ਕਹਾਣੀਨਾਮਾ ''ਚ ਪੜ੍ਹੋ ਮਿੰਨੀ ਕਹਾਣੀ- ਸਾਂਝੀ ਕੰਧ

Saturday, Jun 26, 2021 - 08:31 AM (IST)

ਕਹਾਣੀਨਾਮਾ ''ਚ ਪੜ੍ਹੋ ਮਿੰਨੀ ਕਹਾਣੀ- ਸਾਂਝੀ ਕੰਧ

ਅੱਧੀ ਕੁ ਰਾਤ ਵੇਲੇ ਬੜੀ ਤੇਜ਼ ਹਨੇਰੀ ਆਈ, ਜਿਸ ਵਿੱਚ ਕਈਆਂ ਦੀਆਂ ਛੱਤਾਂ ਉੱਡ ਗਈਆਂ, ਕਈ ਦਰੱਖਤ ਜੜ੍ਹੋਂ ਪੁੱਟੇ ਗਏ, ਬਿੱਕਰ ਤੇ ਜੈਲੇ ਦੀ ਸਾਂਝੀ ਕੰਧ ਵੀ ਸਾਰੀ ਦੀ ਸਾਰੀ ਥੱਲ੍ਹੇ ਡਿੱਗ ਪਈ, ਦਿਨ ਚੜ੍ਹਿਆ ਤੇ ਦੋਵਾਂ ਭਰਾਵਾਂ ਦਾ ਵਿਹੜਾ ਇੱਕੋ ਹੀ ਬਣਿਆ ਪਿਆ ਸੀ।

ਜੈਲਾ ਜੋ ਛੋਟਾ ਭਰਾ ਸੀ, ਬਿੱਕਰ ਦੇ ਘਰ ਵੱਲ ਨੂੰ ਪਿੱਠ ਕਰ ਕੇ ਬੈਠਾ ਸੀ, ਬਿੱਕਰ ਸਿੰਘ ਦੀ ਘਰਵਾਲੀ ਬਿੱਕਰ ਸਿੰਘ ਨੂੰ ਚਾਹ ਫੜ੍ਹਾਉਂਦੀ ਹੋਈ ਕਹਿਣ ਲੱਗੀ , ਸ਼ੁਕਰ ਹੈ ਰੱਬ ਦਾ, ਕੰਧ ਵੀ ਤਾਂ ਰਾਤੀਂ ਹੀ ਡਿੱਗੀ ਆ, ਕੱਲ੍ਹ ਸਾਰਾ ਦਿਨ ਜੈਲੇ ਦੇ ਦੋਵੇਂ ਜਵਾਕ ਕੁੜੀ ਤੇ ਮੁੰਡਾ ਘੜੀ ਮੁੜੀ ਕੰਧ 'ਤੇ ਚੜ੍ਹਦੇ ਸੀ, ਤੇ ਉੱਤੇ ਬਹਿ ਕੇ ਕਿੰਨਾ- ਕਿੰਨਾ ਚਿਰ ਈ ਆਪਣੇ ਇੱਧਰ ਘਰ ਵੱਲ ਨੂੰ ਤੱਕਦੇ ਰਹਿੰਦੇ ਸੀ। ਖੌਰੇ ਬਾਲ ਸੋਚਦੇ ਹੋਣ ਕਿ ਤਾਈ ਸਾਨੂੰ ਅਵਾਜ਼ ਮਾਰੂਗੀ ਕਿ ਨਹੀਂ  ?

ਤੂੰ ਅਵਾਜ਼ ਮਾਰ ਈ ਲੈਣੀ ਸੀ, ਬਿੱਕਰ ਸਿੰਘ ਨੇ ਰਾਤ ਵਾਲੇ ਜ਼ਰਦੇ ਦਾ ਭਰਿਆ ਚਿਮਚਾ ਮੂੰਹ ਵਿੱਚ ਪਾਉਂਦੇ ਨੇ ਕਿਹਾ। ਜੀਅ ਤਾਂ ਮੇਰਾ ਕਰਦਾ ਸੀ ਕਿ ਅਵਾਜ਼ ਮਾਰ ਲਵਾਂ ਤੇ ਆਪਣੇ ਹੱਥਾਂ ਨਾਲ ਭੋਲੂ ਨੂੰ ਜ਼ਰਦਾ ਖਵਾਂਵਾਂ, ਜਿਵੇਂ ਨਿੱਕਾ ਹੁੰਦਾ ਮੇਰੇ ਤੋਂ ਸਿਵਾਏ ਕਿਸੇ ਹੋਰ ਤੋਂ ਰੋਟੀ ਨਹੀਂ ਖਾਂਦਾ ਹੁੰਦਾ ਸੀ, ਮੇਰਾ ਅੱਜ ਵੀ ਜੀਅ ਕਰਦਾ ਕਿ ਭੋਲੂ ਨੂੰ ਗੋਦੀ ਚ ਬਿਠਾਂਵਾਂ, ਤੇ ਆਪਣੇ ਹੱਥੀਂ ਉਹਨੂੰ ਜ਼ਰਦਾ ਖਵਾਂਵਾਂ, ਮੇਰੇ ਹੱਥਾਂ ਦਾ ਬਣਿਆ ਜ਼ਰਦਾ ਬੜਾ ਖੁਸ਼ ਹੋ ਕੇ ਖਾਂਦਾ ਸੀ। ਆਪਣੀਆਂ  ਕੁੜੀਆਂ ਤਾਂ ਦੋਵੇਂ ਆਪੋ  ਆਪਣੇ ਘਰੀਂ ਚਲੀਆਂ ਗਈਆਂ, ਹੁਣ ਤਾਂ ਆਪਣੇ ਵਿਹੜੇ ਕਦੇ ਕੋਈ ਛੋਟਾ ਜਵਾਕ ਖੇਡਣ ਵੀ ਨਹੀਂ ਆਇਆ। ਹਉਕਾ ਲੈਂਦੀ ਹੋਈ ਬਿੱਕਰ ਸਿੰਘ ਦੀ ਪਤਨੀ ਨੇ ਆਖਿਆ। 
ਤੂੰ ਐਂਵੇਂ ਈ ਨਾ ਮਨ ਹੌਲਾ ਕਰਿਆ ਕਰ, ਇਹ ਜੈਲੇ ਦੇ ਜਵਾਕ ਵੀ ਤਾਂ ਆਪਣੇ ਈ ਨੇ, ਫਿਰ ਕੀ ਹੋਇਆ ਜੇ ਜੈਲੇ ਦੀ ਘਰਦੀ ਅੜਬ ਜਿਹੇ ਸੁਭਾਅ ਦੀ ਆ, ਲੈ ਔਹ-ਉੱਧਰ ਵੇਖ... ਭੋਲੂ ਸੁੱਤਾ ਹੁਣ ਉਠਿਆ ਈ, ਅੱਖਾਂ ਮਲਦਾ ਬਾਹਰ ਨਿੱਕਲਿਆ ਆਉਂਦਾ ਈ। ਬਿੱਕਰ ਨੇ ਇਸ਼ਾਰਾ ਕਰਕੇ ਪਤਨੀ ਨੂੰ ਕਿਹਾ। ਉਹ ਤੇਰੀ ਨੂੰ... ਕੰਧ ਕੌਣ ਸੁੱਟ ਗਿ। ਭੋਲੂ ਨੇ ਇੱਕ ਦਮ ਕੰਧ ਵੇਖ ਕੇ ਕਿਹਾ, ਚਲੋ ਚੰਗਾ ਹੋਇਆ, ਇੱਧਰੋਂ ਬੜੀ ਠੰਡੀ ਹਵਾ ਆਉਂਦੀ ਆ।
ਤਾਈ ਜੀ, ਤਾਈ ਜੀ  ਤੁਸੀਂ ਕੱਲ੍ਹ ਜ਼ਰਦਾ ਬਣਾਇਆ ਸੀ ਨਾ ?
ਭੋਲੂ ਨੇ ਉੱਚੀ ਅਵਾਜ਼ ਨਾਲ ਆਪਣੀ ਤਾਈ ਨੂੰ ਪੁੱਛਿਆ। 
ਆਹੋ ਭੋਲੂ ਪੁੱਤ, ਕੱਲ੍ਹ ਜ਼ਰਦਾ ਬਣਾਇਆ ਸੀ, ਅਜੇ ਵੀ ਪਿਆ ਏ
ਜੇ ਖਾਣਾ ਈ ਤਾਂ ਆਜਾ, ਬਿੱਕਰ ਸਿੰਘ ਦੀ ਘਰਵਾਲੀ ਨੇ ਜਵਾਬ ਦਿੱਤਾ, 
ਤਾਈ ਜੀ- ਤਾਈ ਜੀ ਮੈਂ ਆ ਤਾਂ ਜਾਂਵਾਂ,ਪਰ ਮੇਰਾ ਡੈਡੀ ਕੁੱਟੂਗਾ
ਭੋਲੂ ਨੇ ਡਰਦੇ ਹੋਏ ਨੇ ਕਿਹਾ, 

ਮੈਂ ਖਵਾਉਣਾ ਤੈਨੂੰ ਜ਼ਰਦਾ, ਇੱਧਰ ਆਜਾ ਚੁੱਪ ਕਰਕੇ, ਅੱਗੇ ਤਾਂ ਰੋਜ ਜ਼ਰਦਾ ਈ ਖਾ ਕੇ ਸੌਂਦਾ ਏਂ- ਸਾਲਾ ਜ਼ਰਦੇ ਦਾ, ਜੈਲੇ ਨੇ ਗੁੱਸੇ ਵਿੱਚ ਲਾਲ ਪੀਲੇ ਹੁੰਦੇ ਨੇ ਕਿਹਾ,
ਕਿਉਂ ਆਪਣਾ ਸਾਰਾ ਗੁੱਸਾ ਭੋਰਾ ਜਿਹੇ ਜਵਾਕ 'ਤੇ ਈ ਕੱਢੀ ਜਾਨਾਂ ਏਂ, ਉਹਨੇ ਕੀ ਵਿਗਾੜਿਆ ਤੇਰਾ, ਗੇਟੋਂ ਅੰਦਰ ਆਉਂਦੇ ਹੋਏ ਲੰਬੜਦਾਰ ਨੇ ਕਿਹਾ। ਆਉ ਚਾਚਾ ਜੀ, ਜੈਲੇ ਨੇ ਪਿੱਛੇ ਭੌਂਅ ਕੇ ਵੇਖ ਕੇ ਕਿਹਾ, ਆਉ ਬੈਠੋ, ਮੈਂ ਰਾਤੀਂ ਘਰੇ ਗਿਆ ਸੀ,ਪਰ ਤੁਸੀਂ ਮਿਲੇ ਨਹੀਂ। ਮੈਂ ਵੀ  ਤੈਨੂੰ ਨਾ ਬੜੇ ਦਿਨਾਂ ਦਾ ਮਿਲਣ ਮਿਲਣ ਕਰਦਾ ਸੀ, ਪਰ ਤੇਰਾ ਮੇਰਾ ਮੇਲ ਈ ਨਹੀਂ ਹੋਇਆ, ਆਹ ਸੱਚ, ਕੰਧ ਕਦੋਂ ਡਿੱਗੀ ਆ ? ਲੰਬੜਦਾਰ ਦੀ ਨਜ਼ਰ ਕੰਧ 'ਤੇ ਪੈਂਦਿਆ ਈ ਪੁੱਛਿਆ। ਇਹ ਚਾਚਾ ਜੀ ਰਾਤੀਂ ਡਿੱਗੀ ਆ, ਸੱਦਨੇ ਆਂ ਮਿਸਤਰੀ ਤੇ ਉਹਨੂੰ ਕਹਿੰਨੇ ਆਂ ਬਈ ਜਲਦੀ ਜਲਦੀ ਇਹਨੂੰ ਉੱਚਾ ਚੁੱਕ ਦੇਹ, ਜੈਲੇ ਨੇ ਜਵਾਬ ਦਿੰਦਿਆਂ ਕਿਹਾ।
ਕਿਉਂ ?  ਹੁਣ ਕਿਉਂ ਇਹਨੂੰ ਉੱਚਾ ਕਰਨਾ ਈਂ ? ਲੰਬੜਦਾਰ ਨੇ ਹੈਰਾਨ ਹੁੰਦੇ ਹੋਏ ਨੇ ਪੁੱਛਿਆ, ਤੇ  ਕਿਹਾ, ਉਏ ਕਮਲਿਆ, ਇੱਕੋ ਥੋਡਾ ਵਿਹੜਾ ਏ, ਤੇ ਦੋਵੇਂ ਈਂ ਭਰਾ ਤੁਸੀਂ, ਹੋਰ ਕਿਹੜਾ ਤੁਸੀਂ ਸੱਤ-ਅੱਠ ਜਣੇ ਜੇ, ਇੱਕ ਨਾਲ ਨਹੀਂ ਬਣੀ, ਤੇ ਦੂਜਾ ਸਹੀ, ਤੇਰਾ ਵੱਡਾ ਭਰਾ ਤਾਂ ਨਿਰ੍ਹਾ ਰੱਬ ਦਾ ਰੂਪ ਏ, ਨਾਲੇ ਉਹਨੇ ਬਾਪੂ ਦੀ ਪੱਗ ਬੱਧੀ ਆ, ਤੇ ਜੋ ਉਹਨੇ ਤੇਰੇ ਨਾਲ ਸੂਰਮ-ਗਤੀ ਕੀਤੀ ਏ ਨਾ, ਤੂੰ ਦੋਹਰੇ ਜੰਮ ਕੇ ਵੀ ਉਹਦਾ ਅਹਿਸਾਨ ਨਹੀਂ ਲਾਹ ਸਕਦਾ।ਕਿਉਂ  ? ਉਹਨੇ ਮੇਰੇ ਨਾਲ ਇਹੋ ਜਿਹਾ ਕੀ ਕਰਤਾ ? ਜੈਲੇ ਨੇ ਗੁੱਸੇ ਵਿੱਚ ਲਾਲ ਪੀਲੇ ਹੁੰਦੇ ਨੇ ਕਿਹਾ, ਉਏ ਜੈਲਿਆ ਕੋਈ ਅਕਲ ਨੂੰ ਹੱਥ ਮਾਰ, ਕਦੇ ਪਟਵਾਰੀ ਕੋਲ ਗਿਆਂ ਏਂ ? ਲੰਬੜਦਾਰ ਨੇ ਬੜੀ ਨਿਮਰਤਾ ਨਾਲ ਕਿਹਾ, ਪਟਵਾਰੀ ਕੋਲ ਜਾਣ ਲਈ ਇਹ ਵੱਡਾ ਜੂ ਹੈਗਾ, ਨਾਲੇ ਮੇਰੇ ਨਾਂਅ ਕੀ ਆ, ਜਿਹੜਾ ਮੈਂ ਪਟਵਾਰੀ ਕੋਲ ਜਾਂਵਾਂ।ਜੈਲਾ ਆਪਣੇ ਵੱਡੇ ਭਰਾ ਬਾਰੇ ਬਿਨਾਂ ਸੋਚੇ ਸਮਝੇ ਬੜਾ ਕੁਝ ਬੋਲ ਗਿਆ। ਓ ਪਾਗਲਾ ਕਿਸੇ ਥਾਂ ਦਿਆ, ਓ ਤੈਨੂੰ ਤਾਂ ਉਹਦੇ ਪੈਰ ਧੋ ਧੋ ਕੇ ਪੀਣੇ ਚਾਹੀਦੇ ਆ, ਤਕਰੀਬਨ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੋਣਾ ,ਜਦੋਂ ਤੇਰਾ ਵੱਡਾ ਭਰਾ ਮੈਨੂੰ ਨਾਲ ਲੈ ਕੇ ਤਹਿਸੀਲੇ ਗਿਆ ਸੀ, ਤੇ ਪਤਾ ਏ ਉਹਨੇ ਉਥੇ ਕੀ ਕੀਤਾ ? ਤੇਰੇ ਪੁੱਤ ਦਾ ਨਾਂ ਭੋਲੂ ਈ ਏ ਨਾ, ਜਿਹੜੀ ਜ਼ਮੀਨ ਤੇਰੇ ਹਿੱਸੇ ਬਣਦੀ ਸੀ ਉਹ ਤੇਰੇ ਨਾਂਅ ਕਰਵਾ ਦਿੱਤੀ ,ਤੇ ਜਿਹੜੀ ਉਹਦੇ ਆਪ ਦੇ ਹਿੱਸੇ ਦੀ ਬਣਦੀ ਸੀ ਉਹ ਸਾਰੀ ਦੀ ਸਾਰੀ ਜ਼ਮੀਨ ਤੇਰੇ ਭੋਲੂ ਦੇ ਨਾਂਅ ਤੇ ਲਵਾ ਦਿੱਤੀ, ਤੇ ਸਗੋਂ ਉਹਨੂੰ ਮੈਂ ਕਿਹਾ, ਕੋਈ ਆਪਣੇ ਨਾਂ ਵੀ ਮਰਲਾ ਰਹਿਣ ਦੇਹ, ਤੇ ਪਤਾ ਈ ਉਹਨੇ ਅੱਗੋਂ ਕੀ ਕਿਹਾ, ਆਖਣ ਲੱਗਾ ਭੋਲੂ ਵੀ ਤਾਂ ਮੇਰਾ ਈ ਪੁੱਤ ਆ, ਪੁੱਤ ਕੀ ਤੇ ਭਤੀਜਾ ਕੀ, ਇੱਕੋ ਈ ਗੱਲ ਆ, ਮੈਨੂੰ ਤਾਂ ਰੱਬ ਨੇ ਦੋ ਧੀਆਂ ਈ ਦਿੱਤੀਆਂ ਸੀ ,ਉਹ ਆਪੋ ਆਪਣੇ ਘਰੀਂ ਚਲੀਆਂ ਗਈਆਂ, ਜੇ ਕੱਲ੍ਹ ਨੂੰ ਮੈਂ ਮਰ ਵੀ ਜਾਂਵਾ ਤੇ ਫਿਰ ਮੇਰੀਆਂ ਧੀਆਂ ਨੇ ਵਾਰਸ ਬਣ ਜਾਣਾ ਏਂ, ਤੇ ਕੱਲ੍ਹ ਨੂੰ ਕੀ ਪਤਾ ਮੇਰੇ ਛੋਟੇ ਭਰਾ ਦੇ ਮਗਰ ਡਾਂਗਾਂ ਸੋਟੇ ਚੁੱਕੀ ਫਿਰਨ। ਮੈਂ ਨਹੀਂ ਚਾਹੁੰਦਾ ਕਿ ਮੇਰੇ ਛੋਟੇ ਭਰਾ ਨਾਲ ਕੋਈ ਲੜੇ, ਇਸ ਲਈ ਮੈਂ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਤੀਜੇ ਦੇ ਨਾਂ ਲਵਾ ਦਿੱਤੀ ਏ, ਕੱਲ੍ਹ ਨੂੰ ਜੇ ਮੇਰਾ ਭਰਾ ਮੈਨੂੰ ਛਾਂਵੇ ਨਾ ਕਰੇਗਾ ਤੇ ਧੁੱਪੇ ਵੀ ਨਹੀਂ ਸੁੱਟਦਾ,ਇਹ ਮੈਨੂੰ ਯਕੀਨ ਏ, ਕਿਉਂਕਿ ਫਿਰ ਵੀ ਅਸੀਂ ਇੱਕੋ ਢਿੱਡ ਦੇ ਜਾਏ ਆਂ। ਲੰਬੜਦਾਰ ਬੋਲੀ ਜਾ ਰਿਹਾ ਸੀ, ਪਰ ਜੈਲੇ ਦਾ ਗਲਾ ਭਰ ਗਿਆ, ਕੁੱਝ ਬੋਲਣ ਦੀ ਹਿੰਮਤ ਕਰਦਾ, ਪਰ ਉਸਤੋਂ ਬੋਲਿਆ ਨਹੀਂ ਜਾ ਰਿਹਾ ਸੀ,ਉਸਦੀ ਕਤਰਾਂਵੀ ਦਾੜ੍ਹੀ ਹੰਝੂਆਂ ਨਾਲ ਪੂਰੀ ਤਰ੍ਹਾਂ ਭਿੱਜ ਚੁੱਕੀ ਸੀ,  ਚਾਚਾ   ਬ---ਬੱ -ਸ ਵੀ ਕਰ ਹੁਣ, ਹੋਰ ਕਿੰਨਾ ਕੂੰ ਰੋਆਂਏਗਾ।
ਅੱਖਾਂ ਪੂੰਝਦਾ ਹੋਇਆ ਜੈਲਾ ਅੰਦਰ ਜਾ ਕੇ ਆਪਣੇ ਪੁੱਤ ਭੋਲੂ ਨੂੰ ਆਖਣ ਲੱਗਾ, ਆ ਪੁੱਤ ਤੇਰੇ ਤਾਏ ਘਰੇ ਚੱਲੀਏ, ਤੇਰੀ ਤਾਈ ਨੇ ਤੇਰੇ ਲਈ ਰਾਤ ਦਾ ਜ਼ਰਦਾ ਜ਼ਰੂਰ ਰੱਖਿਆ ਹੋਣਾ ਏਂ। ਚੱਲ ਖਾਣ ਚੱਲੀਏ। ਜੈਲੇ ਨੇ ਭੋਲੂ ਦੀ ਬਾਂਹ ਫੜ੍ਹ ਲਈ ਤੇ ਤੁਰਨ ਹੀ ਲੱਗਾ ਸੀ ਕਿ ਜੈਲੇ ਦੀ ਘਰਵਾਲੀ ਬੋਲ ਪਈ ,ਅਸੀਂ ਨਹੀਂ ਜਾਣਾ ਸ਼ਰੀਕਾਂ ਦੇ ਘਰੇ ? ਕਿੱਡੀ ਛੇਤੀ ਤੁਰ ਪਏ ਆ ਦੋਵੇਂ ਪਿਉ ਪੁੱਤ ? ਜੈਲੇ ਨੇ ਗੁੱਸੇ ਵਿੱਚ ਘਰ ਵਾਲੀ ਦੇ ਥੱਪੜ ਮਾਰਨ ਦੀ ਸੋਚੀ ਪਰ ਮਾਰ ਨਾ ਸਕਿਆ ਤੇ ਕਚੀਚੀ ਵੱਟ ਕੇ ਭਰਾ ਦੇ ਵਿਹੜੇ ਵੱਲ ਤੁਰ ਪਿਆ। ਮੰਮੀ ਕੰਧ ਹੁਣ ਮੈਂ ਨਹੀਂ ਬਣਨ ਦੇਣੀ ਮੈਂ ਤਾਈ ਘਰੇ ਚੱਲਿਆਂ ਵਾਂਅ । ਇੰਨੀ ਆਖ ਕੇ ਭੋਲੂ ਦੌੜ ਲਾ ਕੇ ਆਪਣੀ ਤਾਈ ਦੇ ਘਰੇ ਜਾ ਵੜਿਆ ।
 ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਾਹਿਤ
ਸਭਾ ਪੀਰ ਮੁਹੰਮਦ
9855069972-9780253156


author

Harnek Seechewal

Content Editor

Related News