ਅਜੋਕੀ ਸਿੱਖਿਆ ਪ੍ਰਣਾਲੀ ''ਚ ਪੰਜਾਬ ਦੀ ਪਹਿਲੀ ਓਪਨ ਯੂਨੀਵਰਸਿਟੀ ਦੀ ਸਾਰਥਿਕਤਾ

Thursday, Aug 11, 2022 - 12:54 AM (IST)

ਅਜੋਕੀ ਸਿੱਖਿਆ ਪ੍ਰਣਾਲੀ ''ਚ ਪੰਜਾਬ ਦੀ ਪਹਿਲੀ ਓਪਨ ਯੂਨੀਵਰਸਿਟੀ ਦੀ ਸਾਰਥਿਕਤਾ

ਮੌਜੂਦਾ ਸਮੇਂ ਦੀਆਂ ਸਮਾਜਿਕ ਅਤੇ ਨੈਤਿਕ ਸਮੱਸਿਆਵਾਂ ਤੋਂ ਬਦਹਾਲ ਨੌਜਵਾਨ ਆਪਣੇ ਰਸਤੇ ਤੋਂ ਭਟਕ ਕੇ ਨਸ਼ਿਆਂ ਜਾਂ ਜੁਰਮ ਦੀ ਦੁਨੀਆ 'ਚ ਫਸ ਰਹੇ ਹਨ। ਉਨ੍ਹਾਂ ਨੂੰ ਇਸ ਦੁਬਿਧਾ 'ਚੋਂ ਸਿੱਖਿਆ ਨਾਲ ਹੀ ਬਾਹਰ ਕੱਢਿਆ ਜਾ ਸਕਦਾ ਹੈ ਕਿਉਂਕਿ ਸਿੱਖਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ ਹੈ। ਵੱਖ-ਵੱਖ ਧਰਮਾਂ ਅਤੇ ਧਾਰਮਿਕ ਪੁਸਤਕਾਂ ਵਿੱਚ ਵੀ ਇਸ ਦੇ ਮਹੱਤਵ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੀ ਮਹੱਤਤਾ ਨੂੰ ਧਿਆਨ 'ਚ ਰੱਖਦਿਆਂ ਸਾਡੇ ਦੇਸ਼ ਵਿੱਚ ਵਿੱਦਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਇਸ ਨੂੰ ਹਰ ਨਾਗਰਿਕ ਤੱਕ ਪਹੁੰਚਾ ਕੇ ਦੇਸ਼ ਨੂੰ ਸੌ ਫ਼ੀਸਦੀ ਸਾਖਰ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਲੜੀ ਤਹਿਤ ਪੰਜਾਬ ਸਰਕਾਰ ਨੇ ਵੀ ਪੰਜਾਬ ਦੀ ਸਾਖਰਤਾ ਦਰ ਵਧਾਉਣ ਲਈ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, 2019 ਦੇ ਐਕਟ 19 ਅਧੀਨ ਪੰਜਾਬ ਦੀ ਪਹਿਲੀ ਓਪਨ ਯੂਨੀਵਰਸਿਟੀ ਦੀ ਪਟਿਆਲਾ ਵਿਖੇ ਸਥਾਪਨਾ ਕਰਕੇ ਉਨ੍ਹਾਂ ਵਿਦਿਆਰਥੀਆਂ ਨੂੰ ਵਿੱਦਿਆ ਦਾ ਤੋਹਫਾ ਦਿੱਤਾ ਹੈ, ਜੋ ਕੁਝ ਕਾਰਨਾਂ ਜਿਵੇਂ ਆਰਥਿਕ ਮਜਬੂਰੀ, ਸਮੇਂ ਦੀ ਘਾਟ, ਮੌਕਿਆਂ ਦੀ ਘਾਟ ਜਾਂ ਖਾਸ ਕਰਕੇ ਉਹ ਲੜਕੀਆਂ ਜਿਨ੍ਹਾਂ ਦਾ ਛੋਟੀ ਉਮਰ ਵਿੱਚ ਵਿਆਹ ਹੋਣ ਕਾਰਨ ਉਨ੍ਹਾਂ ਦੀ ਪੜ੍ਹਾਈ ਅਧੂਰੀ ਰਹਿ ਗਈ ਸੀ, ਉਹ ਹੁਣ ਇਸ ਓਪਨ ਯੂਨੀਵਰਸਿਟੀ ਰਾਹੀਂ ਸਿੱਖਿਆ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਇਸ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੀ ਕੋਈ ਉਮਰ ਸੀਮਾ ਜਾਂ ਪੜ੍ਹਾਈ ਵਿੱਚ ਗੈਪ ਦੀ ਕੋਈ ਸ਼ਰਤ ਨਹੀਂ ਹੈ। ਇਸ ਯੂਨੀਵਰਸਿਟੀ ਨੂੰ ਪੰਜਾਬ ਵਿਧਾਨ ਸਭਾ ਨੇ 20/12/2019 ਨੂੰ ਨੋਟੀਫਿਕੇਸ਼ਨ ਨੰਬਰ 23-leg/ 2019 ਤਹਿਤ ਯੂ.ਜੀ.ਸੀ. ਦੇ 1956 ਦੇ ਐਕਟ ਦੇ ਸੈਕਸ਼ਨ 22 ਅਧੀਨ ਡਿਗਰੀ ਦੇਣ ਲਈ ਸਮਰੱਥ ਬਣਾਇਆ ਹੈ। ਯੂਨੀਵਰਸਿਟੀ ਦਾ ਅਧਿਕਾਰ ਖੇਤਰ ਪੰਜਾਬ ਹੈ।

ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲ ਰਹੀ ਇਸ ਯੂਨੀਵਰਸਿਟੀ ਨੇ ਪੁਰਾਣੀ ਸਿੱਖਿਆ ਪੱਧਤੀ ਦੇ ਨਾਲ-ਨਾਲ ਵਿਦਿਆਰਥੀਆਂ ਲਈ ਹੁਨਰ ਅਧਾਰਿਤ ਵਿੱਦਿਆ ਦੇਣ ਦਾ ਉਪਰਾਲਾ ਕੀਤਾ ਹੈ। ਆਰਥਿਕ, ਸਮਾਜਿਕ ਅਤੇ ਹੋਰ ਪੱਖਾਂ ਤੋਂ ਪੱਛੜੇ ਵਿਦਿਆਰਥੀਆਂ ਜੋ ਕਿ ਮੌਕਿਆਂ ਦੀ ਘਾਟ ਕਾਰਨ ਸੁਪਨੇ ਸਾਕਾਰ ਨਹੀਂ ਕਰ ਸਕੇ, ਲਈ ਯੂਨੀਵਰਸਿਟੀ ਨੇ ਪਹਿਲੇ ਸੈਸ਼ਨ ਦੀਆਂ 550 ਸੀਟਾਂ ਬਿਲਕੁਲ ਮੁਫ਼ਤ ਦੇ ਕੇ ਉਨ੍ਹਾਂ ਦੇ ਮਨਾਂ ਵਿੱਚ ਇਕ ਉਮੀਦ ਜਗਾਈ। ਯੂਨੀਵਰਸਿਟੀ ਦਾ ਉਦੇਸ਼ ਸੇਵਾ ਹੈ, ਭਾਵ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀ ਲੋੜ ਅਨੁਸਾਰ ਹੁਨਰਮੰਦ ਬਣਾ ਕੇ ਰੁਜ਼ਗਾਰ ਲੈਣ ਦੇ ਯੋਗ ਬਣਾਉਣਾ। ਉਨ੍ਹਾਂ ਦਾ ਬੌਧਿਕ ਵਿਕਾਸ ਕਰਕੇ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਨਾ ਅਤੇ ਜ਼ਿੰਦਗੀ ਭਰ ਚੱਲਣ ਵਾਲੀ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣਾ।

ਅਜੋਕੇ ਸਮੇਂ ਵਿੱਚ ਯੂਨੀਵਰਸਿਟੀ 'ਚ ਤਿੰਨ ਡਿਗਰੀ ਪ੍ਰੋਗਰਾਮ ਜਿਵੇਂ ਬੀ.ਏ. (ਲਿਬਰਲ ਆਰਟਸ), ਬੀ. ਕਾਮ. (ਡਿਜੀਟਲ) ਅਤੇ ਬੀ.ਐੱਸ.ਸੀ. (ਡਾਟਾ ਸਾਇੰਸ) ਚੱਲ ਰਹੇ ਹਨ, ਜੋ ਕਿ ਡਿਸਟੈਂਸ ਐਜੂਕੇਸ਼ਨ ਬਿਊਰੋ ਯੂ.ਜੀ.ਸੀ. ਤੋਂ ਮਾਨਤਾ ਪ੍ਰਾਪਤ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸਕੀਮਾਂ ਅਧੀਨ ਅਨੇਕਾਂ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਚੱਲ ਰਹੇ ਹਨ, ਜਿਨ੍ਹਾਂ ਦੀ ਸਮਾਂ ਸੀਮਾ 6 ਮਹੀਨੇ ਤੇ ਇਕ ਸਾਲ ਹੈ। ਇਹ ਕੋਰਸ ਅੱਜ ਦੇ ਸਮੇਂ ਦੀਆਂ ਲੋੜਾਂ ਮੁਤਾਬਕ ਡਿਜ਼ਾਇਨ ਕੀਤੇ ਗਏ ਹਨ ਤਾਂ ਕਿ ਵਿਦਿਆਰਥੀ ਕੋਰਸ ਕਰਨ ਉਪਰੰਤ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਹੋ ਸਕਣ। ਯੂਨੀਵਰਸਿਟੀ ਵੱਲੋਂ ਇਨਕਮ ਟੈਕਸ, ਜੀ.ਐੱਸ.ਟੀ. ਫਾਇਲ ਬਣਾਉਣ ਅਤੇ ਭਰਨ ਸਬੰਧੀ, ਓਪਨ ਆਫਿਸ, ਮਲਟੀਮੀਡੀਆ ਅਤੇ ਐਨੀਮੇਸ਼ਨ, ਗੁਰੂ ਗ੍ਰੰਥ ਸਾਹਿਬ ਜੀ, ਸਾਈਬਰ ਸਕਿਓਰਿਟੀ, ਬਿਜ਼ਨੈੱਸ ਅਤੇ ਕਮਿਊਨੀਕੇਸ਼ਨ ਤੇ ਰੂਰਲ ਮੈਨੇਜਮੈਂਟ ਆਦਿ ਵਰਗੇ ਅਨੇਕਾਂ ਕੋਰਸ ਚਲਾਏ ਜਾ ਰਹੇ ਹਨ। ਇਸ ਦੀ ਪੂਰੀ ਜਾਣਕਾਰੀ ਵਿਦਿਆਰਥੀਆਂ ਲਈ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਉਪਲਭਧ ਹੈ।

ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਵਿਦਿਆਰਥੀਆਂ ਲਈ ਵੀ ਅਨੇਕਾਂ ਸਰਟੀਫਿਕੇਟ ਕੋਰਸ ਬਣਾਏ ਗਏ ਹਨ, ਜੋ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਹੀ ਬਹੁਤ ਘੱਟ ਫੀਸ 'ਤੇ ਆਪਣੇ ਹੀ ਕਾਲਜ ਵਿੱਚ ਹੀ ਇਹ ਕੋਰਸ ਕਰਕੇ ਹੁਨਰਮੰਦ ਬਣ ਸਕਦੇ ਹਨ। ਇਸ ਸਕੀਮ ਅਧੀਨ ਇਸ ਸੈਸ਼ਨ ਵਿੱਚ ਵੀ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਨੇਕਾਂ ਵਿਦਿਆਰਥੀ ਇਸ ਦਾ ਲਾਭ ਉਠਾ ਰਹੇ ਹਨ। ਇਹ ਕੋਰਸ ਵਿਦਿਆਰਥੀਆਂ ਨੂੰ ਪੰਜਾਬ ਵਿੱਚ ਹੀ ਰੁਜ਼ਗਾਰ ਲੈਣ ਦੇ ਸਮਰੱਥ ਬਣਾਉਂਦੇ ਹਨ।

ਇਸ ਦੇ ਨਾਲ ਹੀ ਸਭ ਤੱਕ ਸਿੱਖਿਆ ਪਹੁੰਚਾਉਣ ਦੇ ਅਹਿਦ ਤਹਿਤ ਯੂਨੀਵਰਸਿਟੀ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਸਿੱਖਿਆ ਦਾ ਮੌਕਾ ਪ੍ਰਦਾਨ ਕਰ ਰਹੀ ਹੈ, ਜਿਨ੍ਹਾਂ ਦੀ ਫੀਸ ਸਿਰਫ 500 ਰੁਪਏ ਹੈ। ਇਸ ਸਮੇਂ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੀ ਮਦਦ ਨਾਲ ਅਨੇਕਾਂ ਕੈਦੀ ਇਸ ਅਧੀਨ ਸਿੱਖਿਆ ਪ੍ਰਾਪਤ ਕਰ ਰਹੇ ਹਨ। ਯੂਨੀਵਰਸਿਟੀ ਉਨ੍ਹਾਂ ਭਟਕੇ ਹੋਏ ਨੌਜਵਾਨਾਂ ਨੂੰ ਸਹੀ ਰਾਹ 'ਤੇ ਲਿਆਉਣ ਲਈ ਯਤਨਸ਼ੀਲ ਹੈ ਤਾਂ ਕਿ ਉਹ ਜੇਲ੍ਹ ਤੋਂ ਬਾਹਰ ਆ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਕੇ ਸਮਾਜਿਕ ਸਨਮਾਨ ਵਾਲੀ ਜ਼ਿੰਦਗੀ ਬਤੀਤ ਸਕਣ।

ਇਕ ਹੋਰ ਸਕੀਮ ਤਹਿਤ ਯੂਨੀਵਰਸਿਟੀ ਦੁਆਰਾ ਸਰੀਰਕ ਤੌਰ 'ਤੇ ਅਸਮਰੱਥ ਅਤੇ ਗੂੰਗੇ-ਬੋਲ਼ੇ ਬੱਚਿਆਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਸਿੱਖਿਆ ਦੇ ਕੇ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਦਾ ਯਤਨ ਸ਼ਲਾਘਾਯੋਗ ਹੈ। ਇਸ ਦੇ ਨਾਲ ਹੀ ਅਨੇਕਾਂ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਯੂਨੀਵਰਸਿਟੀ ਦੇ ਹੁਨਰ ਅਧਾਰਿਤ ਕੋਰਸ ਕਰਕੇ ਆਪਣੇ ਕਰੀਅਰ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਤਾਂ ਜੋ ਉਹ ਸਕੂਲੀ ਬੱਚਿਆਂ ਨੂੰ ਸਮੇਂ ਦੀ ਲੋੜ ਅਨੁਸਾਰ ਜਾਣਕਾਰੀ ਮੁਹੱਈਆ ਕਰਵਾ ਸਕਣ। ਬਹੁਤ ਹੀ ਘੱਟ ਸਮੇਂ ਵਿੱਚ ਇਹ ਸੰਸਥਾ ਭਾਰਤ ਅਤੇ ਵਿਦੇਸ਼ ਦੀਆਂ ਅਨੇਕਾਂ ਨਾਮੀ ਯੂਨੀਵਰਸਿਟੀਆਂ ਤੇ ਸੰਸਥਾਵਾਂ ਨਾਲ ਸਮਝੌਤੇ ਕਰਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਉਨ੍ਹਾਂ ਅਦਾਰਿਆਂ ਦੀਆਂ ਸੇਵਾਵਾਂ ਵੀ ਲੈ ਰਹੀ ਹੈ। ਸਮੇਂ-ਸਮੇਂ 'ਤੇ ਵੱਖ-ਵੱਖ ਵਿਸ਼ਿਆਂ ਉੱਪਰ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਸ਼ਖਸੀਅਤ ਦੀ ਉੱਨਤੀ ਲਈ ਵਿਸ਼ਾ ਮਾਹਿਰਾਂ ਦੇ ਭਾਸ਼ਣ, ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਖੋਜ ਦੇ ਖੇਤਰ ਵਿੱਚ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਅਲੱਗ-ਅਲੱਗ ਵਿਸ਼ਿਆਂ ਦੀਆਂ ਖੋਜ ਪੱਤਰਿਕਾਵਾਂ ਵੀ ਆਉਣ ਵਾਲੇ ਸਮੇਂ ਵਿੱਚ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਲਦ ਹੀ ਪੰਜਾਬੀ, ਅੰਗਰੇਜ਼ੀ, ਐੱਮ.ਕਾਮ. ਆਦਿ ਪੋਸਟ ਗ੍ਰੈਜੂਏਟ ਡਿਗਰੀਆਂ ਅਤੇ ਬੀ.ਬੀ.ਏ. ਦਾ ਕੋਰਸ ਵੀ ਸ਼ੁਰੂ ਕੀਤਾ ਜਾ ਰਿਹਾ ਹੈ।

ਅਜੋਕੇ ਸਮੇਂ ਵਿੱਚ ਲੱਕ ਤੋੜਵੀਂ ਮਹਿੰਗਾਈ ਕਾਰਨ ਸਾਰੇ ਪਰਿਵਾਰਕ ਮੈਂਬਰਾਂ ਦਾ ਆਰਥਿਕ ਤੌਰ ‘ਤੇ ਸਮਰੱਥ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਸਮੇਂ ਵਿੱਚ ਆਰਥਿਕ ਮਜਬੂਰੀਆਂ ਕਰਕੇ ਪੜ੍ਹਾਈ ਨੂੰ ਜਾਰੀ ਰੱਖਣ ਵਿੱਚ ਅਸਮਰੱਥ ਲੋਕਾਂ ਲਈ ਓਪਨ ਯੂਨੀਵਰਸਿਟੀ ਦੁਆਰਾ ਆਪਣੀ ਪੜ੍ਹਾਈ ਜਾਰੀ ਰੱਖਣਾ ਸੌਖਾ ਹੋ ਗਿਆ ਹੈ ਤੇ ਨਾਲ ਹੀ ਹੁਨਰ ਵਾਲੇ ਕੋਰਸ ਕਰਨ ਨਾਲ ਉਨ੍ਹਾਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਮੌਜੂਦਾ ਸਮੇਂ 'ਚ ਇਹ ਕੋਰਸ ਆਰਥਿਕ ਮੰਦਹਾਲੀ ਨਾਲ ਜੂਝ ਰਹੀ ਨੌਜਵਾਨੀ ਨੂੰ ਆਤਮ-ਨਿਰਭਰ ਬਣਾਉਣ ਵਿੱਚ ਮਦਦ ਕਰਨਗੇ। ਅੱਜ ਦੇ ਸਮੇਂ ਵਿੱਚ ਜਿੱਥੇ ਪੁਰਾਣੀ ਮਹਿੰਗੀ ਸਿੱਖਿਆ ਗਰੀਬਾਂ ਲਈ ਸੁਫਨਾ ਬਣ ਰਹੀ ਹੈ, ਉੱਥੇ ਹੀ ਓਪਨ ਸਿੱਖਿਆ ਸਸਤੀ ਹੋਣ ਕਰਕੇ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਬਣਾ ਕੇ ਪੰਜਾਬ ਦੀ ਸਾਖਰਤਾ ਦਰ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਏਗੀ। ਆਸ ਕਰਦੇ ਹਾਂ ਕਿ ਇਹ ਯੂਨਵਿਰਸਿਟੀ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਵੇਗੀ ਅਤੇ ਵਿਦੇਸ਼ਾਂ 'ਚ ਜਾ ਰਹੇ ਨੌਜਵਾਨਾਂ ਲਈ ਵੀ ਇਹ ਹੁਨਰ ਵਾਲੇ ਕੋਰਸ ਲਾਹੇਵੰਦ ਸਾਬਿਤ ਹੋਣਗੇ।

-ਡਾ. ਸੁਖਪਾਲ ਕੌਰ, ਸਹਾਇਕ ਪ੍ਰੋਫੈਸਰ (ਰਾਜਨੀਤੀ ਵਿਗਿਆਨ)


author

Mukesh

Content Editor

Related News