ਕਵਿਤਾ ਖਿੜਕੀ 'ਚ ਪੜ੍ਹੋ ਸ਼ਹੀਦਾਂ ਦੀ ਬਹਾਦਰੀ ਨੂੰ ਬਿਆਨਦੀਆਂ ਦੋ ਕਵਿਤਾਵਾਂ

Wednesday, Mar 23, 2022 - 03:06 PM (IST)

ਕਵਿਤਾ ਖਿੜਕੀ 'ਚ ਪੜ੍ਹੋ ਸ਼ਹੀਦਾਂ ਦੀ ਬਹਾਦਰੀ ਨੂੰ ਬਿਆਨਦੀਆਂ ਦੋ ਕਵਿਤਾਵਾਂ

ਸ਼ਹੀਦ ਭਗਤ ਸਿੰਘ ਯੋਧਾ ਸਰਦਾਰ ਮਿੱਤਰੋ
ਉਸ ਨਾਲ ਇਨਕਲਾਬੀ ਸੀ ਯਾਰ ਮਿੱਤਰੋ
ਚੰਦਰ ਸ਼ੇਖਰ,ਊਧਮ ਸਿੰਘ , ਸਰਾਭਾ ਕਰਤਾਰ ਜੀ
ਫਰੰਗੀ ਭੱਜੇ ਸੂਰਿਆਂ ਤੋਂ ਮੰਨ ਹਾਰ ਜੀ।

ਅਸੈਂਬਲੀ ਵਿੱਚ ਸੁੱਟਿਆ ਬੰਬ ਮਿੱਤਰੋ
ਕੰਧਾਂ ਗਈਆਂ ਉੱਥੋਂ ਦੀਆਂ ਕੰਬ ਮਿੱਤਰੋ
ਯੋਧਿਆਂ ਭਜਾਏ ਵੈਰੀ ਗੋਡਿਆਂ ਭਾਰ ਜੀ
ਫਰੰਗੀ ਭੱਜੇ ਸੂਰਿਆਂ ਤੋਂ ਮੰਨ ਹਾਰ ਜੀ।

ਮੌਤ ਨੂੰ ਸੂਰੇ ਕਰਦੇ ਮਖੌਲਾਂ ਮਿੱਤਰੋ
ਰੰਗਿਆ ਬਸੰਤੀ ਉਨ੍ਹਾਂ ਚੋਲ਼ਾ ਮਿੱਤਰੋ
ਬੁਲਟਾਂ 'ਤੇ ਜਾਂਦੇ ਉਹ ਬੰਨ ਡਾਰ ਜੀ
ਫਰੰਗੀ ਭੱਜੇ ਸੂਰਿਆਂ ਤੋਂ ਮੰਨ ਹਾਰ ਜੀ।

ਹੱਸ ਹੱਸ ਫਾਂਸੀ ਦੇ ਚੁੰਮੇ ਰੱਸੇ ਮਿੱਤਰੋ
ਫਾਂਸੀ ਚੜ੍ਹਨ ਲੱਗਿਆਂ ਹੱਸੇ ਮਿੱਤਰੋ
ਸੁਖਚੈਨ, ਲਿਖੇ ਯੋਧਿਆਂ ਦੀ ਵਾਰ ਜੀ
ਫਰੰਗੀ ਭੱਜੇ ਸੂਰਿਆਂ ਤੋਂ ਮੰਨ ਹਾਰ ਜੀ।

ਦੇਸ਼ ਉੱਤੋਂ ਵਾਰ ਗਏ ਜਵਾਨ ਜਾਨਾਂ ਮਿੱਤਰੋ
ਤਾਹੀਉਂ ਯਾਦ ਕਰੇ ਸ਼ਹੀਦਾਂ ਨੂੰ ਜ਼ਮਾਨਾ ਮਿੱਤਰੋ
ਹੋਇਆ ਭਾਣਾ ਜੋਂ ਮਨਜ਼ੂਰ ਕਰਤਾਰ ਜੀ 
ਫਰੰਗੀ ਭੱਜੇ ਸੂਰਿਆਂ ਤੋਂ ਮੰਨ ਹਾਰ ਜੀ।

ਸੁਖਚੈਨ ਸਿੰਘ,ਠੱਠੀ ਭਾਈ
 

ਦੇਸ਼  ਵਿੱਚ  ਜਦ  ਰਾਜ  ਸੀ  ਫਿਰੰਗੀ ਦਾ।
ਲੋਕਾਂ ਦੀਆਂ ਜਾਨਾਂ ਨੂੰ ਸੀ ਸੂਲ਼ੀ ਟੰਗੀ ਦਾ।
ਸੂਰਮੇ ਭਗਤ  ਸਿੰਘ  ਸੀ  ਦਲੇਰ ਨੇ।
ਦੇਸ਼ ਉੱਤੋਂ ਜਿੰਦ  ਵਾਰ  ਦਿੱਤੀ ਸ਼ੇਰ ਨੇ।

ਭਾਰਤੀ ਲੋਕਾਂ ਦੇ ਕੀਤਾ ਨੱਕ ਦਮ ਸੀ।
ਕਰਤੇ  ਕੰਗਾਲ  ਰੋਂਦੇ  ਛਮ-ਛਮ  ਸੀ।
ਪਰਤਿਆ ਪਾਸਾ  ਸੀ ਸਮੇਂ ਦੇ ਫੇਰ ਨੇ।
ਦੇਸ਼ ਉੱਤੋਂ ਜਿੰਦ  ਵਾਰ  ਦਿੱਤੀ ਸ਼ੇਰ ਨੇ।

ਮਿੱਟੀ ਸੀ ਪੰਜਾਬ ਦੀ ਜਾਇਆ ਸੂਰਮਾ।
ਬੰਗਾ ਪਿੰਡ ਦੇ ਵਿੱਚ  ਆਇਆ ਸੂਰਮਾ।
ਚੜ੍ਹਿਆ  ਸੂਰਜ  ਉੱਡ'ਗੇ   ਹਨ੍ਹੇਰ ਨੇ।
ਦੇਸ਼ ਉੱਤੋਂ ਜਿੰਦ  ਵਾਰ  ਦਿੱਤੀ ਸ਼ੇਰ ਨੇ।

ਪਿਤਾ ਕਿਸ਼ਨ ਸਿੰਘ ਮਾਂ ਵਿਦਿਆ ਵਤੀ।
ਖੁਸ਼ੀ  ਵਿੱਚ  ਖੀਵੇ  ਹੋਏ  ਪਤਨੀ  ਪਤੀ।
ਘਰ ਵਿੱਚ ਲੱਗੇ  ਖੁਸ਼ੀਆਂ ਦੇ ਢੇਰ ਨੇ।
ਦੇਸ਼ ਉੱਤੋਂ ਜਿੰਦ  ਵਾਰ  ਦਿੱਤੀ ਸ਼ੇਰ ਨੇ।

ਲੱਗ ਗਿਆ ਪਤਾ ਨਿੱਕੇ  ਹੁੰਦੇ ਰੀਝ ਦਾ।
ਖੇਡਦਾ ਸੀ  ਖੇਡਾਂ  ਤਾਂ  ਬੰਦੂਕਾਂ ਬੀਜਦਾ।
ਚੱਕ 'ਤਾ  ਹਨ੍ਹੇਰਾ  ਉੱਗਦੀ ਸਵੇਰ ਨੇ।
ਦੇਸ਼ ਉੱਤੋਂ ਜਿੰਦ ਵਾਰ ਦਿੱਤੀ ਸ਼ੇਰ ਨੇ।

ਕਾਲਜ 'ਚ ਆਗੂ  ਥਾਪ ਦਿੱਤਾ ਵੀਰ ਨੂੰ।
ਸਿੱਖਿਆ ਨਿਸ਼ਾਨੇ 'ਤੇ ਲਗਾਣਾ ਤੀਰ ਨੂੰ।
ਭੁੰਜੇ ਕਿਵੇਂ ਆਉਣਾਂ ਟੀਸੀ  ਵਾਲੇ ਬੇਰ ਨੇ।
ਦੇਸ਼ ਉੱਤੋਂ ਜਿੰਦ  ਵਾਰ  ਦਿੱਤੀ ਸ਼ੇਰ ਨੇ।

ਅਸੈਂਬਲੀ 'ਚ ਜਾ ਸੁੱਟ ਦਿੱਤਾ ਬੰਬ ਸੀ।
ਗੋਰਿਆਂ ਦੇ ਦਿਲ ਓਦੋਂ ਗਏ ਕੰਬ ਸੀ।
ਸ਼ੇਰ ਦੀ ਦਹਾੜ  ਦਿੱਤੇ ਸੀ ਬਿਖੇਰ ਨੇ।
ਦੇਸ਼ ਉੱਤੋਂ ਜਿੰਦ  ਵਾਰ  ਦਿੱਤੀ ਸ਼ੇਰ ਨੇ।

ਚੱਕਣਾ   ਸਕਾਟ  ਸਾਂਡਰਸ   ਮਾਰ'ਤਾ।
ਹਿੰਦ ਵਾਸੀਆਂ ਦਾ ਸੀ ਕਰਜ਼ ਤਾਰ'ਤਾ।
ਭੱਜੇ ਕੋਈ ਕਿਵੇਂ  ਚਾਰੇ ਪਾਸੇ ਘੇਰ ਨੇ।
ਦੇਸ਼ ਉੱਤੋਂ ਜਿੰਦ  ਵਾਰ  ਦਿੱਤੀ ਸ਼ੇਰ ਨੇ।

ਗੂੰਜਦੇ ਸੀ ਨਾਰ੍ਹੇ ਜਦ ਜ਼ਿੰਦਾਬਾਦ ਦੇ।
ਵਾਸੀ ਅਸੀਂ ਦੇਸ਼ ਭਾਰਤ  ਅਜ਼ਾਦ ਦੇ।
ਤੰਗ ਕੀਤਾ ਗੋਰਿਆਂ ਦੀ ਤੇਰ-ਮੇਰ ਨੇ।
ਦੇਸ਼ ਉੱਤੋਂ ਜਿੰਦ  ਵਾਰ  ਦਿੱਤੀ ਸ਼ੇਰ ਨੇ।

ਰਾਜਗੁਰੂ ਨਾਲ਼ ਸੁਖਦੇਵ ਖੜੇ ਸੀ।
ਹੱਸ-ਹੱਸ ਯੋਧੇ ਫ਼ਾਂਸੀਆਂ 'ਤੇ ਚੜ੍ਹੇ ਸੀ।
'ਸੈਦੋਕੇ' ਨਾ ਹਾਰੇ ਸੂਰੇ  ਸ਼ਮਸ਼ੇਰ  ਨੇ।
ਦੇਸ਼ ਉੱਤੋਂ ਜਿੰਦ  ਵਾਰ  ਦਿੱਤੀ ਸ਼ੇਰ ਨੇ।

ਕੁਲਵੰਤ ਸੈਦੋਕੇ
 ਪਟਿਆਲਾ

 


author

Anuradha

Content Editor

Related News