ਕਹਾਣੀਨਾਮਾ ''ਚ ਪੜ੍ਹੋ ਅੱਜ ਦੀ ਕਹਾਣੀ - ''ਚਿੜੀ ਦੇ ਬੋਟ ਦਾ ਬਰਥ ਡੇ''

06/07/2021 2:43:50 PM

ਆਪਣੇ ਹੱਥੀਂ ਖੁਦ ਬਣਾ ਕੇ ਲਾਏ ਆਲ੍ਹਣਿਆਂ ਨੂੰ ਅੱਜ ਦਸ ਪੰਦਰਾਂ ਦਿਨ ਹੋ ਗਏ ਸਨ, ਗੁਰਮੁੱਖ ਸਿੰਘ ਰੋਜ਼ ਉਸੇ ਹੀ ਸੜਕ ਤੋਂ ਲੰਘਦਾ ਸੀ, ਜਿੱਥੇ ਉਸ ਨੇ ਸੰਘਣੇ ਰੁੱਖ ਵੇਖ ਕੇ ਆਲ੍ਹਣੇ ਲਾਏ ਹੋਏ ਸਨ, ਆਉਂਦਾ ਹੋਇਆ ਜਾਂ ਜਾਂਦਾ ਹੋਇਆ, ਬੜੇ ਧਿਆਨ ਨਾਲ ਰੁਕ ਕੇ  ਆਲ੍ਹਣਿਆਂ ਵਿੱਚ ਵੇਖਦਾ ਪਰ ਕਿਸੇ ਵੀ ਪੰਛੀ ਨੇ ਜਾਂ ਚਿੜੀ ਨੇ ਵਿੱਚ ਆਪਣਾ ਰਹਿਣ ਬਸੇਰਾ ਨਹੀਂ ਬਣਾਇਆ ਸੀ। ਅੱਜ ਦਫ਼ਤਰ ਵਿੱਚ ਅੱਧੀ ਛੁੱਟੀ ਸੀ, ਗੁਰਮੁੱਖ ਸਿੰਘ ਜਲਦੀ ਜਲਦੀ ਦਫ਼ਤਰ 'ਚੋਂ ਬਾਹਰ ਨਿਕਲਿਆ ਅਤੇ ਬਿਨਾਂ ਰੁਕੇ ਮੋਟਰਸਾਈਕਲ ਨੂੰ ਕਿੱਕ ਮਾਰ ਕੇ ਘਰ ਵੱਲ ਨੂੰ ਤੁਰ ਪਿਆ। ਥੋੜ੍ਹੀ ਹੀ ਦੂਰੀ 'ਤੇ ਜਦੋਂ ਸੜਕ 'ਤੇ ਚੜ੍ਹਿਆ ਤਾਂ ਸਾਹਮਣੇ ਇੱਕ ਪਾਸੇ ਗਾਹੇ ਹੋਏ ਤੋਰੀਏ ਦੇ ਪਿੜ ਵਿੱਚ ਚਿੜੀਆਂ ਦੇ ਬੈਠੇ ਹੋਏ ਝੁੰਡ ਵੇਖਕੇ ਬਹੁਤ ਖ਼ੁਸ਼ ਹੋ ਗਿਆ। ਇੱਕ ਦਮ ਵੇਖ ਕੇ ਮੋਟਰਸਾਈਕਲ ਨੂੰ ਬਰੇਕ ਮਾਰੀ ਤੇ ਰੁਕ ਗਿਆ, ਕਿੰਨਾ ਹੀ ਚਿਰ ਖਲੋਤਾ ਹੋਇਆ ਚੁਗਦੀਆਂ ਹੋਈਆਂ ਚਿੜੀਆਂ ਨੂੰ ਵੇਖਦਾ ਰਿਹਾ।

ਲਾਗਲੇ ਖੇਤ ਵਿੱਚ ਪਾਣੀ ਲਾਉਂਦਾ ਹੋਇਆ ਜਿਮੀਂਦਾਰ ਵੀ ਕਦੋਂ ਕੋਲ ਆਣ ਕੇ ਖਲੋ ਗਿਆ ਗੁਰਮੁੱਖ ਸਿੰਘ ਨੂੰ ਪਤਾ ਹੀ ਨਾ ਲੱਗਾ, ਜਿਮੀਂਦਾਰ ਨੇ ਅਵਾਜ਼ ਮਾਰ ਕੇ ਆਖਿਆ, ਕਿਵੇਂ ਆਂ ਸਿੰਘਾ, ਬੱਸ ਠੀਕ ਆ ਜੀ, ਗੁਰਮੁੱਖ ਸਿੰਘ ਨੇ ਤ੍ਰਭਕ ਕੇ ਪਿਛਾਂਹ ਮੁੜ ਕੇ ਦੇਖਦੇ ਹੋਏ ਨੇ ਕਿਹਾ। ਚਿੜੀਆਂ ਵੇਖ ਕੇ ਮਨ ਖ਼ੁਸ਼ ਹੋ ਗਿਆ ਨਾ ? ਜਿਮੀਂਦਾਰ ਨੇ ਗੁਰਮੁੱਖ ਸਿੰਘ ਨੂੰ ਖ਼ੁਸ਼ ਵੇਖ ਕੇ ਕਿਹਾ, ਹਾਂ ਜੀ ਭਾਅ ਜੀ, ਸੱਚ ਪੁੱਛੋ ਨਾ- ਅੱਜ ਤਾਂ ਚਿੜੀਆਂ ਵੇਖ ਕੇ ਮਨ ਖ਼ੁਸ਼ ਹੋ ਗਿਆ ਤੇ ਨਾਲ ਹੀ ਬਚਪਨ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ, ਅਸੀਂ ਨਿੱਕੇ ਨਿੱਕੇ ਹੁੰਦੇ ਟੋਕਰਾ ਲਾਕੇ ਚਿੜੀਆਂ ਫੜ੍ਹਦੇ ਹੁੰਦੇ ਸੀ, ਤੇ ਉਹਨਾਂ ਨੂੰ ਰੰਗ ਲਾ ਕੇ ਛੱਡ ਦੇਂਦੇ ਹੁੰਦੇ ਸੀ, ਪਰ ਭਾਅ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਆਹ ਇਸ ਸੜਕ 'ਤੇ ਜਾਂਦਿਆਂ ਹੋਇਆਂ ਮੈਂ ਦਸ ਪੰਦਰਾਂ  ਆਲ੍ਹਣੇ ਬਣਾ ਕੇ ਲਾਏ ਹੋਏ ਨੇ, ਉਹਨਾਂ ਵਿੱਚ ਤਾਂ ਕਿਸੇ ਚਿੜੀ ਨੇ ਘਰ ਨਹੀਂ ਬਣਾਇਆ, ਪਤਾ ਨਹੀਂ ਕਿਉਂ ? ਗੁਰਮੁੱਖ ਸਿੰਘ ਨੇ ਜਿਮੀਂਦਾਰ ਨੂੰ ਕਿਹਾ, ਇਹਦੇ ਵੀ ਸਿੰਘਾ, ਅਸੀਂ ਆਪ ਹੀ ਜ਼ਿੰਮੇਵਾਰ ਆਂ, ਪਤਾ ਈ ਕਿਵੇਂ, ਆਜਾ ਹੁਣ ਵੱਟ ਤੇ ਬਹਿ ਜਾ, ਮੈਂ ਤੈਨੂੰ ਦੱਸਦਾਂ।

ਇਹ ਤਾਂ ਤੈਨੂੰ ਵੀ ਪਤਾ ਹੋਣਾ ਕਿ ਪਹਿਲਾਂ ਹਰ ਖੇਤ ਵਿੱਚ ਲੋਕ, ਸਰੋਂਆਂ ਬੀਜਦੇ ਹੁੰਦੇ ਸਨ ,ਤੋਰੀਆ ਬੀਜਦੇ ਹੁੰਦੇ ਸਨ, ਮੱਕੀ ਬੀਜਦੇ ਹੁੰਦੇ ਸਨ, ਤੇ ਹੁਣ-ਬੱਸ ਕਣਕ ਤੇ ਝੋਨਾ,- ਕਣਕ ਤੇ ਝੋਨਾ -ਸਾਡੇ ਨਾਲੋਂ ਤਾਂ ਜਾਨਵਰ ਤੇ ਪੰਛੀ ਸਿਆਣੇ ਆਂ, ਜਿਹੜੇ ਨਾ ਤਾਂ ਕਣਕ ਖਾਂਦੇ ਆ, ਤੇ ਨਾ ਹੀ ਝੋਨਾ ਪਤਾ ਈ ਕਿਉਂ ? ਕਿਉਂ- ਗੁਰਮੁੱਖ ਸਿੰਘ ਨੇ ਆਖਿਆ, ਲੈ ਉਹ ਵੀ ਸੁਣ, ਜਿਮੀਂਦਾਰ ਨੇ ਆਪਣੀ ਮੋਟਰ ਵੱਲ ਵੇਖਕੇ ਫਿਰ ਦੱਸਣਾ ਸ਼ੁਰੂ ਕੀਤਾ, ਸਭ ਤੋਂ ਜ਼ਿਆਦਾ ਜ਼ਹਿਰੀਲੀਆਂ ਸਪਰੇਆਂ ਆਪਾਂ ਕਿਸ ਨੂੰ ਕਰਨੇ ਆਂ ? ਕਣਕ ਤੇ ਝੋਨੇ ਨੂੰ, ਇਸ ਲਈ  ਜਾਨਵਰ ਇਹਨਾਂ ਨੂੰ ਨਹੀਂ ਖਾਂਦੇ, ਪਰ ਆਪਾਂ ਖਾਈ ਜਾਨੇ ਆਂ, ਜਦੋਂ ਆਪਾਂ ਸਰ੍ਹੋਂਆਂ ਬੀਜਣੀਆਂ ਛੱਡ ਗਏ, ਤੋਰੀਏ ਬੀਜਣੇ ਛੱਡ ਗਏ, ਇਹ ਵਿਚਾਰੇ ਰੱਬ ਦੇ ਜੀਅ ਕੀ ਖਾ ਕੇ ਗੁਜ਼ਾਰਾ ਕਰਨ, ਅੱਜ ਕਿਸੇ ਦੇ ਘਰੋਂ ਕੰਨ 'ਚ ਪਾਉਣ ਲਈ ਘਰ ਦੇ ਕਢਾਏ ਹੋਏ ਤੇਲ ਦੀ ਬੂੰਦ ਨਹੀਂ ਲੱਭਦੀ, ਹੱਟੀਆਂ ਤੋਂ ਤੇਲ ਲੈ ਕੇ ਆਉਂਦੇ ਹਾਂ, ਉਹ ਵੀ ਪੌਣੇ ਦੋ ਸੌ ਨੂੰ ਲਿਟਰ ਤੇਲ, ਜੇ ਇਹੋ ਹੀ ਲੋਕ ਦੁਬਾਰਾ ਫਿਰ ਸਰ੍ਹੋਂ, ਤੋਰੀਏ, ਮੱਕੀ, ਤਾਰਾਮੀਰਾ ਤਿੱਲ, ਬੀਜਣ ਲੱਗ ਪੈਣ ਨਾ ਤੇ ਵਪਾਰੀ ਤਰਲਿਆਂ ਨਾਲ ਮਿੰਨਤਾਂ ਕਰਕੇ ਘਰੋਂ ਲੈ ਕੇ ਜਾਣ। ਜਿਹੜੇ ਅੱਜ ਅਸੀਂ ਮਗਰ ਮਗਰ ਫਿਰਦੇਂ ਆਂ ਨਾ, ਜੇ ਕੱਲ੍ਹ ਨੂੰ ਇਹ ਨਾ ਮਗਰ ਮਗਰ ਫਿਰਨ, ਤਾਂ ਮੈਨੂੰ ਕਹਿ ਦਈਂ। ਇੱਕ ਗੱਲ ਹੋਰ ਹੁਣ ਮੇਰੀ ਸੁਣ ਸਿੰਘਾ, ਪਹਿਲਾਂ.. .ਸਭਦੇ ਘਰ ਕੱਚੇ ਹੁੰਦੇ ਸੀ , ਕਿਸੇ ਵਿਰਲੇ ਵਾਂਝੇ ਨੇ ਪੱਕੇ ਪਾਏ ਹੁੰਦੇ ਸੀ। ਉੱਦੋਂ ਘਰਾਂ ਦੇ ਵਿੱਚ ਲੁੱਕਣ ਲਈ ਪੰਛੀਆਂ ਨੂੰ ਥਾਂ ਲੱਭ ਜਾਂਦੀ ਸੀ, ਨਾਲੇ ਸਾਰੇ ਪਰਿਵਾਰ ਪਿਆਰ ਨਾਲ ਰਹਿੰਦੇ ਸੀ। ਇਹ ਪੰਛੀ ਵੀ ਉੱਥੇ ਰਹਿੰਦੇ ਆ ਜਿੱਥੇ ਪਿਆਰ ਹੋਵੇ। ਤੇ ਹੁਣ ਸਾਡੇ ਵਰਗੇ, ਪੈਲੀ ਭਾਂਵੇ ਇੱਕ ਕਿਲਾ ਈ ਹੋਵੇ, ਕਰਜਾ ਚੁੱਕ ਕੇ ਵੇਖੋ ਵੇਖੀ ਕੋਠੀ ਤਿੰਨ ਮੰਜ਼ਿਲੀ ਪਾਉਣੀ ਆਂ, ਮੁੜਕੇ  ਭਾਵੇਂ ਫਾਹ ਈ ਲੈਣਾ ਪੈ ਜੇ, ਕਰਜ਼ੇ ਤੋਂ ਨਹੀਂ ਡਰਨਾ

ਚੰਗਾ ਸਿੰਘਾ ਮੇਰਾ ਕਿਆਰਾ ਭਰ ਗਿਆ ਹੋਣਾ ਏਂ, ਹੁਣ ਮੈਂ ਜਾਨਾ ਜਿਮੀਂਦਾਰ ਨੇ ਉੱਠਦਿਆਂ ਹੋਇਆਂ ਕਿਹਾ, ਚੰਗਾ ਭਾਅ ਜੀ ਬਹੁਤ ਵਧੀਆ ਗੱਲਾਂ ਸੁਣਾਈਆਂ ਤੁਸੀਂ, ਨਾਲੇ ਬਿਲਕੁਲ ਸੱਚੀਆਂ, ਮੈਨੂੰ ਵੀ ਪਤਾ ਲੱਗ ਗਿਆ, ਇਹ ਵਾਕਿਆ ਈ  ਤੋਰੀਏ, ਸਰ੍ਹੋਂ ਨੂੰ  ਜ਼ਿਆਦਾ ਪਸੰਦ ਕਰਦੀਆਂ ਨੇ, ਮੈਂ ਅੱਜ ਈ ਹੱਟੀ ਤੋਂ ਤੋਰੀਆ ਜਾਂ ਸਰ੍ਹੋਂ ਲੈ ਕੇ ਜਾਨਾ ਆਂ।

 ਗੁਰਮੁੱਖ ਸਿੰਘ ਨੇ ਮੋਟਰਸਾਈਕਲ ਨੂੰ ਕਿੱਕ ਮਾਰੀ ਅਤੇ ਘਰ ਵੱਲ ਨੂੰ ਤੁਰ ਪਿਆ, ਜਾਂਦਿਆਂ ਈਂ ਹੱਟੀ ਤੋਂ ਪੰਛੀਆਂ ਦਾ ਖਾਣਾ ਦਾਣਾ ਲਿਆ ਅਤੇ ਘਰੇ ਪਹੁੰਚ ਗਿਆ, ਗੇਟ ਖੋਲ੍ਹਿਆ ਤੇ ਗੁਰਮੁੱਖ ਸਿੰਘ ਦਾ ਛੋਟਾ ਜਿਹਾ ਪੁੱਤਰ ਭੱਜ ਕੇ ਅੱਗੋਂ ਆਇਆ ਤੇ ਤੋਤਲੀ ਜਿਹੀ ਆਵਾਜ਼ ਨਾਲ ਆਖਣ ਲੱਗਾ, ਦੈਦੀ ਜੀ ਦੈਦੀ ਜੀ ਬੋਦੀ ਆਲੀ ਚਿਲੀ ਦਾ ਬੋਤ,-- ਚੀਂ-ਚੀਂ ਤਲਦਾ ਉੱਥੇ, ਦੈਦੀ ਜੀ ਉੱਥੇ-- ਪੁੱਤ ਨੇ ਉਂਗਲੀ ਕਰਕੇ ਕਿਹਾ, ਮੰਮੀ ਤਹਿੰਦੀ ਬਲਥ ਦੇਅ ਮਨਾਂਵਾ ਦੇ ਉਹਦਾ-ਓ ਤੇਰੀ ਨੂੰ, ਕਿੱਥੇ ਮੇਰੇ ਪੁੱਤ ਨੇ ਬੋਦੀ ਆਲੀ ਚਿੜੀ ਦਾ ਬੋਟ ਵੇਖ ਲਿਆ, ਗੁਰਮੁੱਖ ਸਿੰਘ ਨੇ ਪੁੱਤ ਨੂੰ ਚੁੱਕਦੇ ਹੋਏ ਨੇ ਕਿਹਾ।

 ਇਹਨੇ ਜਦੋਂ ਦਾ ਬੁਲਬੁਲ ਦਾ ਬੋਟ ਤੂਤ ਨਾਲ ਟੰਗੇ ਆਲ੍ਹਣੇ 'ਚ ਵੇਖਿਆ ਏ , ਉਦੋਂ ਦਾ ਈ ਬੜਾ ਖ਼ੁਸ਼ ਏ, ਸਵੇਰ ਦਾ ਈ ਆਖੀ ਜਾਂਦਾ, ਕਹਿੰਦਾ ਇਹਦਾ ਹੈਪੀ ਬਰਥਡੇਅ ਮਨਾਉਣਾ ਆਂ, ਡੈਡੀ ਨੂੰ ਆ ਲੈਣ ਦੇ, ਘੜੀ ਮੁੜੀ ਤੁਹਾਨੂੰ ਗੇਟ ਅੱਗੇ ਵੇਖਣ ਜਾਂਦਾ ਹੈ, ਪਤਨੀ ਨੇ ਪੁੱਤ ਦੀ ਖ਼ੁਸ਼ੀ ਦਾ ਇਜਹਾਰ ਕਰਦਿਆਂ ਕਿਹਾ।
ਆਹੋ ਬਈ ਕਿਉਂ ਨਾ ਮਨਾਵਾਂਗੇ ਹੈਪੀ ਬਰਥ ਡੇਅ, ਆਖਰ ਸਾਡੇ ਘਰੇ ਵੀ ਤਾਂ ਸਾਡੇ ਪੁੱਤ ਦਾ ਦੋਸਤ ਬਣ ਕੇ ਨਵਾਂ ਜੀ ਆਇਆ,ਗੁਰਮੁਖ ਸਿੰਘ ਨੇ ਆਪਣੇ ਪੁੱਤ ਦੀ ਖ਼ੁਸ਼ੀ ਦੀ ਖ਼ਾਤਰ ਖੁਸ਼ ਹੁੰਦਿਆਂ ਕਿਹਾ, ਆਪਣੀ ਪਤਨੀ  ਦੇ ਨਾਲ  ਆਪਣੇ ਪੁੱਤ ਨੂੰ ਚੁੱਕ ਕੇ ਖੜ੍ਹਾ ਹੋਇਆ ਗੁਰਮੁਖ ਸਿੰਘ ਆਲ੍ਹਣੇ ਵਿੱਚ ਬੋਟ ਨੂੰ ਵੇਖ ਕੇ ਖ਼ੁਸ਼ ਹੋ ਰਿਹਾ ਸੀ । 

ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਾਹਿਤ ਸਭਾ ਪੀਰ ਮੁਹੰਮਦ  
ਮੋਬਾ ਨੰ 9855069972-9780253156


Harnek Seechewal

Content Editor

Related News