ਕਹਾਣੀਨਾਮਾ : ਪੜ੍ਹੋ ਦੋ ਮਿੰਨੀ ਕਹਾਣੀਆਂ ‘ਰੱਬ ਨਾਲ ਸਾਂਝ’ ਤੇ ‘ਮੋਹ ਭਰਿਆ ਸੱਦਾ’

Thursday, Nov 04, 2021 - 07:25 PM (IST)

ਕਹਾਣੀਨਾਮਾ : ਪੜ੍ਹੋ ਦੋ ਮਿੰਨੀ ਕਹਾਣੀਆਂ ‘ਰੱਬ ਨਾਲ ਸਾਂਝ’ ਤੇ ‘ਮੋਹ ਭਰਿਆ ਸੱਦਾ’

ਜੀਤੇ ਨੂੰ ਸਾਰੀ ਰਾਤ ਨੀਂਦ ਨਾ ਆਈ ਕਿਉਂਕਿ ਰਾਤੀਂ ਹਨੇਰੀ ਤੇ ਝੱਖੜ ਨਾਲ ਬਹੁਤ ਤੇਜ਼ ਮੀਂਹ ਪੈਂਦਾ ਰਿਹਾ ਤੇ ਰੋੜਿਆਂ ਵਾਂਗੂੰ ਗੜ੍ਹੇ ਵੀ ਅੰਬਰੋਂ ਡਿੱਗਦੇ ਰਹੇ, ਸਵੇਰੇ ਅਜੇ ਸੂਰਜ ਦੀ ਥੋੜ੍ਹੀ ਜਿਹੀ ਲੋਅ ਲੱਗੀ ਹੀ ਸੀ, ਜੀਤੇ ਨੇ ਮੂੰਹ ’ਤੇ ਪਾਣੀ ਮਾਰਿਆ ਤੇ ਬਿਨਾਂ ਚਾਹ ਪੀਤਿਆਂ ਆਪਣੇ ਖੇਤਾਂ ਵੱਲ ਨਿਕਲ ਤੁਰਿਆ। ਜਾ ਕੇ ਵੇਖਿਆ ਕਿ ਸਾਰਾ ਝੋਨਾ ਧਰਤੀ ਉੱਤੇ ਲੇਟਿਆ ਪਿਆ ਸੀ, ਖਿੱਲਰੀ ਹੋਏ ਰੂੰ ਦੇ ਫੰਬਿਆਂ ਵਾਂਗ ਗੜ੍ਹੇ ਅਜੇ ਵੀ ਝੋਨੇ ਦੇ ਉੱਤੇ ਹੀ ਪਏ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਝੋਨੇ ਉੱਤੇ ਪਿਆ ਹੋਇਆ ਮੋਟਾ-ਮੋਟਾ ਗੜ੍ਹਾ ਆਖ ਰਿਹਾ ਹੋਵੇ, ਉਹ ਕਿਸਾਨਾ, ਜਿੰਨਾ ਮਰਜ਼ੀ ਤੂੰ ਉਪਰ ਉੱਠਣ ਦੀ ਕੋਸ਼ਿਸ਼ ਕਰ ਲੈ ਪੁੱਤਰਾ, ਤੈਨੂੰ ਇਸੇ ਤਰ੍ਹਾਂ ਕੰਗਾਲ ਕਰ ਕੇ ਛੱਡਾਂਗੇ, ਪਹਿਲਾਂ ਤੈਨੂੰ ਡੀਜ਼ਲ ਤੇ ਪੈਟਰੋਲ ਮਹਿੰਗਾ ਕਰਕੇ ਦੇਸ਼ ਦੇ ਹਾਕਮਾਂ ਨੇ ਲੁੱਟਿਆ, ਫਿਰ ਤੈਨੂੰ ਕੀੜਿਆਂ-ਮਕੌੜਿਆਂ ਦੀਆਂ ਨਕਲੀ ਸਪਰੇਆਂ ਵਾਲਿਆਂ ਨੇ ਲੁੱਟਿਆ, ਤੂੰ ਫਿਰ ਵੀ ਮੁਸਕਰਾਉਂਦਾਂ ਰਿਹਾ ਕਿ ਕੋਈ ਨਾ, ਝੋਨਾ ਵੱਢ ਕੇ ਵੇਚ ਕੇ ਘਾਟਾ-ਵਾਧਾ ਸਾਰਾ ਪੂਰਾ ਕਰਲਾਂਗੇ, ਤੂੰ ਤਾਂ ਇਹੋ ਹੀ ਸੋਚਿਆ ਹੋਣਾ ? ਬਈ ਤੂੰ ਆਪਣੀ ਸੁੱਕੀ ਸਾਣੀ ਝੋਨੇ ਦੀ ਫਸਲ ਵੇਚ ਕੇ ਤੂੰ ਪੈਸੇ ਵੱਟ ਲਏਂਗਾ ?

ਤੂੰ ਸੋਚਿਆ ਹੋਣਾ ਤੇਰੀ ਸਾਰੀ ਮਨ ਦੀ ਆਸ ਪੂਰੀ ਹੋ ਜਾਏਗੀ ? ਉਹ ਨਹੀਂ ਬਾਈ, ਅਜੇ ਤਾਂ ਉੱਤੇ ਮੈਂ ਵੀ ਖੜ੍ਹਾ ਸੀ, ਤੈਨੂੰ ਇਹ ਨਹੀਂ ਪਤਾ ? ਮੇਰਾ ਵੀ ਹਿੱਸਾ ਬਣਦਾ ਸੀ, ਹਿੱਸਾ ਕੀ, ਮੈਂ ਤੇਰੇ ਪੱਲੇ ਕੱਖ ਪੈਣ ਈ ਨਹੀਂ ਦੇਣਾ, ਹੁਣ ਦਸਾਂ ਦਿਨਾਂ ਤੱਕ ਪਹਿਲਾਂ ਥਾਂ ਸੁੱਕਣ ਦੀ ਉਡੀਕ ਕਰੀਂ, ਫਿਰ ਅੱਧਾ-ਪਚੱਧਾ ਜੋ ਮੇਰੀ ਮਾਰ ਥੱਲਿਓਂ ਝੋਨਾ ਬਚ ਗਿਆ, ਉਹ ਵੱਢੀਂ ਤੇ ਮੰਡੀਆਂ ਦੇ ਚੱਕਰ ਕੱਢਦਾ ਰਹੀਂ, ਫਿਰ ਤੈਨੂੰ ਮੋਸਚਰ ਦੇ ਨਾਂ ’ਤੇ ਮੰਡੀ ’ਚ ਰਾਤਾਂ ਕੱਟਣੀਆਂ ਪੈਣਗੀਆਂ, ਕਿੱਥੇ ਭੱਜ ਕੇ ਜਾਏਂਗਾ, ਤੇਰੀ ਤਾਂ ਕਿਸਾਨਾਂ ਉਸ ਰੱਬ ਨਾਲ ਸਾਂਝ ਆ, ਜਿਹਦੇ ਹੁਕਮ ਨਾਲ ਤੇਰੀ ਪੁੱਤਾਂ ਵਾਂਗੂੰ ਪਾਲ਼ੀ ਫਸਲ ਅਸੀਂ ਤਬਾਹ ਕਰਕੇ ਰੱਖ ਦਿੱਤੀ, ਜੇ ਉਹਦਾ ਜੀਅ ਕਰੇ ਤੈਨੂੰ ਦਾਣਾ ਚੁੱਕਣ ਦੇਵੇ ਜਾਂ ਨਾ, ਜੀਤੇ ਨੂੰ ਅੰਦਰੋਂ-ਅੰਦਰੀਂ ਸੱਚਮੁੱਚ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਕੋਈ ਗੈਬੀ ਸ਼ਕਤੀ ਉਸ ਨੂੰ ਹਲੂਣ-ਹਲੂਣ ਕੇ ਇਹ ਸਭ ਕੁਝ ਆਖ ਰਹੀ ਹੋਵੇ। ਇਹ ਸਾਰਾ ਕੁਝ ਵੇਖ ਕੇ ਜੀਤੇ ਤੋਂ ਤੁਰਨਾ ਵੀ ਮੁਸ਼ਕਿਲ ਹੋ ਗਿਆ ਕਿਉਂਕਿ ਅੱਜ ਉਸ ਰੱਬ ਨੇ ਉਹਦੇ ’ਤੇ  ਐਸਾ ਚੁੱਪ ਕਰ ਕੇ ਵਾਰ ਕੀਤਾ ਕਿ ਜਿਸ ਦਾ ਉਹ ਚਾਹ ਕੇ ਵੀ ਵਿਰੋਧ ਨਹੀਂ ਕਰ ਸਕਦਾ ਸੀ। 

ਮੋਹ ਭਰਿਆ ਸੱਦਾ 
ਨਵੀਂ ਚਮਚਮਾਉਂਦੀ ਹੋਈ ਕਾਰ, ਸਹੁਰਿਆਂ ਦੇ ਪਿੰਡ ਨੂੰ ਜਾਣ ਵਾਲੀ ਸੜਕ ਦਾ ਮੋੜ ਮੁੜ ਗਈ, ਅੱਜ ਕਾਫੀ ਅਰਸੇ ਬਾਅਦ ਗੁਰਿੰਦਰ ਸਿੰਘ ਆਪਣੇ ਸਹੁਰੇ ਪਿੰਡ ਜਾ ਰਿਹਾ ਸੀ, ਤਕਰੀਬਨ ਕੋਈ ਪੰਜ-ਛੇ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸੀ ਸਹੁਰੇ ਘਰੇ ਗਿਆਂ ਨੂੰ, ਉਹ ਵੀ ਉਦੋਂ, ਜਦੋਂ ਆਪਣੇ ਇਕੋ-ਇਕ ਸਾਲੇ ਦੇ ਘਰੇ ਵੱਡੇ ਆਪਰੇਸ਼ਨ ਨਾਲ ਮੁੰਡਾ ਹੋਇਆ ਸੀ, ਉਸ ਤੋਂ ਬਾਅਦ ਕਦੇ ਗੁਰਿੰਦਰ ਸਿੰਘ ਦਾ ਗੇੜਾ ਈ ਨਾ ਲੱਗਾ ਕਿਉਂਕਿ ਉਦੋਂ ਛੇਤੀ ਹੀ ਗੁਰਿੰਦਰ ਵਿਦੇਸ਼ ਚਲਾ ਗਿਆ ਸੀ, ਅੱਜ ਤਾਂ ਕਾਫੀ ਲਹਿਰਾਂ-ਬਹਿਰਾਂ ਸੀ, ਪੰਜ ਸਾਲ ਕਦੋਂ ਵਿਦੇਸ਼ ’ਚ ਬੀਤੇ ਪਤਾ ਈ ਨਾ ਲੱਗਾ, ਹੁਣ ਆਉਂਦਿਆਂ ਹੀ ਗੁਰਿੰਦਰ ਸਿੰਘ ਨੇ ਆਪਣੇ ਬੇਟੇ ਦਾ ਵਿਆਹ ਵੀ ਰੱਖ ਲਿਆ- ਸੀ ਬੜੇ ਮਹਿੰਗੇ ਤੇ ਸੋਹਣੇ ਕਾਰਡ ਛਪਵਾਏ, ਹਰ ਕਾਰਡ ਦੇ ਸਭ ਤੋਂ ਉਪਰ (ਮੋਹ ਭਰਿਆ ਸੱਦਾ) ਬੜੀ ਰੀਝ ਨਾਲ ਲਿਖਵਾਇਆ, ਹਰ ਕਾਰਡ ਦੇ ਨਾਲ ਮਹਿੰਗੀ ਮਠਿਆਈ ਦਾ ਡੱਬਾ ਦੇਣ ਦਾ ਵੀ ਪੂਰਾ-ਪੂਰਾ ਪ੍ਰਬੰਧ ਕੀਤਾ ਹੋਇਆ ਸੀ, ਪਹਿਲਾ ਕਾਰਡ ਅਤੇ ਪਹਿਲਾ ਡੱਬਾ ਮੁੰਡੇ ਦੇ ਮਾਮੇ ਨੂੰ ਦੇਣਾ ਸੀ, ਇਸ ਲਈ ਅੱਜ ਖੁਦ ਗੁਰਿੰਦਰ ਸਿੰਘ ਆਪਣੇ ਸਹੁਰੇ ਪਿੰਡ ਜਾ ਰਿਹਾ ਸੀ, ਕਾਫੀ ਦੇਰ ਸਫ਼ਰ ਕਰਨ ਤੋਂ ਬਾਅਦ ਗੁਰਿੰਦਰ ਸਿੰਘ ਨੇ ਆਪਣੇ ਸਹੁਰਿਆਂ ਦੇ ਘਰ ਦੇ ਬੂਹੇ ਅੱਗੇ ਬਰੇਕ ਮਾਰੀ ਅਤੇ ’ਚੋਂ ਉੱਤਰ ਕੇ ਦੋਵੇਂ ਜੀਅ ਲੱਕੜ ਦਾ ਟੁੱਟਾ ਹੋਇਆ ਬੂਹਾ ਅੰਦਰ ਲੰਘ ਗਏ, ਆਵਾਜ਼ ਮਾਰੀ ਤਾਂ ਅੰਦਰੋਂ ਫ਼ਿਕਰਾਂ ਨਾਲ ਕਮਜ਼ੋਰ ਹੋਇਆ ਹਰਨੇਕ ਸਿੰਘ ਬਾਹਰ ਆਇਆ, ਉਸ ਨੇ ਜਦੋਂ ਆਪਣੀ ਭੈਣ ਅਤੇ ਪ੍ਰਾਹੁਣੇ ਨੂੰ ਸਾਹਮਣੇ ਖੜ੍ਹੇ ਵੇਖਿਆ ਤਾਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਉਸ ਦਾ ਸਾਰਾ ਸਰੀਰ ਪਾਣੀ-ਪਾਣੀ ਹੋ ਗਿਆ, ਉਸ ਨੂੰ ਇਕੋ ਇਹੋ ਹੀ ਡਰ ਸਤਾ ਰਿਹਾ ਸੀ ਕਿ ਪੰਜ-ਛੇ ਸਾਲ ਤੋਂ ਲਏ ਹੋਏ ਪੈਸੇ ਅਜੇ ਤੱਕ ਮੋੜੇ ਨਹੀਂ ਗਏ ਤੇ ਹੁਣ ਮੈਂ ਕੀ ਜਵਾਬ ਦੇਵਾਂਗਾ, ਹਰਨੇਕ ਸਿੰਘ ਨੂੰ ਤਰੇਲੀਆਂ ਆ ਰਹੀਆਂ ਸਨ।

ਗੁਰਿੰਦਰ ਸਿੰਘ ਅੱਗੇ ਵਧਿਆ ਅਤੇ ਹਰਨੇਕ ਸਿੰਘ ਨੂੰ ਆਪਣੀ ਗਲਵੱਕੜੀ ’ਚ ਲੈ ਕੇ ਬੜਾ ਘੁੱਟ ਕੇ ਮਿਲਿਆ ਤੇ ਆਪਣੇ ਹੱਸਮੁਖੀ ਅੰਦਾਜ਼ ’ਚ ਕਿਹਾ, ਕੀ ਗੱਲ ਹਰਨੇਕ ਸਿੰਹਾਂ ਬੜਾ ਲਿੱਸਾ ਹੋਇਆਂ ਲੱਗਦਾ। ਤੇਰੇ ਵੰਡੇ ਦੀ ਰੋਟੀ ਵੀ ਭਰਜਾਈ ਖਾ ਜਾਂਦੀ ਹੋਣੀ ਆਂ, ਨਹੀਂ, ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਨਕਲੀ ਜਿਹਾ ਹਾਸਾ ਹੱਸਦੇ ਹੋਏ ਹਰਨੇਕ ਨੇ ਜਵਾਬ ਦਿੱਤਾ ਅਤੇ ਭੈਣ ਨੂੰ ਮਿਲ ਕੇ ਬੈਠਣ ਲਈ ਟੁੱਟੇ ਜਿਹੇ ਵਾਣ ਦਾ ਮੰਜਾ ਡਾਹ ਦਿੱਤਾ, ਗੋਰੂ ਜਾਹ ਪੁੱਤ ਗੁਆਂਢੀਆਂ ਘਰੋਂ ਦੋ ਕੁਰਸੀਆਂ ਫੜ ਕੇ ਲਿਆ, ਉਨ੍ਹਾਂ ਨੂੰ ਆਖੀ ਮੇਰੀ ਭੂਆ ਤੇ ਫੁੱਫੜ ਆਏ ਆ ਹਰਨੇਕ ਸਿੰਘ ਨੇ ਆਪਣੇ ਪੁੱਤ ਨੂੰ ਕਿਹਾ, ਉ ਨਹੀਂ, ਨਹੀਂ ਕੁਰਸੀਆਂ ਦੀ ਕੋਈ ਲੋੜ ਨਹੀਂ, ਰਹਿਣ ਦੇ ਪੁੱਤ ਬਸ ਅਸੀਂ ਜਲਦੀ ਜਾਣਾ ਏਂ ਘਰੇ ਹੋਰ ਵੀ ਬੜੇ ਕੰਮ ਨੇ, ਗੁਰਿੰਦਰ ਸਿੰਘ ਨੇ ਚਾਰੇ ਪਾਸੇ ਨਜ਼ਰ ਘੁਮਾ ਕੇ ਵੇਖਦਿਆਂ ਕਿਹਾ, ਸੋਨੂੰ ਦੀ ਮਾਂ ਤੂੰ ਆਪਣੀ ਭਰਜਾਈ ਨੂੰ ਕਹਿ ਜ਼ਰਾ ਜਲਦੀ ਚਾਹ ਦਾ ਕੱਪ ਬਣਾਵੇ ਤੇ ਪੀ ਕੇ ਚੱਲੀਏ, ਗੁਰਿੰਦਰ ਸਿੰਘ ਦੀ ਪਤਨੀ ਅੰਦਰ ਆਪਣੀ ਭਰਜਾਈ ਕੋਲ ਚਲੀ ਗਈ, ਜੋ ਸ਼ਾਇਦ ਬੀਮਾਰ ਹੋਣ ਕਾਰਨ ਅੰਦਰ ਲੰਮੀ ਪਈ ਸੀ ਅਤੇ ਨਾਲ ਹੀ ਹਰਨੇਕ ਸਿੰਘ ਅੰਦਰ ਚਲਾ ਗਿਆ, ਗੁਰਿੰਦਰ ਸਿੰਘ ਨੇ ਛੇਤੀ ਨਾਲ ਜੇਬ ’ਚੋਂ ਆਪਣਾ ਪੈੱਨ ਕੱਢਿਆ ਅਤੇ ਕਾਫੀ ਦੇਰ ਕਾਗਜ਼ ’ਤੇ ਕੁਝ ਲਿਖਣ ਤੋਂ ਬਾਅਦ ਮੋੜਦੇ ਹੋਏ ਨੇ ਵਿਆਹ ਵਾਲੇ ਕਾਰਡ ’ਚ ਪਾ ਦਿੱਤਾ ਅਤੇ ਆਵਾਜ਼ ਮਾਰਦਾ ਹੋਇਆ ਬੋਲਿਆ, ਹਰਨੇਕ ਸਿੰਘ ਜੀ ਆਹ ਆਪਣਾ ਕਾਰਡ ਤੇ ਮਠਿਆਈ ਵਾਲਾ ਡੱਬਾ ਲੈ ਲਓ ਭਾਈ, ਅਸੀਂ ਪਹਿਲੀ ਸ਼ੁਰੂਆਤ ਮੁੰਡੇ ਦੇ ਮਾਮੇ ਤੋਂ ਕੀਤੀ ਆ, ਆਪਣੇ ਸੋਨੂੰ ਦਾ ਵਿਆਹ ਆ।

ਪੂਰਾ ਬਣ-ਠਣ ਕੇ ਆਉਣਾ ਏਂ ਆਖਿਰ ਪਤਾ ਲੱਗੇ ਕਿ ਹਰਨੇਕ ਸਿੰਘ ਜੀ ਫਿਰ ਵੀ ਮੁੰਡੇ ਦਾ ਮਾਮਾ ਜੀ ਨੇ, ਠੀਕ ਏ ਨਾ--ਹਾਂਅ---ਗੁਰਿੰਦਰ ਸਿੰਘ ਨੇ ਡੱਬਾ ਤੇ ਕਾਰਡ ਫੜਾਉਂਦੇ ਹੋਏ ਨੇ ਕਿਹਾ, ਵੇ ਨੇਕ੍ਹਿਆ ਜ਼ਰਾ ਕਾਰਡ ਪੜ੍ਹ ਕੇ ਤਾਂ ਸੁਣਾਅ, ਕੀ ਲਿਖਾਇਆ ਏ ਭਾਈਏ ਤੇਰੇ ਨੇ, ਗੁਰਿੰਦਰ ਦੀ ਪਤਨੀ ਨੇ ਕਿਹਾ। ਉ ਨਹੀਂ-ਨਹੀਂ ਸਾਡੇ ਜਾਣ ਤੋਂ ਬਾਅਦ ’ਚ ਕਾਰਡ ਪੜ੍ਹ ਲਿਓ ਹਰਨੇਕ ਸਿੰਘ ਜੀ, ਐਵੇਂ ਆਪਣੀਆਂ ਈਂ ਮਾਰੀ ਜਾਨੀ ਏਂ, ਤੇਰੇ ਪੁੱਤ ਨੇ ਤੈਨੂੰ ਪੜ੍ਹ ਕੇ ਸੁਣਾਇਆ, ਹਾਂ ਹੈਗਾ ਸੀ, ਗੁਰਿੰਦਰ ਨੇ ਇੰਨਾ ਆਖ ਕੇ ਆਪਣੀ ਘਰਵਾਲੀ ਨੂੰ ਚੁੱਪ ਕਰਾ ਦਿੱਤਾ।
ਹਰਨੇਕ ਸਿੰਘ ਜੀ ਅਸੀਂ ਜਲਦੀ ਜਾਣਾ ਏਂ ਤੁਸੀਂ ਚਾਹ ਲਿਆਓ ਘੁੱਟ, ਪੀ ਕੇ ਜਾਈਏ, ਗੁਰਿੰਦਰ ਸਿੰਘ ਨੇ ਵਿਚੋਂ ਹੀ ਟੋਕਦੇ ਹੋਏ ਨੇ ਕਿਹਾ । ਹਰਨੇਕ ਸਿੰਘ ਦੀ ਪਤਨੀ ਨੇ ਗਲਾਸਾਂ ’ਚ ਚਾਹ ਫੜਾਈ ਅਤੇ ਡੱਬੇ ’ਚੋਂ ਮਿਲਕ-ਕੇਕ ਦੇ ਛੇ-ਸੱਤ ਪੀਸ ਪਲੇਟ ’ਚ ਪਾ ਕੇ ਰੱਖ ਦਿੱਤੇ ।
ਚਾਹ ਪੀ ਕੇ ਗੁਰਿੰਦਰ ਸਿੰਘ ਇਕਦਮ ਉੱਠ ਬੈਠਾ ਅਤੇ ਆਖਣ ਲੱਗਾ ਚੰਗਾ ਬਈ ਅਸੀਂ ਹੁਣ ਚੱਲਦੇ ਆਂ, ਹਰਨੇਕ ਸਿੰਘ ਨੇ ਕੰਬਦੀ ਹੋਈ ਆਵਾਜ਼ ’ਚ ਕਿਹਾ, ਭਾਈਆ ਜੀ ਮੇਰੇ ਕੋਲ ਤਾਂ ਹਾਲੇ ਗੁੰਜਾਇਸ਼----- ਨਹੀਂ, ਨਹੀਂ ਹਰਨੇਕ ਸਿੰਘ, ਅਸੀਂ ਤੇਰੇ ਤੋਂ ਪੈਸੇ ਥੋੜਾ ਲੈਣ ਆਏਂ ਆਂ, ਅਸੀਂ ਤਾਂ ਤੁਹਾਨੂੰ ਮੋਹ ਭਰਿਆ ਸੱਦਾ ਦੇਣ ਆਏ ਆਂ, ਤੁਸੀਂ ਆਪਣੇ ਭਾਣਜੇ ਦੇ ਵਿਆਹ ’ਤੇ ਸਾਰਾ ਪਰਿਵਾਰ ਲੈ ਕੇ ਬਸ ਆ ਜਾਇਓ, ਬਸ ਅਸੀਂ ਇੰਨੇ ’ਚ ਈ ਖੁਸ਼ ਆਂ, ਇੰਨਾ ਕਹਿ ਕੇ ਗੁਰਿੰਦਰ ਸਿੰਘ ਅਤੇ ਉਹਦੀ ਪਤਨੀ ਅੰਦਰੋਂ ਬਾਹਰ ਆਏ ਅਤੇ ਕਾਰ ’ਚ ਬੈਠ ਗਏ, ਹਰਨੇਕ ਸਿੰਘ ਨੇ ਹੱਥ ਜੋੜ ਕੇ ਜਾਂਦਿਆਂ ਹੋਇਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ, ਗੁਰਿੰਦਰ ਸਿੰਘ ਨੇ ਬਾਰੀ ਦਾ ਸ਼ੀਸ਼ਾ ਹੇਠਾਂ ਕਰਕੇ ਹਰਨੇਕ ਸਿੰਘ ਨੂੰ ਗੱਲ ਸੁਣਨ ਲਈ ਇਸ਼ਾਰਾ ਕੀਤਾ ਅਤੇ ਕੰਨ ’ਚ ਕਿਹਾ, ਵਿਆਹ ਵਾਲਾ ਕਾਰਡ ਜ਼ਰਾ ਧਿਆਨ ਨਾਲ ਖੋਲ੍ਹੀਂ, ਤੇਰੇ ਲਈ ’ਚ ਕੁਝ ਹੈ--
ਹਰਨੇਕ ਸਿੰਘ ਸੋਚੀਂ ਪੈ ਗਿਆ, ਗੁਰਿੰਦਰ ਸਿੰਘ ਨੇ ਵਾਪਸ ਕਾਰ ਮੋੜੀ ਅਤੇ ਆਪਣੇ ਰਾਹੇ ਪੈ ਗਿਆ, ਹਰਨੇਕ ਸਿੰਘ ਕਾਹਲੀ ਨਾਲ ਅੰਦਰ ਗਿਆ ਅਤੇ ਜਿਉਂ ਹੀਂ ਕਾਰਡ ਖੋਲ੍ਹਿਆ ਤੇ ਵਿਚ ਵੇਖ ਕੇ ਹੈਰਾਨ ਹੋ ਗਿਆ, ਹੈਂਅ---ਆਹ ਕੀ,---- ਇਹ ਤਾਂ ਚੈੱਕ ਹੈ---- ਉੱਤੇ--- ਨਾਂ ਵੀ ਮੇਰਾ ਹਰਨੇਕ ਸਿੰਘ----ਐਨੇ ਪੈਸੇ ------- ਪੰਜ ਲੱਖ ਰੁਪਈਆ ਤੇ ਆਹ ਹੋਰ ਵਿਚ ਕੀ ਆ----ਹੈਂਅ---ਪਰਚੀ ’ਤੇ ਕੀ ਲਿਖਿਆ ਏ, ਉੱਤੇ ਲਿਖਿਆ ਸੀ, ਹਰਨੇਕ ਸਿੰਘ ਜੀ, ਮੈਂ ਤੁਹਾਡੇ ਘਰ ਦੀ ਹਾਲਤ ਚੰਗੀ ਤਰ੍ਹਾਂ ਸਮਝ ਗਿਆ ਹਾਂ, ਇਹ ਜੋ ਤੈਨੂੰ ਮੈਂ ਪੰਜ ਲੱਖ ਦਾ ਚੈੱਕ ਦੇ ਕੇ ਜਾ ਰਿਹਾ ਹਾਂ, ਇਸ ਨੂੰ ਕੋਈ ਅਹਿਸਾਨ ਨਾ ਸਮਝਣਾ, ਇਹ ਮੈਂ ਥੋੜ੍ਹੀ ਜਿਹੀ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਨਸਾਨੀਅਤ ਅਤੇ ਰਿਸ਼ਤੇਦਾਰ ਹੋਣ ਦੇ ਨਾਤੇ ਇਹ ਮੇਰਾ ਫਰਜ਼ ਸੀ, ਜੋ ਔਖੀ ਵੇਲੇ ਕਿਸੇ ਦੇ ਕੰਮ ਨਾ ਆਏ ਉਹ ਕਾਹਦਾ ਰਿਸ਼ਤੇਦਾਰ, ਇਹ ਤੁਸੀਂ ਭੁੱਲ ਜਾਓ ਕਿ ਇਹ ਪੈਸੇ ਮੈਂ ਤੁਹਾਡੇ ਤੋਂ ਕਦੇ ਵਾਪਸ ਲਵਾਂਗਾ, ਮੈਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ, ਮੈਂ ਵੀ ਤਾਂ ਇਸ ਘਰ ਦਾ ਜਵਾਈ ਭਾਈ ਆਂ।

ਕੁਝ ਮੇਰਾ ਵੀ ਫਰਜ਼ ਬਣਦਾ ਹੈ ਕਿ ਔਖੀ ਵੇਲੇ ਤੁਹਾਡੀ ਮਦਦ ਕਰਾਂ, ਬਸ ਇਕ ਬੇਨਤੀ ਜ਼ਰੂਰ ਹੈ ਕਿ ਮੇਰਾ ਮੋਹ ਭਰਿਆ ਸੱਦਾ ਕਬੂਲ ਕਰਦੇ ਹੋਏ ਦੋ-ਚਾਰ ਦਿਨ ਵਿਆਹ ਤੋਂ ਪਹਿਲਾਂ ਜ਼ਰੂਰ ਆ ਜਾਣਾ ਕਿਉਂਕਿ ਵਿਆਹ ਵਾਲਾ ਘਰ ਭੈਣਾਂ-ਭਰਾਵਾਂ ਨਾਲ ਹੀ ਸੋਹਣਾ ਲੱਗਦਾ ਹੈ, ਤੁਹਾਡੀ ਉਡੀਕ ’ਚ ਤੁਹਾਡੇ ਘਰ ਦਾ ਪ੍ਰਾਹੁਣਾ ਗੁਰਿੰਦਰ ਸਿੰਘ, ਵਾਹ ਭਾਈਆ-ਜੀ, ਮੈਂ ਤੁਹਾਡਾ ਇਹ ਅਹਿਸਾਸ ਕਿਵੇਂ ਚੁਕਾਵਾਂਗਾ, ਮੇਰੀ ਸਕੀ ਭੈਣ ਨੂੰ ਬਿਨਾਂ ਦੱਸਿਆਂ, ਬਿਨਾਂ ਪੁੱਛਿਆਂ ਐਨੇ ਪੈਸੇ ਮੇਰੀ ਮਦਦ ਵਾਸਤੇ ਦੇ ਦਿੱਤੇ ? ਇੰਨਾ ਕਹਿੰਦਿਆਂ ਹੀ ਹਰਨੇਕ ਸਿੰਘ ਦੀਆਂ ਅੱਖਾਂ ਭਰ ਆਈਆਂ ਅਤੇ ਗੁਰੂ ਨਾਨਕ ਦੇਵ ਜੀ ਦੀ ਲੱਗੀ ਹੋਈ ਤਸਵੀਰ ਅੱਗੇ ਉਸ ਦੀ ਲੰਮੀ ਉਮਰ ਦੀ ਅਰਦਾਸ ਕਰਦਾ ਹੋਇਆ ਬੈਂਕ ਜਾਣ ਦੀ ਤਿਆਰੀ ਕਰਨ ਲੱਗਾ (ਸਮਾਪਤ)
-ਵੀਰ ਸਿੰਘ ਵੀਰਾ
9855069972, 9780253156 


author

Manoj

Content Editor

Related News