ਪੜ੍ਹੋ ਵੱਡੇ ਅਰਥਾਂ ਵਾਲੀ ਮਿੰਨੀ ਕਹਾਣੀ- ਸਹਾਰਾ ਲੱਭਦੀ ਜ਼ਿੰਦਗੀ
Monday, Aug 29, 2022 - 06:57 PM (IST)

ਜ਼ਿੰਦਗੀ ਵਿੱਚ ਕਈ ਉਤਰਾਅ ਚੜ੍ਹਾਅ ਆਉਂਦੇ ਹਨ । ਜਾਣੇ ਅਣਜਾਣੇ ਵਿੱਚ ਕੀਤੀਆਂ ਗ਼ਲਤੀਆਂ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ ਹੈ। ਕਈ ਵਾਰ ਕਿਸਮਤ ਹੀ ਅਜਿਹੀ ਮਾਰ ਮਾਰਦੀ ਹੈ ਕਿ ਇਨਸਾਨ ਘੜੀ ਦਾ ਖੁੰਝਿਆ ਕੋਹਾਂ 'ਤੇ ਜਾ ਪੈਂਦਾ ਹੈ। "ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤੋਂ ਬੋਝਲ ਹੋਏ" ਦੀ ਕਹਾਵਤ ਅਨੁਸਾਰ ਉਮਰ ਦੇ ਬੀਤਣ ਨਾਲ ਤੇ ਸਮਾਜ ਵਿੱਚ ਧੱਕੇ ਖਾਣ ਨਾਲ ਸਮਝ ਮਜ਼ਬੂਤ ਹੁੰਦੀ ਜਾਂਦੀ ਹੈ। ਬਾਲ ਵਰੇਸ ਵਿਚ ਕੋਈ ਸਮਝ ਨਹੀਂ ਹੁੰਦੀ, ਪਰ ਮਜਬੂਰੀ ਵਿੱਚ ਕੀਤੇ ਗ਼ਲਤ ਫ਼ੈਸਲੇ ਸਾਡਾ ਭਵਿੱਖ ਧੁੰਦਲਾ ਕਰ ਦਿੰਦੇ ਹਨ।
ਬਾਲ ਭਲਾਈ ਕਮੇਟੀ ਵਿੱਚ ਵਿਚਰਦਿਆਂ ਪਿਛਲੇ ਦਿਨੀਂ ਇਕ ਵਾਕਿਆਤ ਦਾ ਸਾਹਮਣਾ ਕਰਨਾ ਪਿਆ। ਕੇਸ ਦਾ ਫ਼ੈਸਲਾ ਕਰਨ ਲੱਗਿਆਂ ਮੇਰੇ ਦਿਲ ਅਤੇ ਦਿਮਾਗ ਵਿੱਚ ਅਜਿਹੀ ਜੰਗ ਚੱਲੀ ਕਿ ਮਾਂ ਦੀ ਮਮਤਾ ਅਤੇ ਬਾਲਾਂ ਦੀ ਪਰਵਰਿਸ਼ ਵਿਚੋਂ ਕਿਸੇ ਇਕ ਨੂੰ ਚੁਣਨ ਲਈ ਸੋਚਾਂ ਦੇ ਡੂੰਘੇ ਵਹਿਣ ਵਿੱਚ ਵਹਿੰਦਾ ਗਿਆ। ਇੱਕ ਬਾਈ ਕੁ ਸਾਲਾਂ ਦੀ ਮੁਟਿਆਰ ਦਫ਼ਤਰ ਵਿੱਚ ਮੇਰੇ ਸਾਹਮਣੇ ਬੈਠੀ ਸੀ। ਵੇਖਣ ਨੂੰ ਠੀਕ ਠਾਕ ਅਤੇ ਖੂਬਸੂਰਤ। ਪਹਿਲੀ ਨਜ਼ਰੇ ਉਸ ਵੱਲ ਤੱਕਣ ‘ਤੇ ਉਸ ਦੇ ਦੁੱਖ ਦਾ ਕੋਈ ਅੰਦਾਜ਼ਾ ਨਹੀਂ ਲੱਗਦਾ ਸੀ। ਉਸ ਨੇ ਦਰਖ਼ਾਸਤ ਦਿੱਤੀ ਕਿ ਉਹ ਅਨਾਥ ਅਤੇ ਇਕੱਲੀ ਸੀ। ਉਸ ਨੂੰ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਪਾਲਿਆ ਅਤੇ ਪੰਦਰਾਂ ਸਾਲਾਂ ਦੀ ਨਾਬਾਲਗ ਉਮਰੇ ਉਸ ਦਾ ਵਿਆਹ ਕਰ ਦਿੱਤਾ। ਉਸ ਉੱਤੇ ਦੁੱਖਾਂ ਦਾ ਪਹਾੜ ਉਦੋਂ ਟੁੱਟਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦਾ ਪਤੀ ਨਾਮੁਰਾਦ ਬਿਮਾਰੀ ਏਡਜ਼ ਨਾਲ ਗ੍ਰਸਤ ਹੈ, ਜਿਸ ਤੋਂ ਲਾਗ ਨਾਲ ਉਸ ਨੂੰ ਵੀ ਇਹ ਭੈੜੀ ਬਿਮਾਰੀ ਲੱਗ ਗਈ। ਉਨ੍ਹਾਂ ਦੇ ਘਰ ਦੋ ਬੱਚੇ ਧੀ ਅਤੇ ਪੁੱਤਰ ਨੇ ਜਨਮ ਲਿਆ। ਰੱਬ ਦੀ ਸਵੱਲੀ ਨਜ਼ਰ ਨਾਲ ਦੋਵੇਂ ਬੱਚੇ ਐਚ ਆਈ ਵੀ ਨੈਗੇਟਿਵ ਨਿਕਲੇ। ਮਾਂ ਪਿਓ ਨੂੰ ਇਹ ਬਿਮਾਰੀ ਹੁੰਦੇ ਹੋਏ ਵੀ ਉਨ੍ਹਾਂ ਦਾ ਇਸ ਬਿਮਾਰੀ ਤੋਂ ਬਚਾਅ ਰਿਹਾ। ਮੀਆਂ ਬੀਵੀ ਦੋਵੇਂ ਇੱਕ ਦੂਜੇ ਤੋਂ ਬਿਮਾਰੀ ਦੀ ਲਾਗ ਲੱਗਣ ਦੀਆਂ ਤੁਹਮਤਾਂ ਦਿੰਦੇ ਰਹੇ। ਇਸ ਤਰ੍ਹਾਂ ਉਸ ਕੁੜੀ ਦਾ ਆਪਣੇ ਪਤੀ ਤੋਂ ਮੋਹ ਭੰਗ ਹੋ ਗਿਆ। ਜਿਵੇਂ ਕਿ ਅਕਸਰ ਵੇਖਿਆ ਗਿਆ ਹੈ ਕਿ ਸਾਡੇ ਸਮਾਜ ਵਿੱਚ ਔਰਤ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਤੇ ਓਹ ਸਹਾਰਾ ਭਾਲਦੀ ਕਈ ਵਾਰੀ ਜ਼ਿੰਦਗੀ ਦੇ ਗ਼ਲਤ ਫ਼ੈਸਲੇ ਵੀ ਕਰ ਲੈਂਦੀ ਹੈ ਜੋ ਕਿ ਤਾਅ ਉਮਰ ਪਛਤਾਵੇ ਦਾ ਕਾਰਨ ਹੋ ਨਿੱਬੜਦਾ ਹੈ। ਉਸ ਕੁੜੀ ਦੇ ਕਿਸੇ ਹੋਰ ਮਰਦ ਨਾਲ ਸਬੰਧ ਬਣ ਗਏ ਅਤੇ ਉਹ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਉਸ ਨਾਲ ਚਲੀ ਗਈ। ਪੰਚਾਇਤੀ ਰਾਜ਼ੀਨਾਮੇ ਵਿਚ ਉਸ ਨੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ। ਉਮਰ ਨਿੱਕੀ ਅਤੇ ਨਾ ਸਮਝੀ 'ਚ ਕੀਤੇ ਫ਼ੈਸਲੇ ਕਰਕੇ ਉਸਦੇ ਰਿਸ਼ਤੇਦਾਰ ਜਿਨ੍ਹਾਂ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਸੀ ਵੀ, ਉਸ ਨਾਲੋਂ ਨਾਤਾ ਤੋੜ ਗਏ। ਨਵੇਂ ਮਰਦ ਨੇ ਉੱਚ ਅਦਾਲਤਾਂ ‘ਚ ਜਾ ਕੇ ਉਸ ਕੋਲੋਂ ਉਸ ਦੇ ਸਹੁਰਿਆਂ ਅਤੇ ਪਤੀ ਖ਼ਿਲਾਫ਼ ਕੇਸ ਕਰਵਾ ਦਿੱਤੇ ਜਿਸ ਕਰਕੇ ਉਸ ਲਈ ਸਹੁਰੇ ਘਰ ਦੇ ਬੂਹੇ ਹਮੇਸ਼ਾ ਲਈ ਬੰਦ ਹੋ ਗਏ। ਉਸ ਨਵੇਂ ਮਰਦ ਨੇ ਇਸ ਦਾ ਦੋ ਚਾਰ ਸਾਲ ਸ਼ੋਸ਼ਣ ਕੀਤਾ ਤੇ ਇਸ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਛੱਡ ਕੇ ਆਪਣੇ ਰਾਹ ਪੈ ਗਿਆ।
ਖ਼ੈਰ, ਉਸਦੇ ਉਹੀ ਪੁਰਾਣੇ ਰਿਸ਼ਤੇਦਾਰ ਨੇ ਤਰਸ ਖਾ ਕੇ ਘਰ ਵਾੜ ਲਿਆ। ਹੁਣ ਉਸਨੇ ਆਪਣੇ ਬੱਚਿਆਂ ਨੂੰ ਵਾਪਸ ਲੈਣ ਜਾਂ ਆਪਣੇ ਸਹੁਰੇ ਘਰ ਮੁੜ ਵੱਸਣ ਲਈ ਸਾਡੇ ਕੋਲ ਦਰਖ਼ਾਸਤ ਦਿੱਤੀ ਸੀ। ਉਸਦੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਦਫ਼ਤਰ ਬੁਲਾਇਆ ਗਿਆ। ਉਸਦੇ ਪਤੀ ਦੀ ਹਾਲਤ ਨਾਮੁਰਾਦ ਬਿਮਾਰੀ ਕਰਕੇ ਬੇਹੱਦ ਤਰਸਯੋਗ ਹੋ ਚੁੱਕੀ ਸੀ। ਦੋਵੇਂ ਬੱਚੇ ਬੜੇ ਸੋਹਣੇ ਪਹਿਰਾਵੇ ਵਿੱਚ ਆਪਣੇ ਦਾਦਾ ਦਾਦੀ ਨਾਲ ਆਏ ਸਨ, ਜਿਸ ਤੋਂ ਉਨ੍ਹਾਂ ਦੇ ਚੰਗੇ ਪਾਲਣ ਪੋਸ਼ਣ ਦਾ ਝਲਕਾਰਾ ਪੈ ਰਿਹਾ ਸੀ। ਬੱਚੇ ਆਪਣੇ ਦਾਦਾ ਦਾਦੀ ਨਾਲ ਬਹੁਤ ਖ਼ੁਸ਼ ਸਨ ਤੇ ਚੰਗੇ ਸਕੂਲ ਵਿੱਚ ਪੜ੍ਹਦੇ ਸਨ। ਪੰਚਾਇਤ, ਪਿੰਡ ਅਤੇ ਹੋਰ ਆਲੇ ਦੁਆਲੇ ਤੋਂ ਬੱਚਿਆਂ ਦੀ ਪਰਵਰਿਸ਼ ਸਬੰਧੀ ਪੜਤਾਲ ਕਰਵਾਈ ਗਈ ਤਾਂ ਤਸੱਲੀਬਖ਼ਸ਼ ਜਵਾਬ ਹੀ ਆਇਆ। ਜਦੋਂ ਬੱਚਿਆਂ ਦੀ ਕਾਊਂਸਲਿੰਗ ਕੀਤੀ ਗਈ ਤਾਂ ਇੰਨੇ ਸਾਲ ਮਾਂ ਤੋਂ ਅਲੱਗ ਰਹਿਣ ਕਰਕੇ ਉਨ੍ਹਾਂ ਨੇ ਮਾਂ ਨੂੰ ਪਛਾਨਣ ਅਤੇ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣੇ ਪਿਤਾ ਤੇ ਦਾਦਾ ਦਾਦੀ ਨਾਲ ਹੀ ਰਹਿਣ ਦੀ ਇੱਛਾ ਜ਼ਾਹਿਰ ਕੀਤੀ। ਦੂਜੇ ਪਾਸੇ ਉਸ ਕੁੜੀ ਕੋਲ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਅਤੇ ਪੜ੍ਹਾਉਣ ਦੇ ਵੀ ਕੋਈ ਮਾਲੀ ਸਾਧਨ ਨਹੀਂ ਸਨ। ਕੁੜੀ ਮੇਰੇ ਸਾਹਮਣੇ ਬੈਠੀ ਫੁੱਟ ਫੁੱਟ ਰੋ ਰਹੀ ਸੀ। ਉਸ ਦੇ ਮਮਤਾਮਈ ਅੱਥਰੂਆਂ ਨੇ ਸਾਡਾ ਦਿਲ ਵੀ ਪਸੀਜ ਦਿੱਤਾ। ਇਕ ਪਾਸੇ ਮਾਂ ਦੀ ਮਮਤਾ ਸੀ ਤੇ ਦੂਜੇ ਪਾਸੇ ਬੱਚਿਆਂ ਦੀ ਚੰਗੀ ਪਰਵਰਿਸ਼ ਦਾ ਸਵਾਲ। ਮੈਂ ਸੋਚ ਰਿਹਾ ਸਾਂ ਕਿ ਨਿੱਕੀ ਉਮਰੇ ਜਾਂ ਨਾਸਮਝੀ ਵਿਚ ਮਜਬੂਰੀ ਵਸ ਚੁੱਕੇ ਉਸਦੇ ਇਕ ਗ਼ਲਤ ਕਦਮ ਨੇ ਉਸਦੀ ਜ਼ਿੰਦਗੀ ਵਿੱਚ ਹਨੇਰਾ ਕਰ ਦਿੱਤਾ ਸੀ। ਉਸ ਦੀ ਮਮਤਾ ਅਤੇ ਪਹਾੜ ਜਿੱਡੀ ਜ਼ਿੰਦਗੀ ਦੇ ਕਈ ਸਵਾਲ ਉਸ ਦੇ ਨੈਣਾਂ ਵਿਚਲੇ ਅੱਥਰੂ ਔਰਤ ਦੀ ਹੋਣੀ ਨੂੰ ਬਿਆਨ ਕਰ ਰਹੇ ਸਨ ।।
ਐਡਵੋਕੇਟ ਗਗਨਦੀਪ ਸਿੰਘ ਗੁਰਾਇਆ