉਸ ਨੂੰ ਲਿਖਣ ਤੋਂ ਬੇਵੱਸ ਹੋ ਜਾਂਦੇ ਹਨ।
-ਪ੍ਰਿੰ. ਯਾਸੀਨ ਅਲੀ