ਸਵੈ ਰੁਜ਼ਗਾਰ : ਹੱਥੀਂ ਮਿਹਨਤ ਕਰਕੇ ਵੀ ਬਣਾ ਸਕਦੇ ਹੋ ਤੁਸੀਂ ਆਪਣੀ ਵੱਖਰੀ ਪਛਾਣ
Friday, Oct 23, 2020 - 01:49 PM (IST)

ਹਰਪ੍ਰੀਤ ਕੌਰ,
ਨਕੋਦਰ
"ਤਰੱਕੀ ਦੀ ਪੌੜੀ ਫੜ ਕੇ ਅੱਗੇ ਪਹੁੰਚ ਜਾਂਦੇ ਹਨ ਲੋਕ ਪਰ ਸਲਾਮ ਤਾਂ ਉਸ ਜਜ਼ਬੇ ਨੂੰ ਹੈ, ਜੋ ਆਪਣੀ ਮੰਜ਼ਿਲ ਖੁਦ ਬਣਾਉਂਦੇ ਹਨ।"
ਇਸ ਵਿੱਚ ਬਿਲਕੁੱਲ ਸੱਚੀ ਗੱਲ ਕਹੀ ਹੈ ਤੇ ਆਪਣੀ ਮੰਜ਼ਿਲ ਖੁਦ ਬਣਾਉਣ ਦਾ ਇੱਕ ਸਭ ਤੋਂ ਵਧੀਆ ਢੰਗ ਹੈ-ਸਵੈ ਰੌਜ਼ਗਾਰ। ਇਸ ਤੋਂ ਹਰੇਕ ਕੋਈ ਵਾਕਫ਼ ਹੈ ਤੇ ਚੰਗੀ ਤਰਾਂ ਜਾਣਦਾ ਹੈ ਕਿ ਇਸਦਾ ਅਰਥ -ਆਪਣਾ ਖੁਦ ਦਾ ਕੰਮ ਜਾਂ ਕਾਰੋਬਾਰ ਹੈ। ਅੱਜ ਦੇ ਇਸ ਪ੍ਰਗਤੀਸ਼ੀਲ ਸਮਾਜ 'ਚ ਇਹ ਸਭ ਦਾ ਚੰਗਾ ਸਾਥੀ ਹੈ, ਖਾਸ ਕਰਕੇ ਜਨਾਨੀਆਂ ਦਾ।
ਸਵੈ ਰੌਜ਼ਗਾਰ ਇੱਕ ਅਜਿਹਾ ਵਿਸ਼ਾਲ ਰੁੱਖ ਹੈ, ਜੋ ਜਨਾਨੀ ਰੂਪੀ ਆਪਣੀਆਂ ਸੁੰਦਰ ਟਾਹਣੀਆਂ ਨੂੰ ਆਤਮ ਨਿਰਭਰ, ਵੱਖਰੀ ਪਹਿਚਾਣ, ਆਤਮਿਕ ਖੁਸ਼ੀ ਤੇ ਇਕ ਪ੍ਰਰੇਨਾਦਾਇਕ ਸਰੋਤ ਦੇ ਰੂਪ ਵਜੋਂ ਅਨੇਕਾਂ ਫ਼ਲ ਪ੍ਰਦਾਨ ਕਰਦਾ ਹੈ। ਇੱਕ ਜਨਾਨੀ ਦੇ ਸਿਰ ਉੱਤੇ ਹੀ ਸਾਰਾ ਘਰ ਪਰਿਵਾਰ ਟਿਕਿਆ ਹੁੰਦਾ ਹੈ, ਜਿੱਥੇ ਉਸਨੂੰ ਬਹੁਤ ਸਾਰਾ ਕੰਮ ਕਰਨਾ ਪੈਂਦਾ ਹੈ। ਸਭ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਪਰਿਵਾਰ ਨੂੰ ਇੱਕ ਮੁੱਠੀ 'ਚ ਜੋੜ ਕੇ ਰੱਖਣਾ ਹੁੰਦਾ ਹੈ। ਪਰ ਕਿਤੇ ਨਾ ਕਿਤੇ ਉਹ ਇਹ ਸਭ ਕਰਦੀ ਹੋਈ ਆਪਣੀ ਪਛਾਣ ਗੁਆ ਬੈਠਦੀ ਹੈ ਤੇ ਆਪਣੇ ਆਪ ਨੂੰ ਭੁੱਲ ਜਾਂਦੀ ਹੈ ਜਾਂ ਆਪਣੇ ਸੁਫਨੇ ਪੂਰੇ ਨਹੀਂ ਕਰ ਪਾਉਂਦੀ। ਇਸ ਹਾਲਤ ਨੂੰ ਸੁਧਾਰਨ ਦਾ ਬਸ ਇੱਕ ਹੀ ਯੋਗ ਤੇ ਉਚਿਤ ਢੰਗ ਹੈ-ਸਵੈ ਰੁਜ਼ਗਾਰ। ਜਿਸ 'ਚ ਕੋਈ ਵੀ ਕੰਮ ਹੋ ਸਕਦਾ ਹੈ ਜੋ ਜਨਾਨੀਆਂ ਦੀ ਭਲਾਈ ਦੇ ਨਾਲ-ਨਾਲ ਉਨ੍ਹਾਂ ਦੀ ਕਮਾਈ ਦਾ ਵੀ ਸਾਧਨ ਬਣ ਸਕੇ।
ਨਹੀਂ ਹੋਣੀ ਚਾਹੀਦੀ ਸੰਗ-ਸ਼ਰਮ
ਇਨਸਾਨ ਨੂੰ ਹੱਥੀਂ ਕੰਮ ਕਰਨ 'ਚ ਕੋਈ ਸੰਗ-ਸ਼ਰਮ, ਕੋਈ ਝਿਜਕ ਜਾਂ ਘਬਰਾਹਟ ਨਹੀਂ ਹੋਣੀ ਚਾਹੀਦੀ, ਕਿਉਂਕਿ ਹੱਥੀਂ ਕੰਮ ਕਰਨ ਵਾਲੇ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਵੀ ਖੁਦ ਕੰਮ ਕਰਨ ਨੂੰ ਉੱਚਿਤ ਮਾਨਤਾ ਦਿੰਦੇ ਹੋਏ ਗੁਰੂ ਸਾਹਿਬ ਜੀ ਲਿਖਦੇ ਹਨ, "ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।" ਉੱਦਮੀ ਇਨਸਾਨ ਆਪਣੇ ਕੰਮ ਨਾਲ ਹੀ ਆਪਣਾ ਸਮਾਜ ਵਿੱਚ ਵਿਸ਼ੇਸ਼ ਸਥਾਨ ਬਣਾਉਂਦਾ ਹੈ। ਇਸੇ ਕਰਕੇ ਤਾਂ ਕਹਿੰਦੇ ਹਨ, "ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ।" ਹਰ ਕੰਮ ਦੀ ਆਪਣੀ ਅਹਿਮੀਅਤ ਹੁੰਦੀ ਹੈ ਤੇ ਜੋ ਕੰਮ ਖੁਦ ਕੀਤਾ ਜਾਵੇ ਉਸਦੀ ਤਾਂ ਗੱਲ ਹੀ ਵੱਖਰੀ ਹੁੰਦੀ ਹੈ।
ਇਸੇ ਕਰਕੇ ਤਾਂ ਗੁਰਦਾਸ ਮਾਨ ਵੀ ਕਹਿੰਦੇ ਹਨ- ‘‘ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ’’