ਕਵਿਤਾ ਖਿੜਕੀ ''ਚ ਪੜ੍ਹੋ ਸਮੇਂ ਦੀ ਤਰਜ਼ਮਾਨੀ ਕਰਦੀਆਂ ਵਿਅੰਗਮਈ ਰਚਨਾਵਾਂ

05/03/2022 5:58:48 PM

 "ਬੱਸ ਕਰੋ!"

ਮੈਂ ਬੜਾ ਚੰਗਾ ਆਖਣ ਤੂੰ ਬੜਾ ਮਾੜਾ ਏਂ।
ਆਪਸ ਵਿੱਚ ਐਵੇਂ ਪਾਈ ਜਾਂਦੇ ਪਾੜਾ ਏ।

ਇੱਕੋ ਹੀ ਤੇ ਰੱਬ ਹੈ ਜੀਹਦੀ ਔਲਾਦ ਅਸੀਂ,
ਇੱਕੋ ਰੰਗ ਖ਼ੂਨ ਦਾ ਹੈ ਪਤਲਾ ਜਾਂ ਗਾੜ੍ਹਾ ਏ।

ਜਾਂਞੀ ਐਵੇਂ ਲੜੀ ਜਾਂਦੇ ਚਿੱਟੇ ਅਤੇ ਭਗਵੇਂ ਪਾ,
ਦੇਖ ਦੇਖ ਹੱਸੀ ਜਾਵੇ ਦੂਰ ਬੈਠਾ ਲਾੜਾ ਏ।
 
ਅੱਗ ਲਾ ਕੇ ਡੱਬੂ ਜਿਉਂ  ਜਾ ਬੈਠੇ ਕੰਧ ਉੱਤੇ,
ਚੁੱਪ ਕਰ ਦੇਖੀਂ ਜਾਏ ਸੀਂਤਾ ਜਿਉਂ ਜਵਾੜ੍ਹਾ ਏ।

ਪੰਜਾਬ ਦੀ ਜਵਾਨੀ ਤਾਂ ਪਹਿਲਾਂ ਹੀ ਪਿੰਜੀ ਪਈ,
ਖ਼ਾਲੀ ਹੱਥੀਂ ਨਸ਼ਿਆਂ ਦਾ ਚੱਲੀ ਜਾਂਦਾ ਤਾੜਾ ਏ।

ਗੁਰੂਆਂ ਪੀਰਾਂ ਦੇ ਨਾਂ 'ਤੇ ਵੱਸਦੇ ਪੰਜਾਬ ਤਾਂਈ,
ਕਾਹਤੋਂ ਬਣਾਈ ਜਾਂਦੇ ਯੁੱਧ ਦਾ ਅਖਾੜਾ ਏ।

ਪਿਆਰ ਦੀਆਂ ਸਾਂਝਾਂ ਦੇ ਵੱਖ-ਵੱਖ ਫੁੱਲ ਖਿੜੇ,
ਦੱਸੋ ਕਿਉਂ ਚਲਾਈ ਜਾਵੋਂ ਨਫ਼ਰਤੀ ਕੁਹਾੜਾ ਏ।

ਸਾਰੇ ਹੀ ਧਰਮ ਚੰਗੇ ਕੋਈ ਵੀ ਤਾਂ ਮਾੜਾ ਨਹੀਂ,
ਸਿਆਸਤਾਂ ਦੇ ਮਾਰੇ ਐਵੇਂ ਕਰੀ ਜਾਂਦੇ ਸਾੜਾ ਏ।

'ਬੱਸ ਕਰੋ!' ਸਾਂਤੀ ਨੂੰ ਲਾਂਬੂ ਨਾ ਲਗਾਓ ਭਾਈ,
'ਸੈਦੋਕੇ' ਨਾ ਭੁੱਲਿਆ ਚੁਰਾਸੀ ਦਾ ਉਜਾੜਾ ਏ।
    
✍ ਕੁਲਵੰਤ ਸਿੰਘ ਸੈਦੋਕੇ

--------

ਹੱਥ ‘ਚ ਕੈਮਰਾ ਲੈ ਕੇ ਜਦੋਂ ਮੈਂ, ਛੱਤ ਦੇ ਉੱਤੇ ਚੜ੍ਹਿਆ !
ਪੂਰਬ ਵੱਲੋਂ ਅਵਾਜ਼  ਸੀ ਆਈ, ਸਾਡੀ ਫੋਟੋ ਕਰ ਦੇ ਅੜ੍ਹਿਆ  !

ਪਿੱਪਲ਼ ਵੱਲ ਦੇਖਿਆ ਜਦ ਮੈਂ, ਇੱਕ ਨਵਾਂ ਹੀ ਜੋੜਾ ਨਜ਼ਰ ਪਿਆ !
ਕੌਣ ਹੈ ਇਹ ਕਿੱਥੋਂ ਆਏ,ਮੈਂ ਸੋਚ ਥੋੜੀ ਦੇਰ ਠਹਿਰ ਗਿਆ !

ਘੁੱਗੀ ਦਾ ਭਨੋਈਆ ਲਗਦਾ, ਹੋਊ ਨਾਲ ਉਹਦੇ ਘਰ ਵਾਲੀ !
ਕਦੇ-ਕਦੇ ਮੈਨੂੰ ਇਉਂ ਲੱਗੇ, ਜਿਵੇਂ ਕਬੂਤਰ ਦੇ ਸਾਢੂੰ -ਸਾਲੀ !

ਪੋਜ਼ ਉਹ ਬਨਾਉਣ ਲੱਗੇ, ਮੈਂ ਅਜੇ ਲੈਂਜ਼  ਸੈੱਟ ਸੀ ਕੀਤਾ !
ਇੰਨੇ ਵਿੱਚ ਹੀ ਹੋਰ ਫੋਟੋ ਲਈ, ਉਹਨਾਂ ਮੂੰਹ ਦੂਜੇ ਪਾਸੇ ਕੀਤਾ ! 

ਤੀਜਾ ਸਾਈਡ ਪੋਜ਼ ਬਣਾਇਆ ਉਹਨਾਂ ਦੂਜੀ ਟਾਹਣੀ ਬਹਿਕੇ !
ਮਾਰ ਉਡਾਰੀ ਕਦੇ ਫਿਰ ਆਵਾਂਗੇ, ਜਾਂਦੇ-ਜਾਂਦੇ ਕਹਿ ਗਏ !

ਮੈਂ ਪੁੱਛਿਆ ਹੁਣ ਆਥਣ ਵੇਲੇ, ਤੁਸੀਂ ਕਿੱਧਰ ਨੂੰ ਚੱਲੇ !
ਕਹਿੰਦੇ ਬੱਚੇ ਘਰੇ ਉਡੀਕਦੇ ਆ, ਉਹ ਰਹਿੰਦੇ ਨਹੀਂ ਇਕੱਲੇ ! 

ਚਿੱਟੀ ਚੁੰਝ ਤੇ ਪੈਰ ਨੇ ਪੀਲੇ, ਹਰੀਅਲ ਸਾਨੂੰ ਕਹਿੰਦੇ ਆ !
ਥੋੜ੍ਹੀ ਦੇਰ ਲਈ ਆਏ ਸੀ, ਅਸੀਂ ਉਝ ਖੇਤਾਂ ਵਿੱਚ ਰਹਿੰਦੇ ਆ !

ਬਿਨਾਂ ਗਰਜ਼ ਤੋਂ ਜਦੋਂ ਮਨੁੱਖ ਕਿਸੇ ਨਾਲ ਵੀ ਪਿਆਰ ਕਰਦਾ ਹੈ !
“ਬਾਜ” ਕਹੇ ਮਾਲਿਕ ਉਸ ਦੀ, ਖੁਸ਼ੀਆਂ ਨਾਲ ਝੋਲੀ ਭਰਦਾ ਹੈ !

                      ਗੁਰਬਾਜ ਸਿੰਘ ਕੰਗ


----------------------------
ਧੀ ਤੇਰੀ 

ਬਾਬੁਲ ਤੇਰੇ ਰੁਤਬੇ ਵਾਂਗਰਾਂ,
ਮੈਂ ਗਲ਼ ਪਿਆਰ ਨੂੰ ਲਾਇਆ ਨਾ।
ਧੀ ਤੇਰੀ ਨੇ ਮੁੜ ਅੱਜ ਵੀ,
ਮੁੜ ਪਿਆਰ ਨੂੰ ਝੋਲੀ ਪਾਇਆ ਨਾ।

ਜ਼ਿੰਦਗੀ ਰਾਹਾਂ ਵਿੱਚ ਮੈਂ ਸਾਹੇਂ,
ਮਾਂ ਮੇਰੀ ਦਾ ਦਿਲ ਦੁਖਾਇਆ ਨਾ।
ਕੰਧ ਟੱਪ ਜੋ ਜਾਂਦੀਆਂ ਧੀਆਂ,
ਮੁੜ ਇੱਜ਼ਤ ਦਾਅ ਮੁੱਕ ਜਾਇਆ ਨਾ।

ਮੁੱਕ ਗਏ ਨੇ ਵੀਰ ਭੈਣ ਵਿਛੋੜੇ,
ਮੈ ਉਸ ਰਾਹ ਵੱਲ ਕਦੇ ਸਤਾਇਆ ਨਾ।
ਜਿਸ ਘਰ ਜੀਵੇ ਵੀਰਾ ਮੇਰਾ,
ਪੱਗੜੀ ਰੋਲਣਾ ਮੈਨੂੰ ਸਿਖਾਇਆ ਨਾ।

ਜਿਉਂਦੇ ਸੁਫ਼ਨੇ ਸੇਕਾਂ ਬਾਬੁਲ ਦੇ,
ਪਾਠ ਕਰ ਰੋਜ਼ ਰੱਬ ਧਿਆਇਆ ਨਾ।
ਹੰਝੂ ਇੱਕ ਵੀ ਆਉਣ ਨਾ ਦਿੱਤਾ,
ਗੁੱਡੀਆਂ ਪਟੋਲੇ ਹੱਥ ਫੜਾਇਆ ਨਾ।

ਵੱਖਰੀ ਸੋਚ ਮੈਂ ਲਾਜ ਬਾਬੁਲ ਦੀ,
ਜਿਸਮ ਤੋਂ ਚੁੰਨੀ ਕਦੇ ਹਟਾਇਆ ਨਾ।
ਕੀ ਕੀ ਰੰਗ ਵਿਖਾਂਦੀ ਦੁਨੀਆ,
ਗੌਰਵ ਖ਼ਾਸ ਤੋਂ ਝੂਠ ਲਿਖਾਇਆ ਨਾ।

ਗੌਰਵ ਧੀਮਾਨ


---------
ਕਬਿੱਤ:-  *ਨਿੰਬੂ ਪਾਣੀ*
ਮਹਿਗਾਈ ਵਾਲ਼ੀ ਮਾਰ, ਝੱਲੀ ਨਹੀਂ ਜਾਂਦੀ ਹੁਣ, ਹਾਰੀ ਸਾਰੀ ਬੰਦਾ ਕਿਵੇਂ, ਘਰ ਨੂੰ ਚਲਾਵੇ ਜੀ।
ਚੌਕੀਦਾਰ ਆਪ ਬੈਠਾ, ਹੋਕੇ ਉੱਤੇ ਹੋਕਾ ਦੇਵੇ, ਖ਼ਬਰਦਾਰ ਹੋਜੋ ਕੋਈ, ਠੱਗਿਆ ਨਾ ਜਾਵੇ ਜੀ।

ਗੰਢੇ ਵਾਲ਼ੀ ਥਾਂ 'ਤੇ ਹੁਣ, ਡਟ ਗਿਆ ਨਿੰਬੂ ਲੱਗੇ, ਬੈਠ ਅਸਮਾਨੀ ਅੱਖਾਂ ਕੱਢ ਕੇ ਡਰਾਵੇ ਜੀ।
ਨਜ਼ਰਾਂ ਦੇ ਡਰ ਤੋਂ ਸੀ,  ਟੰਗਦੇ ਮਿਰਚ ਨਿੰਬੂ, ਅੱਜ ਕੱਲ੍ਹ ਖੁਦ ਨਿੰਬੂ, ਅੱਖ ਨਾ ਮਿਲਾਵੇ ਜੀ।

ਨਿੰਬੂ ਨੇ ਨਿਚੋੜ ਦਿੱਤਾ, ਬੰਦੇ ਨੂੰ ਤਾਂ ਨਿੰਬੂ ਵਾਂਗ, ਸਾਹ ਸੁੱਕੀ ਜਾਣ ਜੋ ਸ਼ਿਕੰਜਵੀ ਬਣਾਵੇ ਜੀ।
ਓੜ-ਪੋੜ੍ਹ ਕਰ ਕਿਤੋਂ, ਚਾਰ ਕੋਈ ਲੈ ਵੀ ਆਵੇ, ਰੱਖਦਾ ਲਕੋ ਲਕੋ, ਨੀਂਦ ਨਹੀਂ ਆਵੇ ਜੀ।

ਪੀਲ਼ੇ ਨਿੰਬੂ ਦੇਖ ਬੰਦਾ, ਆਪ ਪੀਲ਼ਾ ਹੋਈ ਜਾਵੇ, ਭਾਅ ਦੱਸ ਰੇੜ੍ਹੀ ਵਾਲਾ, ਮੁੜ੍ਹਕਾ ਲਿਆਵੇ ਜੀ।
ਰਿਸ਼ਤੇਦਾਰੀ ਵਿੱਚ ਜਾ ਕੇ, ਮੰਗਲੋ ਜੇ ਨਿੰਬੂ ਪਾਣੀ, ਅੰਦਰੋਂ ਨਰਾਜ਼ ਹੋਜੂ, ਬਾਹਰੋਂ ਸ਼ਰਮਾਵੇ ਜੀ।

ਜਦੋਂ ਕਿਸੇ ਘਰ ਜਾਣਾ, ਪੰਜ ਸੱਤ ਨਿੰਬੂ ਲੈ'ਜੋ, ਖੋਏ ਵਾਲ਼ੀ ਬਰਫ਼ੀ ਜੋ, ਮਨ ਨੂੰ ਨਾ ਭਾਵੇ ਜੀ।
ਨਿੰਬੂ ਦਾ ਅਚਾਰ ਦੱਸੋ, ਕੌਣ ਪਾਊ ਇਸ ਵਾਰੀ, ਸੋਨੇ ਦਾ ਏ ਸਿੰਗ ਹੋਇਆ, ਭਾਲਿਆਂ ਨਾ ਥਿਆਵੇ ਜੀ।

ਗੁਣ ਨਿੰਬੂ ਵਿੱਚ ਬੜੇ, ਚੰਗਾ ਹੋਵੇਗਾ ਜੇ ਬੰਦਾ, ਹਰ ਘਰ ਵਿੱਚ ਬੂਟਾ, ਨਿੰਬੂ ਦਾ ਲਗਾਵੇ ਜੀ।
ਕਰਦਾ ਏ ਚਿੱਤ ਯਾਰੋ, 'ਸੈਦੋਕੇ' ਪਿਆਰਾ ਕੋਈ, ਨਿੰਬੂਆਂ ਦਾ ਡੱਬਾ ਭਰ, ਤੋਹਫ਼ਾ ਲਿਆਵੇ ਜੀ।

✍ ਕੁਲਵੰਤ ਸੈਦੋਕੇ


Harnek Seechewal

Content Editor

Related News